ਪੰਜਾਬ
ਪੰਜਾਬ ਨੂੰ ਰਿਮੋਰਟ ਨਾਲ ਚੱਲਣ ਵਾਲੀਆਂ ਸ਼ੇਖੀਆਂ ਮਾਰਨ ਵਾਲੀਆਂ ਕਠਪੁਤਲੀਆਂ ਵਾਲੀ ਸਰਕਾਰ ਦੀ ਜ਼ਰੂਰਤ ਨਹੀਂ : ਪ੍ਰਕਾਸ਼ ਸਿੰਘ ਬਾਦਲ
ਅਕਾਲੀ ਦਲ ਵੱਲੋਂ ਰਾਜਾਂ ਲਈ ਸਿਆਸੀ ਤੇ ਆਰਥਿਕ ਖੁਦਮੁਖ਼ਤਿਆਰੀ ਨਾਲ ਅਸਲ ਸੰਘੀ ਢਾਂਚੇ ਦੀ ਸਥਾਪਨਾ ਦਾ ਸੱਦਾ
ਸੁਖਬੀਰ ਸਿੰਘ ਬਾਦਲ ਵੱਲੋਂ ਕਿਸਾਨਾਂ ਲਈ 50 ਹਜ਼ਾਰ ਰੁਪਏ ਪ੍ਰਤੀ ਏਕੜ ਫਸਲ ਬੀਮਾ ਸਕੀਮ ਸ਼ੁਰੂ ਕਰਨ ਅਤੇ ਸਰਕਾਰੀ ਮੁਲਾਜ਼ਮਾਂ ਲਈ 2004 ਤੋਂ ਪਹਿਲਾਂ ਵਾਲੀ ਪੈਨਸ਼ਨ ਸਕੀਮ ਬਹਾਲ ਕਰਨ ਦਾ ਐਲਾਨ
ਮੋਗਾ, 14 ਦਸੰਬਰ : ਸ਼੍ਰੋਮਣੀ ਅਕਾਲੀ ਦਲ ਨੇ ਅੱਜ ਦੇਸ਼ ਵਿਚ ਰਾਜਾਂ ਨੁੰ ਵਧੇਰੇ ਸਭਿਆਚਾਰਕ, ਸਿਆਸੀ ਤੇ ਆਰਥਿਕ ਖੁਦਮੁਖ਼ਤਿਆਰੀ ਦੇ ਕੇ ਅਸਲ ਸੰਘੀ ਢਾਂਚਾ ਸਥਾਪਿਤ ਕੀਤੇ ਜਾਣ ਦਾ ਸੱਦਾ ਦਿੱਤਾ। ਪਾਰਟੀ ਨੇ ਇਹ ਵੀ ਐਲਾਨ ਕੀਤਾ ਕਿ ਕਿਸਾਨਾਂ ਲਈ 50 ਹਜ਼ਾਰ ਰੁਪਏ ਦੀ ਫਸਲ ਬੀਮਾ ਸਕੀਮ ਸ਼ੁਰੂ ਕੀਤੀ ਜਾਵੇਗੀ ਤੇ ਸਰਕਾਰੀ ਮੁਲਾਜ਼ਮਾਂ ਲਈ 2004 ਤੋਂ ਪਹਿਲਾਂ ਵਾਲੀ ਪੈਨਸ਼ਨ ਸਕੀਮ ਬਹਾਲ ਕੀਤੀ ਜਾਵੇਗੀ।
ਅੱਜ ਮੋਗਾ ਵਿਚ ਹੋਈ ਰੈਲੀ ਵਿਚ ਆਪਣੇ ਜੀਵਨ ਦੇ ਸਭ ਤੋਂ ਵੱਡੇ ਇਤਿਹਾਸਕ ਇਕੱਠ ਨੂੰ ਸੰਬੋਧਨ ਕਰਦਿਆਂ ਘਾਗ ਸਿਆਸਤਦਾਨ ਤੇ ਪੰਜ ਵਾਰ ਦੇ ਮੁੱਖ ਮੰਤਰੀ ਰਹੇ ਪ੍ਰਕਾਸ਼ ਸਿੰਘ ਬਾਦਲ ਨੇ ਅੱਜ ਇਥੇ ਕਿਹਾ ਕਿ ਅਕਾਲੀ ਦਲ ਤੇ ਬਸਪਾ ਗਠਜੋੜ 1996 ਵਾਲਾ ਇਤਿਹਾਸ ਦੁਹਰਾਏਗਾ ਜਦੋਂ ਉਸ ਵੇਲੇ ਗਠਜੋੜ ਨੇ ਸਾਂਝੇ ਯਤਨਾਂ ਨਾਲ ਸੂਬੇ ਵਿਚ ਹੂੰਝਾ ਫੇਰ ਜਿੱਤ ਦਰਜ ਕੀਤੀ ਸੀ।
ਇਥੇ ਅਕਾਲੀ ਦਲ ਦੀ ਸਥਾਪਨਾ ਦੇ 100 ਸਾਲ ਪੂਰੇ ਹੋਣ ’ਤੇ ਰੱਖੀ ਰੈਲੀ ਵਿਚ ਜੁੜੇ ਮਨੁੱਖਤਾ ਦੇ ਸਮੁੰਦਰ ਵਿਚ ਪਾਰਟੀ ਨੇ ਪੰਜਾਬੀਆਂ ਨੂੰ ਪਾਰਦਰਸ਼ੀ, ਜਵਾਬਦੇਹ ਤੇ ਸਭ ਨੂੰ ਨਾਲ ਲੈ ਕੇ ਸਮਾਵੇਸ਼ੀ ਸਰਕਾਰ ਦੇਣ ਦਾ ਵਾਅਦਾ ਕੀਤਾ। ਸਰਦਾਰ ਬਾਦਲ ਨੇ ਕਿਹਾ ਕਿ ਪੰਜਾਬੀਆਂ ਦੇ ਸਾਹਮਣੇ ਚੋਣ ਸਪਸ਼ਟ ਤੇ ਸੌਖੀ ਹੈ। ਇਕ ਪਾਸੇ ਪੰਜਾਬੀਆਂ ਦੀ, ਪੰਜਬੀਆਂ ਲਈ ਤੇ ਪੰਜਾਬੀਆਂ ਵੱਲੋਂ ਸਰਕਾਰ ਹੋਵੇਗੀ ਤੇ ਦੂਜੇ ਪਾਸੇ ਸ਼ੇਖੀਆਂ ਮਾਰਨ ਵਾਲੀਆਂ ਕਠਪੁਤਲੀਆਂ ਹੋਣਗੀਆਂ ਜੋ ਰਿਮੋਰਟ ਕੰਟਰੋਲ ਨਾਲ ਚਲਾਈਆਂ ਜਾਂਦੀਆਂ ਹਨ।
ਬਾਦਲ ਨੇ ਕਿਹਾ ਕਿ ਇਹ ਵੇਖ ਕੇ ਬਹੁਤ ਹੀ ਦੁੱਖ ਹੁੰਦਾ ਹੈ ਕਿ ਕਾਂਗਰਸ ਸਮਾਜ ਦੇ ਗਰੀਬ ਤੇ ਐਸ ਸੀ ਵਰਗਾਂ ਨੂੰ ਪਹਿਲਾਂ ਇਹ ਦੱਸ ਕੇ ਜ਼ਲੀਲ ਕਰਦੀ ਰਹੀ ਕਿ ਮੁੱਖ ਮੰਤਰੀ ਦੇ ਅਹੁਦੇ ਲਈ ਚਰਨਜੀਤ ਸਿੰਘ ਚੰਨੀ ਉਹਨਾਂ ਦੀ ਪਹਿਲੀ ਪਸੰਦ ਨਹੀਂ। ਹੁਣ ਉਹ ਉਹਨਾਂ ਦੀ ਕਾਰਗੁਜ਼ਾਰੀ ਲਈ ਪਿੱਠ ਨਾ ਥਾਪੜ ਕੇ ਤੇ ਉਹਨਾਂ ਨੂੰ ਮੁੱਖ ਮੰਤਰੀ ਦੇ ਅਹੁਦੇ ਲਈ ਚੇਹਰਾ ਨਾਲ ਐਲਾਲ ਕੇ ਜ਼ਲੀਲ ਕਰ ਰਹੀ ਹੈ।
