ਪੰਜਾਬ
ਚੰਡੀਗਡ਼੍ਹ ਵਿੱਚ ਭਾਜਪਾ ਖਿਲਾਫ਼ ਰੋਸ ਪ੍ਰਦਰਸ਼ਨ ਕਰ ਰਹੇ ‘ਆਪ’ ਸਮਰਥਕਾਂ ਉਤੇ ਪੁਲਸੀਆ ਕਹਿਰ ਦੀ ਨਿਖੇਧੀ
– ਪਾਣੀ ਦੀਆਂ ਬੁਛਾਡ਼ਾਂ ਨਾਲ ਆਮ ਆਦਮੀ ਪਾਰਟੀ ਦਾ ਜੰਡਿਆਲਾ ਗੁਰੂ ਤੋਂ ਹਲਕਾ ਇੰਚਾਰਜ ਗੰਭੀਰ ਜਖ਼ਮੀ : ਪ੍ਰਿੰ. ਬੁੱਧ ਰਾਮ, ਸਿੱਧੂ, ਸੈਂਪਲਾ
ਚੰਡੀਗਡ਼੍ਹ, 8 ਅਕਤੂਬਰ ( ):
ਉੱਤਰ ਪ੍ਰਦੇਸ਼ ਦੇ ਲਖੀਮਪੁਰ ਖੀਰੀ ਖੇਤਰ ਵਿੱਚ ਕਤਲ ਹੋਏ ਕਿਸਾਨਾਂ ਦੇ ਸਬੰਧੀ ਦੋ ਦਿਨ ਪਹਿਲਾਂ ਚੰਡੀਗਡ਼੍ਹ ਦੇ ਸੈਕਟਰ 4 ਸਥਿਤ ਐਮ.ਐਲ.ਏ. ਹੋਸਟਲ ਵਿਖੇ ਰੋਸ ਪ੍ਰਦਰਸ਼ਨ ਕਰ ਰਹੇ ਆਮ ਆਦਮੀ ਪਾਰਟੀ ਦੇ ਆਗੂਆਂ ਅਤੇ ਵਰਕਰਾਂ ਉਤੇ ਚੰਡੀਗਡ਼੍ਹ ਪੁਲਿਸ ਵੱਲੋਂ ਪਾਣੀ ਦੀਆਂ ਬੁਛਾਡ਼ਾਂ ਮਾਰ ਕਰਕੇ ਕੀਤੇ ਗਏ ਕਹਿਰ ਦੀ ‘ਆਪ’ ਵਿਧਾਇਕ ਪ੍ਰਿੰਸੀਪਲ ਬੁੱਧ ਰਾਮ, ਮੁਲਾਜ਼ਮ ਵਿੰਗ ਦੇ ਸੂਬਾ ਮੀਤ ਪ੍ਰਧਾਨ ਗੁਰਮੇਲ ਸਿੰਘ ਸਿੱਧੂ ਅਤੇ ਸਵਰਨ ਸਿੰਘ ਸੈਂਪਲਾ ਨੇ ਸਖ਼ਤ ਸ਼ਬਦਾਂ ਵਿੱਚ ਨਿਖੇਧੀ ਕੀਤੀ ਹੈ।
ਅੱਜ ਇੱਥੇ ਜਾਰੀ ਇੱਕ ਪ੍ਰੈੱਸ ਬਿਆਨ ਰਾਹੀਂ ਉਕਤ ਆਗੂਆਂ ਨੇ ਕਿਹਾ ਕਿ ਭਾਰਤੀ ਸੰਵਿਧਾਨ ਵਿੱਚ ਮਿਲੇ ਹੱਕਾਂ ਮੁਤਾਬਕ 6 ਅਕਤੂਬਰ ਨੂੰ ਆਮ ਆਦਮੀ ਪਾਰਟੀ ਵੱਲੋਂ ਐਮ.ਐਲ.ਏ. ਹੋਸਟਲ ਤੋਂ ਗਵਰਨਰ ਹਾਊਸ ਵੱਲ ਰੋਸ ਮਾਰਚ ਕਰਨ ਦਾ ਪ੍ਰੋਗਰਾਮ ਸੀ। ਜਿਉਂ ਹੀ ਰੋਸ ਮਾਰਚ ਸ਼ੁਰੂ ਹੋਣ ਲੱਗਾ ਤਾਂ ਭਾਜਪਾ ਸ਼ਾਸਿਤ ਚੰਡੀਗਡ਼੍ਹ ਦੀ ਪੁਲਿਸ ਨੇ ਇਸ ਕਦਰ ਪਾਣੀ ਦੀਆਂ ਬੁਛਾਡ਼ਾਂ ਮਾਰਨੀਆਂ ਸ਼ੁਰੂ ਕਰ ਦਿੱਤੀਆਂ ਜਿਸ ਨਾਲ ਕਾਫ਼ੀ ਆਗੂ ਅਤੇ ਵਰਕਰ ਜਖ਼ਮੀ ਹੋ ਗਏ ਅਤੇ ਬਹੁਤਿਆਂ ਦੀਆਂ ਤਾਂ ਪੱਗਾਂ ਵੀ ਉਤਰ ਕੇ ਇੱਧਰ ਉਧਰ ਬਿਖਰ ਗਈਆਂ। ਪੱਗਾਂ ਲਹਿ ਗਈਆਂ, ਕੱਪਡ਼ੇ ਚਿੱਕਡ਼ ਨਾਲ ਲਥਪਥ ਹੋ ਗਏ, ਮੋਬਾਈਲ ਅਤੇ ਜ਼ਰੂਰੀ ਕਾਗਜ਼ਾਤ ਭਿੱਝ ਕੇ ਬੇਕਾਰ ਹੋ ਗਏ। ਕਿਸੇ ਵੀ ਪੁਲੀਸ ਅਧਿਕਾਰੀ ਜਾਂ ਸਿਵਲ ਅਧਿਕਾਰੀ ਨੇ ਰਹਿਮ ਦਿਲੀ ਨਾਲ ਸਥਿਤੀ ਨੂੰ ਨਹੀਂ ਸੰਭਾਲਿਆ। ਪੁਲੀਸ ਨੇ ਔਰਤ ਮੈਂਬਰਾਂ ਤੇ ਬਜ਼ੁਰਗਾਂ ਨੂੰ ਵੀ ਨਹੀਂ ਬਖਸ਼ਿਆ।
ਪੁਲਿਸ ਦੀਆਂ ਇਨ੍ਹਾਂ ਤਿੱਖੀਆਂ ਬੁਛਾਡ਼ਾਂ ਨਾਲ ਹਰਭਜਨ ਸਿੰਘ ਰਿਟਾਇਰਡ ਈ.ਟੀ.ਓ. ਹਲਕਾ ਇੰਚਾਰਜ ਜੰਡਿਆਲਾ ਗੁਰੂ ਬੁਰੀ ਤਰ੍ਹਾਂ ਜ਼ਖ਼ਮੀ ਹੋ ਗਏ ਜਿਨ੍ਹਾਂ ਦਾ ਬੁੱਲ੍ਹ ਫਟ ਗਿਆ ਅਤੇ ਅੱਖ ਵੀ ਬੁਰੀ ਤਰ੍ਹਾਂ ਨੁਕਸਾਨੀ ਗਈ ਜਿਹਡ਼ੇ ਕਿ ਇਸ ਸਮੇਂ ਜੇਰੇ ਇਲਾਜ ਹਨ।
ਉਕਤ ਆਗੂਆਂ ਨੇ ਹੈਰਾਨੀ ਪ੍ਰਗਟਾਈ ਕਿ ਇੰਨੇ ਕਹਿਰ ਦੇ ਬਾਵਜੂਦ ਹੁਣ ਚੰਡੀਗਡ਼੍ਹ ਪੁਲਿਸ ਨੇ ਆਮ ਆਦਮੀ ਪਾਰਟੀ ਦੇ ਆਗੂਆਂ ਅਤੇ ਵਰਕਰਾਂ ਉਤੇ ਪੁਲਿਸ ਕੇਸ ਵੀ ਦਰਜ ਕਰ ਦਿੱਤੇ ਜੋ ਕਿ ਭਾਜਪਾ ਸ਼ਾਸਿਤ ਚੰਡੀਗਡ਼੍ਹ ਪ੍ਰਦੇਸ਼ ਦੀ ਸਰਕਾਰ ਦਾ ਨਿਖੇਧੀਯੋਗ ਕਦਮ ਹੈ।
ਉਨ੍ਹਾਂ ਮੰਗ ਕੀਤੀ ਕਿ ਲਖੀਮਪੁਰ ਖੀਰੀ ਵਿੱਚ ਕਿਸਾਨਾਂ ਦੇ ਕਤਲ ਕਰਨ ਵਾਲੇ ਕੇਂਦਰੀ ਮੰਤਰੀ ਦੇ ਪੁੱਤਰ ਨੂੰ ਗ੍ਰਿਫ਼ਤਾਰ ਕੀਤਾ ਜਾਵੇ ਅਤੇ ਉਸ ਦੇ ਪਿਤਾ ਨੂੰ ਮੰਤਰੀ ਦੇ ਅਹੁਦੇ ਤੋਂ ਲਾਹਿਆ ਜਾਵੇ।
ਇਹ ਵੀ ਮੰਗ ਕੀਤੀ ਕਿ ਚੰਡੀਗਡ਼੍ਹ ਵਿੱਚ ਪ੍ਰਦਰਸ਼ਨਕਾਰੀ ਆਮ ਆਦਮੀ ਪਾਰਟੀ ਦੇ ਆਗੂਆਂ ਉਤੇ ਦਰਜ ਕੀਤੇ ਪੁਲਿਸ ਕੇਸ ਦਰਜ ਤੁਰੰਤ ਰੱਦ ਕੀਤੇ ਜਾਣ।