ਪੰਜਾਬ

ਕਾਂਗਰਸ ਰਾਜ ਕਾਲ ਦੌਰਾਨ  ਪੰਜਾਬ ਨੇ ਪਿਛਲੇ ਪੰਜ ਸਾਲਾਂ ਵਿਚ ਨਿਵੇਸ਼ ਗੁਆਇਆ :  ਸੁਖਬੀਰ ਬਾਦਲ

ਸੀ ਆਈ ਆਈ ਦੇ ਪ੍ਰੋਗਰਾਮ ਵਿਚ ਕਿਹਾ ਕਿ ਕਾਂਗਰਸ ਸਰਕਾਰ ਨੇ ਇਨਵੈਸਟ ਪੰਜਾਬ ਦੇ ਨਾਲ ਨਾਲ ਰਾਈਟ ਟੂ ਸਰਵਿਸ ਵਿਭਾਗ ਤੇ ਸੇਵਾ ਕੇਂਦਰ ਬੰਦ ਕੀਤੇ

 

ਕਿਹਾ ਕਿ ਪੰਜਾਬ ਨੂੰ ਹਾਂ ਪੱਖੀ ਏਜੰਡੇ ਤੇ ਲੋਕ ਪੱਖੀ ਤੇ ਇੰਡਸਟਰੀ ਪੱਖੀ ਨੀਤੀਆਂ ਵੱਲ ਵਾਪਸੀ ਦੀ ਜ਼ਰੂਰਤ

 

ਚੰਡੀਗੜ੍ਹ, 12 ਨਵੰਬਰ : ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ  ਸੁਖਬੀਰ ਸਿੰਘ ਬਾਦਲ ਨੇ ਅੱਜ ਕਿਹਾ ਕਿ ਪੰਜਾਬ ਨੇ ਪਿਛਲੇ ਤਕਰੀਬਨ ਪੰਜ ਸਾਲ ਵਿਚ ਕਾਂਗਰਸ ਰਾਜ ਕਾਲ ਦੌਰਾਨ ਨਿਵੇਸ਼ ਗੁਆ ਲਿਆ ਕਿਉਂਕਿ ਸਰਕਾਰ ਦੀਆਂ ਨੀਤੀਆਂ ਇੰਡਸਟਰੀ ਵਿਰੋਧੀ ਸਨ ਤੇ ਸਰਕਾਰ ਨੇ ਇਨਵੈਸਟ ਪੰਜਾਬ ਤੇ ਪ੍ਰਸ਼ਾਸਕੀ ਸੁਧਾਰ ਵਿਭਾਗ ਬੰਦ ਕਰ ਦਿੱਤੇ ਤੇ  ਕਾਂਗਰਸ ਪਾਰਟੀ ਵੱਲੋਂ ਪੰਜਾਬੀਆਂ ਨੁੰ ਨਸ਼ੇੜੀ ਕਰਾਰ ਦੇਣ ਦੀ ਮੁਹਿੰਮ ਕਾਰਨ ਪੰਜਾਬ ਦਾ ਵੱਡਾ ਨੁਕਸਾਨ ਹੋਇਆ ਹੈ।

ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਇਥੇ ਕਨਫੈਡਰੇਸ਼ਨ ਆਫ ਇੰਡੀਅਨ ਇੰਡਸਟਰੀ (ਸੀ ਆਈ ਆਈ)  ਦੇ ਚੋਣਵੇਂ ਉਦਯੋਗਤਪੀਆਂ ਦੇ ਇਕੱਠ ਨੁੰ ਸੰਬੋਧਨ ਕਰ ਰਹੇ ਸਨ। ਇਸ ਪ੍ਰੋਗਰਾਮ ਦੌਰਾਨ ਸੀ ਆਈ ਆਈ ਦੀ ਪੰਜਾਬ ਇਕਾਈ ਨੇ ਮੈਨੀਫੈਸਟੋ ‘ਮੇਕਿੰਗ ਪੰਜਾਬ ਫਿਊਚਰ ਰੇਡੀ’ ਵੀ ਪੇਸ਼ ਕੀਤਾ। ਸੀ ਆਈ ਆਈ ਪੰਜਾਬ ਇਕਾਈ ਦੇ ਪ੍ਰਧਾਨ ਭਵਦੀਪ ਸਰਦਾਨਾ ਨੇ ਸਰਕਾਰੀ ਦੇ ਕੰਮਕਾਜ ਵਿਚ ਪਾਰਦਰਸ਼ਤਾ, ਡਿਜ਼ੀਟਾਈਜੇਸ਼ਨ, ਇੰਡਸਟਰੀ ਤੇ ਸਰਕਾਰ ਦਾ ਟਕਰਾਅ ਘਟਾਉਣ ਤੇ ਸਰਕਾਰ ਦੀਆਂ ਨੀਤੀਆਂ ਵਿਚ ਸਥਿਰਤਾ ਯਕੀਨੀ ਬਣਾਉਣ ਦੇ ਮੁੱਦੇ ਆਪਣੇ ਕੂੰਜੀਵਤ ਭਾਸ਼ਣ ਵਿਚ ਚੁੱਕੇ।

ਇਸ ਮੌਕੇ ਸੰਬੋਧਨ ਕਰਦਿਆਂ  ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਉਹਨਾਂ ਨੇ ਪਿਛਲੀ ਸਰਕਾਰ ਵੇਲੇ ਹੀ ਸੀ ਆਈ ਆਈ ਦੀ ਪੰਜਾਬ ਇਕਾਈ ਵੱਲੋਂ ਤਿਆਰ ਕੀਤਾ ਏਜੰਡਾ ਸ਼ੁਰੂ ਕਰ ਦਿੱਤਾ ਸੀ ਪਰ ਕਾਂਗਰਸ ਸਰਕਾਰ ਨੇ ਇਸਦੇ ਰਾਹ ਵਿਚ ਅੜਿਕੇ ਡਾਹ ਦਿੱਤੇ ਜਿਸ ਕਾਰਨ ਉਦਯੋਗਿਕ ਨਿਵੇਸ਼ ਦਾ ਮਾਹੌਲ ਪੂਰੀ ਤਰ੍ਹਾਂ ਗੰਧਲਾ ਗਿਆ। ਉਹਨਾਂ ਕਿਹਾ ਕਿ ਤੁਸੀਂ ਨਿਵੇਸ਼ਕਾਂ ਤੋਂ ਸੂਬੇ ਵਿਚ ਉਦੋਂ ਨਿਵੇਸ਼ ਦੀ ਆਸ ਕਿਵੇਂ ਰੱਖ ਸਕਦੇ ਹੋ ਜਦੋਂ ਸੱਤਾਧਾਰੀ ਪਾਰਟੀ ਆਪਣੇ ਹੀ ਲੋਕਾਂ ਦੀ ਬਦਨਾਮੀ ਕਰੇ ਤੇ ਦਾਅਵਾ ਕਰ ਰਹੇ ਕਿ ਇਹਨਾਂ ਵਿਚੋਂ 70 ਫੀਸਦੀ ਨਸ਼ੇੜੀ ਹਨ ? ਉਹਨਾਂ ਕਿਹਾ ਕਿ ਇੰਡਸਟਰੀ ਦੇ ਵਿਸ਼ਵਾਸ ਨੂੰ ਵੀ ਕਾਂਗਰਸ ਸਰਕਾਰ ਅਤੇ ਇਸਦੇ ਮੰਤਰੀਆਂ ਵੱਲੋਂ ਵਾਰ ਵਾਰ ‘ਖ਼ਜ਼ਾਨਾ ਖਾਲੀ’ ਵਰਗੇ ਦਾਅਵੇ ਕਰਨ ਨਾਲ ਖੋਰ੍ਹਾ ਲੱਗਾ ਹੈ।

ਬਾਦਲ ਨੇ ਜ਼ੋਰ ਦੇ ਕੇ ਕਿਹਾ ਕਿ ਪੰਜਾਬ ਨੁੰ ਹਾਂ ਪੱਖੀ ਏਜੰਡੇ ਤੇ ਹਾਂ ਪੱਖੀ ਮੁੱਖ ਮੰਤਰੀ ਦੀ ਜ਼ਰੂਰਤ ਹੈ ਜੋ  ਫੈਸਲਾਕੁੰਨ ਕਾਰਵਾਈ ਵਿਚ ਵਿਸ਼ਵਾਸ ਰੱਖਦਾ ਹੋਵੇ। ਉਹਨਾਂ ਕਿਹਾ ਕਿ ਪਿਛਲੇ ਤਕਰੀਬਨ ਪੰਜ ਸਾਲਾਂ ਵਿਚ ਕਾਂਗਰਸ ਸਰਕਾਰ ਨੇ ਸੂਬੇ ਵਿਚ ਆਈ ਟੀ ਸੀ ਤੇ ਕਾਰਗਿੱਲ ਵਰਗੇ ਵੱਡੇ ਨਿਵੇਸ਼ਕਾਂ ਨੂੰ ਪੰਜਾਬ ਵਿਚ ਨਿਵੇਸ਼ ਕਰਨ ਲਈ ਆਕਰਸ਼ਤ ਕਰਨ ਵਾਲੇ ਕੀਤੀਆਂ ਗਈਆਂ ਤਕਰੀਬਨ ਸਾਰੀਆਂ ਪਹਿਲਕਦਮੀਆਂ ਵਾਪਸ ਲੈ ਲਈਆਂ। ਉਹਨਾਂ ਕਿਹਾ ਕਿ ਇਨਵੈਸਟ ਪੰਜਾਬ ਵਿਭਾਗ ਨੂੰ ਇਸ ਕਦਰ ਖੋਰ੍ਹਾਂ ਲਾਇਆ ਗਿਆ ਕਿ ਹੁਣ ਇਹ ਸਿਰਫ ਕਾਗਜ਼ਾਂ ਤੱਕ ਸੀਮਤ ਰਹਿ ਗਿਆ ਹੈ। ਉਹਨਾਂ ਕਿਹਾ ਕਿ ਹੁਣ ਇਸਨੂੰ ਉਦਯੋਗਪਤੀ ਡਿਸਇਨਵੈਸਟ ਪੰਜਾਬ ਕਹਿ ਕੇ ਬੁਲਾਉਂਦੇ ਹਨ। ਉਹਨਾਂ ਕਿਹਾ ਕਿ ਸਰਕਾਰ ਨੇ ਰਾਈਟ ਟੁ ਸਰਵਿਸ ਵਿਭਾਗ ਤੇ ਸੁਵਿਧਾ ਕੇਂਦਰ ਵੀ ਸਿਰਫ ਇਸ ਕਰ ਕੇ ਬੰਦ ਕਰ ਦਿੱਤੇ ਕਿਉਂਕਿ ਇਹ ਪਿਛਲ ਅਕਾਲੀ ਦਲ ਦੀ ਅਗਵਾਈ ਵਾਲੀ ਸਰਕਾਰ ਦੀ ਪਹਿਲਕਦਮੀ ਸਨ। ਉਹਨਾਂ ਕਿਹਾ ਕਿ ਜੇਕਰ ਲੋਕ ਪੱਖੀ ਤੇ ਇੰਡਸਟਰੀ ਪੱਖੀ ਕਦਮ ਵਾਪਸ ਲੈ ਲਏ ਜਾਣ ਤਾਂ ਕੋਈ ਵੀ ਸੂਬਾ ਅੱਗੇ ਨਹੀਂ ਵੱਧ ਸਕਦਾ। ਉਹਨਾਂ ਕਿਹਾ ਕਿ ਸੂਬੇ ਵਿਚ ਅਕਾਲੀ ਦਲ ਤੇ ਬਸਪਾ ਗਠਜੋੜ ਸਰਕਾਰ ਬਣਨ ’ਤੇ ਅਸੀਂ ਇਨਵੈਸਟ ਪੰਜਾਬ ਵਿਭਾਗ ਨੁੰ ਸੁਰਜੀਤ ਕਰਨ ਦੇ ਨਾਲ ਨਾਲ ਉਹ ਸਾਰੇ ਫੈਸਲੇ ਲੈਣ ਲਈ ਦ੍ਰਿੜ੍ਹ ਹਾਂ ਜਿਹਨਾਂ ਨਾਲ ਸੂਬੇ ਵਿਚ ਨਿਵੇਸ਼ ਆਵੇ।