ਉਹਨਾਂ ਕਿਹਾ ਕਿ ਪਹਿਲਾਂ ਉਹਨਾਂ ਨੇ ਇਕ ਹੰਢੇ ਹੋਏ ਕਾਂਗਰਸੀ ਆਗੂ ਸੁਨੀਲ ਜਾਖੜ ਦੇ ਭਾਈਚਾਰੇ ਨੁੰ ਇਹ ਕਹਿ ਕੇ ਜ਼ਲੀਲ ਕੀਤਾ ਕਿ ਜਾਖੜ ਅਗਲੇ ਮੁੱਖ ਮੰਤਰੀ ਹੋਣਗੇ ਪਰ ਬਾਅਦ ਵਿਚ ਮੀਡੀਆ ਨੁੰ ਇਹ ਰਿਪੋਰਟਾਂ ਲੀਕ ਕਰ ਦਿੱਤੀਆਂ ਗਈਆਂ ਕਿ ਉਹਨਾਂ ਦੇ ਭਾਈਚਾਰੇ ਵਿਚੋਂ ਕਾਂਗਰਸ ਕਿਸੇ ਨੁੰ ਪੰਜਾਬ ਦਾ ਮੁੱਖ ਮੰਤਰੀ ਨਹੀਂ ਬਣਾ ਸਕਦੀ। ਉਹਨਾਂ ਕਿਹਾ ਕਿ ਅਜਿਹੀਆਂ ਫਿਰਕੂ ਖੇਡਾਂ ਕਾਂਗਰਸ ਲਈ ਕੋਈ ਨਵੀਂਆਂ ਨਹੀਂ ਪਰ ਇਹ ਬਹੁਤ ਹੀ ਮੰਦਭਾਗੀਆਂ ਤੇ ਫਿਰਕੂ ਸਦਭਾਵਨਾ ਲਈ ਖਤਰਨਾਕ ਹਨ।
ਬਾਦਲ ਨੇ ਸਿੱਖ ਸੰਗਤ ਨੂੰ ਕੇਂਦਰ ਅਤੇ ਹੋਰ ਗੈਰ ਸਿੱਖ ਤਾਕਤਾਂ ਵੱਲੋਂ ਖਾਲਸਾ ਪੰਥ ਤੋਂ ਸੇਵਾ ਸੰਭਾਲ ਦਾ ਪਵਿੱਤਰ ਹੱਕ ਖੋਹਣ ਦੇ ਯਤਨਾਂ ਤੋਂ ਸੁਚੇਤ ਰਹਿਣ ਦਾ ਸੱਦਾ ਦਿੰਦਿਆਂ ਕਿਹਾ ਕਿ ਕਾਨੁੰਨੀ ਤੌਰ ’ਤੇ ਕੌਮ ਦੇ ਚੁਣੇ ਗਏ ਪ੍ਰਤੀਨਿਧਾਂ ਵੱਲੋਂ ਪਵਿੱਤਰ ਗੁਰਧਾਮਾਂ ਦੀ ਜੋ ਸੇਵਾ ਸੰਭਾਲ ਖਾਲਸਾ ਪੰਥ ਕਰਦਾ ਹੈ, ਉਸਨੁੰ ਖੋਹਣ ਦੇ ਯਤਨ ਹਮੇਸ਼ਾ ਕੀਤੇ ਜਾਂਦੇ ਰਹੇ ਹਨ ਤੇ ਕੀਤੇ ਜਾ ਰਹੇ ਹਨ। ਅਕਾਲੀ ਦਲ ਦੇ ਘਾਗ ਸਿਆਸਤਦਾਨ ਨੇ ਭਾਰਤ ਸਰਕਾਰ ਨੁੰ ਬੀਤੇ ਸਮੇਂ ਦੇ ਖਤਰਨਾਕ ਜ਼ੋਖ਼ਮ ਨੁੰ ਦੁਹਰਾਉਣ ਵਿਰੁੱਧ ਚੇਤਾਵਨੀ ਦਿੱਤੀ ਅਤੇ ਕਿਹਾ ਕਿ ਅਜਿਹਾ ਕੁਝ ਨਹੀਂ ਕੀਤਾ ਜਾਣਾ ਚਾਹੀਦਾ ਜਿਸ ਨਾਲ ਪੰਜਾਬ ਅਤੇ ਬਾਹਰ ਸ਼ਾਂਤੀ ਤੇ ਫਿਰਕੂ ਸਦਭਾਵਨਾ ਦਾ ਮਾਹੌਲ ਖਰਾਬ ਹੋਵੇ।
