ਪੰਜਾਬ
ਪੰਜਾਬ ਵਿਧਾਨ ਸਭਾ ਚੋਣਾਂ ਅਤੇ ਸੰਯੁਕਤ ਸਮਾਜ ਮੋਰਚੇ ਬਾਰੇ ਰਵੱਈਆ ਤੈਅ ਕਰਨ ਲਈ ਭਾਰਤੀ ਕਿਸਾਨ ਯੂਨੀਅਨ-ਏਕਤਾ(ਡਕੌਂਦਾ) ਨੇ ਸੱਦੀ ਮੀਟਿੰਗ
ਭਾਰਤੀ ਕਿਸਾਨ ਯੂਨੀਅਨ-ਏਕਤਾ(ਡਕੌਂਦਾ) ਨੇ ਸੱਦੀ 27 ਦਸੰਬਰ ਨੂੰ ਬਰਨਾਲਾ ‘ਚ ਸੂਬਾਈ ਕਮੇਟੀ ਦੀ ਅਹਿਮ ਮੀਟਿੰਗ ;
25 ਦਸੰਬਰ : ਚੰਡੀਗੜ੍ਹ
ਭਾਰਤੀ ਕਿਸਾਨ ਯੂਨੀਅਨ-ਏਕਤਾ(ਡਕੌਂਦਾ) ਵੱਲੋਂ ਸੂਬਾ ਕਮੇਟੀ ਦੀ ਮੀਟਿੰਗ 27 ਦਸੰਬਰ ਨੂੰ ਤਰਕਸ਼ੀਲ ਭਵਨ, ਬਰਨਾਲਾ ਵਿਖੇ ਬੁਲਾਈ ਹੈ। ਇਸ ਬਾਰੇ ਜਾਣਕਾਰੀ ਦਿੰਦਿਆਂ ਸੂਬਾ ਪ੍ਰਧਾਨ ਬੂਟਾ ਸਿੰਘ ਬੁਰਜ਼ਗਿੱਲ, ਜਨਰਲ ਸਕੱਤਰ ਜਗਮੋਹਨ ਸਿੰਘ ਪਟਿਆਲਾ, ਸੀਨੀਅਰ ਮੀਤ ਪ੍ਰਧਾਨ ਮਨਜੀਤ ਧਨੇਰ ਅਤੇ ਮੀਤ ਪ੍ਰਧਾਨ ਗੁਰਦੀਪ ਸਿੰਘ ਰਾਮਪੁਰਾ ਨੇ ਦੱਸਿਆ ਕਿ ਸਵਾ ਸਾਲ ਦੇ ਕਰੀਬ ਚੱਲੇ ਸਾਂਝੇ ਕਿਸਾਨ ਅੰਦੋਲਨ, ਪੰਜਾਬ ਦੇ ਕਿਸਾਨਾਂ ਦੀਆਂ ਬੁਨਿਆਦੀ ਮੰਗਾਂ ਸਬੰਧੀ ਮੁੱਖ ਮੰਤਰੀ ਪੰਜਾਬ ਨਾਲ ਹੋਈ ਗੱਲਬਾਤ, ਸੰਘਰਸ਼ ਦੀ ਰੂਪਰੇਖਾ ਘੜਨ, ਪੰਜਾਬ ਦੀਆਂ ਵਿਧਾਨ ਸਭਾ ਚੋਣਾਂ ਅਤੇ ਸੰਯੁਕਤ ਸਮਾਜ ਮੋਰਚੇ ਬਾਰੇ ਰਵੱਈਆ ਤੈਅ ਕਰਨ, ਸੰਘਰਸ਼ ਦੀ ਭੂਮਿਕਾ ਅਤੇ ਜਥੇਬੰਦਕ ਤਾਣੇਬਾਣੇ ਦੀ ਮਜਬੂਤੀ ਸਬੰਧੀ ਗੰਭੀਰ ਵਿਚਾਰਾਂ ਕੀਤੀਆਂ ਜਾਣਗੀਆਂ। ਆਗੂਆਂ ਕਿਹਾ ਕਿ ਖੇਤੀ ਕਾਲੇ ਕਾਨੰਨਾਂ ਵਿਰੁੱਧ ਚੱਲੇ ਸੰਘਰਸ਼ ਨੂੰ ਢੇਰ ਸਾਰੀਆਂ ਮੁਸ਼ਕਿਲਾਂ ਦੇ ਬਾਵਜੂਦ ਸਿਦਕ, ਸਿਰੜ, ਦਲੇਰੀ, ਕੁਰਬਾਨੀ, ਸੂਝ ਸਿਆਣਪ ਨਾਲ ਹਰ ਮੁਸ਼ਕਿਲ, ਹਰ ਸਾਜਿਸ਼ ਦਾ ਟਾਕਰਾ ਕਰਦਿਆਂ ਫਤਿਹ ਹਾਸਲ ਕੀਤੀ ਹੈ। ਕਿਸਾਨਾਂ ਦੀ ਲੜਾਈ ਅਜੇ ਮੁੱਕੀ ਨਹੀਂ, ਸਗੋਂ ਦੇਸੀ ਵਿਦੇਸ਼ੀ ਕਾਰਪੋਰੇਟਾਂ ਵਿਰੁੱਧ ਅਤੇ ਵਿਸ਼ਵ ਵਪਾਰ ਸੰਸਥਾ ਵਰਗੀ ਦਿਉ ਕੱਦ ਸੰਸਥਾ ਖਿਲਾਫ਼ ਵੱਡੀ ਲੜਾਈ ਜਾਰੀ ਰੱਖਣ ਦੀ ਲੋੜ ਵਜੋਂ ਤਿਆਰ ਰਹਿਣਾ ਹੋਵੇਗਾ। ਅਜਿਹੀ ਵੱਡੇ ਸੰਘਰਸ਼ ਦੀ ਤਿਆਰੀ ਲਈ ਹੁਣੇ ