ਪੰਜਾਬ
ਸੰਘਰਸ਼ਸ਼ੀਲ ਇੰਜੀਨੀਅਰਾਂ ਵੱਲੋਂ ਮੁੱਖ ਮੰਤਰੀ ਨਾਲ ਮੀਟਿੰਗ , ਸਾਰੇ ਵਿਭਾਗਾਂ ਦੇ ਜਿਲ੍ਹਾ ਪੱਧਰ ਤੇ ਚੱਲ ਰਹੇ ਧਰਨਿਆਂ ਨੂੰ ਲਿਆ ਵਾਪਸ
ਚੰਡੀਗੜ੍ ,10 ਦਸੰਬਰ () : ਪਿਛਲੇ ਪੰਜ ਮਹੀਨਿਆਂ ਤੋਂ ਪੰਜਾਬ ਦੇ ਵੱਖ—ਵੱਖ ਸਰਕਾਰੀ ਤੇ ਅਰਧ ਸਰਕਾਰੀ ਅਦਾਰਿਆਂ ਦੇ ਜੂਨੀਅਰ ਇੰਜੀਨੀਅਰਾਂ/ਸਹਾਇਕ ਇੰਜੀਨੀਅਰ ਅਤੇ ਪਦ ਉਨਤ ਉਪ ਮੰਡਲ ਇੰਜੀਨੀਅਰਾਂ ਵੱਲੋਂ ਆਪਣੇ ਰੁਤਬੇ ਦੀ ਬਹਾਲੀ ਤੇ ਪੈਟਰੋਲ ਭੱਤਾ ਰਿਲੀਜ ਕਰਵਾਉਣ ਲਈ ਕੀਤੇ ਜਾ ਰਹੇ ਸੰਘਰਸ਼ ਨੂੰ ਉਸ ਵੇਲੇ ਪ੍ਰਾਪਤੀ ਦੀ ਆਸ ਬੱਝੀ ਜਦੋਂ ਪੰਜਾਬ ਭਵਨ ਚੰਡੀਗੜ੍ਹ ਵਿਖੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਵੱਲੋਂ ਲੀਡਰਸ਼ਿਪ ਨਾਲ ਗੱਲਬਾਤ ਕੀਤੀ ਗਈ। ਇਸ ਸਬੰਧੀ ਪ੍ਰੈਸ ਨੂੰ ਬਿਆਨ ਜਾਰੀ ਕਰਦਿਆਂ ਕੌਂਸਲ ਆਫ ਡਿਪਲੋਮਾ ਇੰਜੀਨੀਅਰ ਐਸੋਸੀਏਸ਼ਨ ਦੇ ਚੇਅਰਮੈਨ ਸੁਖਵਿੰਦਰ ਸਿੰਘ ਲਵਲੀ ਨੇ ਦੱਸਿਆ ਕਿ ਬੜੇ ਹੀ ਸੁਖਾਵੇਂ ਮਾਹੌਲ ਵਿੱਚ ਹੋਈ ਗੱਲਬਾਤ ਦੌਰਾਨ ਮੁੱਖ ਮੰਤਰੀ ਨੇ ਕੌ਼ਸਲ ਨੂੰ ਭਰੋਸਾ ਦਿੱਤਾ ਕਿ ਪੰਜਾਬ ਦੇ ਇੰਜੀਨੀਅਰਾਂ ਦੇ ਮਸਲੇ ਹੱਲ ਕਰਨ ਪ੍ਰਤੀ ਪੰਜਾਬ ਸਰਕਾਰ ਪੂਰੀ ਤਰ੍ਹਾਂ ਸਹਿਰਦ ਹੈ। ਇਸ ਮੌਕੇ ਟਰਾਂਸਪੋਰਟ ਮੰਤਰੀ ਅਮਰਿੰਦਰ ਸਿੰਘ ਰਾਜਾ ਵੜਿੰਗ ਅਤੇ ਸਿੰਚਾਈ ਮੰਤਰੀ ਸੁਖਬਿੰਦਰ ਸਿੰਘ ਸੁੱਖ ਸਰਕਾਰੀਆ ਦੀ ਅਹਿਮ ਭੂਮਿਕਾ ਰਹੀ। ਉਨ੍ਹਾਂ ਦੀ ਅਪੀਲ ਤੇ ਮੁਕਤਸਰ ਸਰਹਿੰਦ ਨਹਿਰ ਦੀ ਉਸਾਰੀ ਦੇ ਕੀਤੇ ਕੰਮ ਅਤੇ ਸਾਰੇ ਵਿਭਾਗਾਂ ਦੇ ਜਿਲ੍ਹਾ ਪੱਧਰ ਤੇ ਚੱਲ ਰਹੇ ਧਰਨਿਆਂ ਨੂੰ ਕੌਂਸਲ ਨੇ ਵਾਪਸ ਲੈ ਲਿਆ ਪਰੰਤੂ ਮੋਹਾਲੀ ਵਿਖੇ ਚੱਲ ਰਿਹਾ ਪੱਕਾ ਮੋਰਚਾ ਦੇ ਨੋਟੀਫਿਕੇਸ਼ਨ ਆਉਣ ਤੱਕ ਨਿਰੰਤਰ ਜਾਰੀ ਰਹੇਗਾ।
ਕੌਂਸਲ ਦੇ ਸੁਬਾਈ ਜਨਰਲ ਸਕੱਤਰ ਦਵਿੰਦਰ ਸਿੰਘ ਸੇਖੋਂ ਅਤੇ ਵਿੱਤ ਸਕੱਤਰ ਨਰਿੰਦਰ ਕੁਮਾਰ ਨੇ ਦੱਸਿਆ ਕਿ ਮੀਟਿੰਗ ਦੌਰਾਨ ਮਾਨਯੋਗ ਮੁੱਖ ਮੰਤਰੀ ਦੇ ਧਿਆਨ ਵਿੱਚ ਲਿਆਂਦਾ ਗਿਆ ਕਿ ਛੇਵੇਂ ਤਨਖਾਹ ਕਮਿਸ਼ਨ ਦੀ ਰਿਪੋਰਟ ਤੋਂ ਬਾਅਦ ਜੂਨੀਅਰ ਇੰਜੀਨੀਅਰ ਦਾ ਰੁਤਬਾ ਮੁੜ 3800 ਦੇ ਗਰੇਡ ਪੇ ਵਿੱਚ ਕਰ ਦਿੱਤਾ ਗਿਆ ਹੈ ਜਦੋਂ ਕਿ 2011 ਤੋਂ ਬਾਅਦ ਸਾਡੀਆਂ ਨਿਯੁਕਤੀਆਂ 4800 ਗਰੇਡ ਪੇ ਵਿੱਚ ਹੋਈਆਂ ਹਨ। ਇਸ ਤੋਂ ਇਲਾਵਾ ਪੈਟਰੋਲ ਭੱਤਾ ਬਹਾਲ ਕਰਕੇ ਦੁੱਗਣਾ ਕਰਨ ਤੇ ਉਪ ਮੰਡਲ ਇੰਜੀਨੀਅਰ ਨੂੰ ਵੀ ਦੇਣ ਅਤੇ ਹੋਰ ਮੰਗਾਂ ਹੱਲ ਕਰਨ ਦਾ ਪੂਰਨ ਵਿਸ਼ਵਾਸ਼ ਦਿਵਾਇਆ ਗਿਆ। ਮੀਟਿੰਗ ਤੋਂ ਬਾਅਦ ਪੱਕੇ ਮੋਰਚੇ ਵਿੱਚ ਬੈਠੇ ਭੁੱਖ ਹੜਤਾਲੀ ਇੰਜੀਨੀਅਰਾਂ ਨੂੰ ਸੰਬੋਧਨ ਕਰਦਿਆਂ ਕੌਂਸਲ ਦੇ ਸੁਬਾਈ ਆਗੂਆਂ ਵਿਵੇਕ ਵਸ਼ਿਸ਼ਟ, ਕਰਮਜੀਤ ਸਿੰਘ ਬੀਹਲਾ, ਕਮਰਜੀਤ ਸਿੰਘ ਮਾਨ, ਜਲੌਰ ਸਿੰਘ ਬਾਠ, ਭੁਪਿੰਦਰ ਸੋਮਲ ਅਤੇ ਅਸ਼ਵਨੀ ਕੁਮਾਰ ਅੰਮ੍ਰਿਤਸਰ ਨੇ ਕਿਹਾ ਕਿ ਪੰਜਾਬ ਦੇ ਇੰਜੀਨੀਅਰਾਂ ਨੂੰ ਹੁਣ ਇਨਸਾਫ ਦੀ ਉਮੀਦ ਬੱਝੀ ਹੈ।