ਇਸ ਵਿਸ਼ਾਲ ਇਕੱਠ ਨੁੰ ਸੰਬੋਧਨ ਕਰਦਿਆਂ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸਰਦਾਰ ਸੁਖਬੀਰ ਸਿੰਘ ਬਾਦਲ ਨੇ ਐਲਾਨ ਕੀਤਾ ਕਿ ਕਿਸਾਨਾਂ ਨੂੰ 50 ਹਜ਼ਾਰ ਰੁਪਏ ਪ੍ਰਤੀ ਏਕੜ ਫਸਲੀ ਬੀਮਾ ਦੀ ਸਹੂਲਤ ਪ੍ਰਦਾਨ ਕੀਤੀ ਜਾਵੇਗੀ। ਬੋਲ ਸੋ ਨਿਹਾਲ ਦੇ ਜੈਕਾਰਿਆਂ ਦੇ ਵਿਚ ਉਹਨਾਂ ਇਹ ਵੀ ਐਲਾਨ ਕੀਤਾ ਕਿ ਅਗਲੀ ਅਕਾਲੀ ਦਲ ਤੇ ਬਸਪਾ ਸਰਕਾਰ ਸਰਕਾਰੀ ਮੁਲਾਜ਼ਮਾਂ ਲਈ 2004 ਤੋਂ ਪਹਿਲਾਂ ਵਾਲੀ ਪੈਨਸ਼ਨ ਸਕੀਮ ਬਹਾਲ ਕਰੇਗੀ। ਉਹਨਾਂ ਕਿਹਾ ਕਿ ਅਗਲੀ ਸਰਕਾਰ ਰੇਤ ਤੇ ਸ਼ਰਾਬ ਦੇ ਵਪਾਰ ’ਤੇ ਏਕਾਧਿਕਾਰ ਨੁੰ ਖ਼ਤਮ ਕਰੇਗੀ ਅਤੇ ਇਕ ਇਕ ਰੇਤ ਖੱਡ ਦਾ ਠੇਕਾ ਤੇ ਇਕ ਇਕ ਸ਼ਰਾਬ ਦਾ ਠੇਕਾ ਇਕ ਇਕ ਵਿਅਕਤੀ ਨੂੰ ਦਿੱਤਾ ਜਾਵੇਗਾ । ਉਹਨਾਂ ਇਹ ਵੀ ਐਲਾਨ ਕੀਤਾ ਕਿ ਸਾਰੇ ਧਾਰਮਿਕ ਸਥਾਨਾਂ ਦੇ ਬਿਜਲੀ ਬਿੱਲ ਮੁਆਫ ਕੀਤੇ ਜਾਣਗੇ।
ਸਰਦਾਰ ਬਾਦਲ ਨੇ ਇਹ ਵੀ ਐਲਾਨ ਕੀਤਾ ਕਿ ਅਕਾਲੀ ਦਲ ਤੇ ਬਸਪਾ ਗਠਜੋੜ ਸਰਕਾਰ ਕਿਸੇ ਨੁੰ ਵੀ ਸੂਬੇ ਵਿਚ ਸ਼ਾਂਤੀ ਤੇ ਫਿਰਕੂ ਸਦਭਾਵਨਾ ਭੰਗ ਕਰਨ ਦੀ ਇਜਾਜ਼ਤ ਨਹੀਂ ਦੇਵੇਗੀ। ਉਹਨਾਂ ਕਿਹਾ ਕਿ ਭਾਈਚਾਰਕ ਸਾਂਝ ’ਤੇ ਕੋਈ ਸਮਝੌਤਾ ਨਹੀਂ ਹੋ ਸਕਦਾ। ਉਹਨਾਂ ਕਿਹਾ ਕਿ ਮੈਂ ਪੰਜਾਬ ਨੁੰ ਵਿਕਾਸ ਦੀਆਂ ਨਵੀਂਆਂ ਬੁਲੰਦੀਆਂ ’ਤੇ ਲੈ ਕੇ ਜਾਣ ਵਾਸਤੇ ਦ੍ਰਿੜ੍ਹ ਸੰਕਲਪ ਹਾਂ।