ਉਦਯੋਗਪਤੀਆਂ ਨਾਲ ਆਹਮੋ ਸਾਹਮਣੇ ਗੱਲਬਾਤ ਦੌਰਾਨ  ਬਾਦਲ ਨੇ ਭਰੋਸਾ ਦੁਆਇਆ ਕਿ ਅਗਲੀ ਸਰਕਾਰ ਦਾ ਮੁੰਖ ਧਿਆਨ ਤੇਜ਼ ਰਫਤਾਰ ਵਿਕਾਸ ਅਤੇ ਸਿੱਖਿਆ ਤੇ ਸਿਹਤ ’ਤੇ ਹੋਵੇਗਾ। ਉਹਨਾਂ ਕਿਹਾ ਕਿ ਅਸੀਂ ਬਲਾਕ ਪੱਧਰ ’ਤੇ ਮੈਗਾਵਾਟ ਇੰਟੀਗਰੇਟਡ ਸਕੂਲ ਤੇ ਸਾਰੇ ਜ਼ਿਲਿ੍ਹਆਂ ਵਿਚ 500 ਬੈਡਾਂ ਦੇ ਹਸਪਤਾਲ ਬਣਾਉਣ ਵਾਸਤੇ ਦ੍ਰਿੜ੍ਹ ਸੰਕਲਪ ਹਾਂ। ਉਹਨਾਂ ਕਿਹਾ ਕਿ ਸਰਕਾਰ ਮੈਗਾ ਡਵੈਲਪਮੈਂਟ ਸੈਂਟਰ ਵੀ ਸਥਾਪਿਤ ਕਰੇਗੀ ਜੋ ਇੰਡਸਟਰੀ ਲਈ ਉਹਨਾਂ ਦੀਆਂ ਜ਼ਰੂਰਤ ਮੁਤਾਬਕਾਂ ਕੰਮ ਕਰਨਗੇ।

ਸੀ ਆਈ ਆਈ ਪੰਜਾਬ ਦੇ ਸਾਬਕਾ ਚੇਅਰਮੈਨ ਅਸ਼ੀਸ਼ ਕੁਮਾਰ, ਬੀ ਐਮ ਖੰਨਾ ਤੇ ਅਮਿਤ ਥਾਪਰ ਤੋਂ ਇਲਾਵਾ ਹੋਰਨਾਂ ਨੇ ਵੀ ਚਿੰਤਾਵਾਂ ਪ੍ਰਗਟ ਕੀਤੀਆਂ ਤੇ ਅਕਾਲੀ ਦਲ ਦੇ ਪ੍ਰਧਾਨ ਨੂੰ ਸੂਬੇ ਦੇ ਉਦਯੋਗਾਂ ਨੂੰ ਮੁੜ ਲੀਹ ’ਤੇ ਲਿਆਉਣ ਲਈ ਵਿਸ਼ੇਸ਼ ਯੋਜਨਾਵਾਂ ਘੜਨ ਵਾਸਤੇ ਆਖਿਆ। ਉਹਨਾਂ ਨੇ  ਬਾਦਲ ਨੁੰ ਅਗਲੀ ਚੋਣ ਜੰਗ ਵਾਸਤੇ ਸ਼ੁਭ ਇੱਛਾਵਾਂ ਭੇਂਟ ਕੀਤੀ ਤੇ ਕਿਹਾ ਕਿ ਉਹ ਚਾਹੁੰਦੇ ਹਨ ਕਿ ਇਕ ਦੂਰਅੰਦੇਸ਼ੀ ਸੋਚ ਵਾਲਾ ਆਗੂ ਸੂਬਾ ਦਾ ਮੁੱਖ ਮੰਤਰੀ ਹੋਵੇ ਤੇ ਸਰਕਾਰ ਸਥਿਰ ਹੋਵੇ।

 

Related Articles

Leave a Reply

Your email address will not be published. Required fields are marked *

Back to top button
error: Content is protected with Update Punjab Dot Com!!