ਸਰਦਾਰ ਬਾਦਲ ਨੇ ਇਹ ਵੀ ਦੱਸਿਆ ਕਿ ਅਕਾਲੀ ਦਲ ਸੰਘਵਾਦ ਦੀ ਆਵਾਜ਼ ਬੁਲੰਦ ਕਰਲ ਵਾਲੀ ਪਹਿਲੀ ਪਾਰਟੀ ਹੈ। ਉਹਨਾਂ ਕਿਹਾ ਕਿ ਹੁਣ ਸਾਰੀਆਂ ਖੇਤੀ ਪਾਰਟੀਆਂ ਵੀ ਸੰਘੀ ਹੱਕਾਂ ਨੂੰ ਮਜ਼ਬੂਤ ਕਰਨ ਦੀ ਗੱਲ ਕਰ ਰਹੀਆਂ ਹਨ। ਉਹਨਾਂ ਕਿਹਾ ਕਿ ਜੇਕਰ ਰਾਜਾਂ ਦੇ ਸੰਘੀ ਹੱਕ ਸੁਰੱਖਿਅਤ ਹੁੰਦੇ ਤਾਂ ਫਿਰ 3 ਖੇਤੀ ਕਾਨੂੰਨਾਂ ਵਰਗੇ ਕਾਲੇ ਕਾਨੂੰਨ ਬਿਨਾਂ ਰਾਜਾਂ ਦੀ ਮਰਜ਼ੀ ਬਗੈਰ ਲਾਗੂ ਹੀ ਨਾ ਹੁੰਦੇ। ਉਹਨਾਂ ਕਿਹਾ ਕਿ ਅਸੀੀ ਦੇਸ਼ ਵਿਚ ਸ਼ੰਘੀ ਸਰੂਪ ਮਜ਼ਬੂਤ ਕਰਨ ਪ੍ਰਤੀ ਵਚਨਬੱਧ ਹਾਂ।
ਇਸ ਮੌਕੇ ਪਾਰਟੀ ਦੇ ਆਗੂ ਪ੍ਰੋ ਪ੍ਰੇਮ ਸਿੰਘ ਚੰਦੂਮਾਜਰਾ ਨੇ ਕੌਮੀ ਪੱਧਰ ’ਤੇ ਸੰਘੀ ਢਾਂਚਾ ਮਜ਼ਬੂਤ ਕਰਨ ਵਾਸਤੇ ਸਾਂਝਾ ਮੋਰਚਾ ਬਣਾਉਣ ਲਈ ਮਤਾ ਪੇਸ਼ ਕੀਤਾ ਜਿਸਨੁੰ ਸੰਗਤਾਂ ਨੇ ਜੈਕਾਰਿਆਂ ਦੀ ਗੂੰਜ ਨਾਲ ਪਾਸ ਕੀਤਾ।
ਮੋਗਾ ਕਾਨਫਰੰਸ ਦੌਰਾਨ ਕਾਂਗਰਸ ਸਰਕਾਰ ਵੱਲੋਂ ਅਕਾਲੀ ਦਲ ਤੇ ਬਸਪਾ ਗਠਜੋੜ ਦੇ ਆਗੂਆਂ ਦੇ ਖਿਲਾਫ ਝੂਠੇ ਕੇਸ ਦਰਜ ਕਰਨ ਦੇ ਯਤਨਾਂ ਦੀ ਨਿਖੇਧੀ ਕਰਦਾ ਮਤਾ ਵੀ ਪਾਸ ਕੀਤਾ ਗਿਆ ਤੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ, ਗ੍ਰਹਿ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਤੇ ਪ੍ਰਦੇਸ਼ ਕਾਂਗਰਸ ਪ੍ਰਧਾਨ ਨਵਜੋਤ ਸਿੰਘ ਸਿੱਧੂ ਨੁੰ ਚੇਤਾਵਨੀ ਦਿੱਤੀ ਗਈ ਕਿ ਬਦਲਾਖੋਰੀ ਦੀ ਰਾਜਨੀਤੀ ਕਰਨ ਲਈ ਉਹ ਸਿੱਧੇ ਤੌਰ ’ਤੇ ਜ਼ਿੰਮੇਵਾਰ ਹੋਣਗੇ।
ਮਤਾ ਜੋ ਡਾ. ਦਲਜੀਤ ਸਿੰਘ ਚੀਮਾ ਨੇ ਪੜ੍ਹ ਕੇ ਸੁਣਵਾਇਆ ਵਿਚ ਮੁੱਖ ਮੰਤਰੀ ਤੇ ਗ੍ਰਹਿ ਮੰਤਰੀ ਤੋਂ ਤਬਾਦਲਿਆਂ ਲਈ ਰਿਸ਼ਵਤ ਲੈਣ ਦੇ ਦੋਸ਼ਾਂ ਲਈ ਅਸਤੀਫਾ ਵੀ ਮੰਗਿਆ ਗਿਆ। ਇਹ ਵੀ ਮੰਗ ਕੀਤੀ ਗਈ ਕਿ ਗ੍ਰਹਿ ਮੰਤਰੀ ਦੇ ਖਿਲਾਫ ਐਸ ਐਸ ਪੀਜ਼ ਦੀਆਂ ਬਦਲੀਆਂ ਕਰਨ ਲਈ ਰਿਸ਼ਵਤ ਲੈਣ ਦੇ ਉਹਨਾਂ ਦੇ ਹੀ ਕੈਬਨਿਟ ਦੇ ਸਾਥੀ ਵੱਲੋਂ ਲਗਾਏ ਦੋਸ਼ਾਂ ਦੀ ਨਿਆਂਇਕ ਜਾਂਚ ਕਰਵਾਈ ਜਾਵੇ।
ਬਹੁਜਨ ਸਮਾਜ ਪਾਰਟੀ ਦੇ ਸੀਨੀਅਰ ਮੀਤ ਪ੍ਰਧਾਨ ਸਤੀਸ਼ ਮਿਸ਼ਰਾ ਨੇ ਇਸ ਮੌਕੇ ਕਿਹਾ ਕਿ ਗਠਜੋੜ 100 ਤੋਂ ਵੱਧ ਸੀਟਾਂ ਜਿੱਤ ਕੇ ਆਉਂਦੀਆਂ ਚੋਣਾਂ ਵਿਚ ਹੂੰਝਾ ਫੇਰ ਜਿੱਤ ਦਰਜ ਕਰੇਗਾ। ਉਹਨਾਂ ਕਿਹਾ ਕਿ ਗਠਜੋੜ ਸਮਾਜ ਦੇ ਕਮਜ਼ੋਰ ਵਰਗਾਂ ਨੁੰ ਤਾਕਤਵਰ ਬਣਾਉਣ ਲਈ ਕੰਮ ਕਰੇਗਾ। ਬਸਪਾ ਦੇ ਪੰਜਾਬ ਦੇ ਇੰਚਾਰਜ ਰਣਧੀਰ ਬੈਨੀਵਾਲ ਅਤੇ ਸੁਬਾ ਪ੍ਰਧਾਨ ਜਸਬੀਰ ਸਿੰਘ ਗੜ੍ਹੀ ਨੇ ਵੀ ਇਸ ਮੌਕੇ ਸੰਬੋਧਨ ਕੀਤਾ।
ਇਸ ਮੌਕੇ ਪਾਰਟੀ ਦੇ ਸੀਨੀਅਰ ਆਗੂਆਂ ਬਲਵਿੰਦਰ ਸਿੰਘ ਭੂੰਦੜ, ਮਹੇਸ਼ਹਿੰਦਰ ਸਿੰਘ ਗਰੇਵਾਲ, ਗੁਲਜ਼ਾਰ ਸਿੰਘ ਰਣੀਕੇ, ਹੀਰਾ ਸਿੰਘ ਗਾਬੜ੍ਹੀਆ ਅਤੇ ਜਗਮੀਤ ਬਰਾੜ ਤੇ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਨੇ ਵੀ ਸੰਬੋਧਨ ਕੀਤਾ। ਇਸ ਮੌਕੇ ਸਾਬਕਾ ਕੇਂਦਰੀ ਮੰਤਰੀ ਸਰਦਾਰਨੀ ਹਰਸਿਮਰਤ ਕੌਰ ਬਾਦਲ ਤੇ ਐਮ ਪੀ ਨਰੇਸ਼ ਗੁਜਰਾਲ ਵੀ ਹਾਜ਼ਰ ਸਨ।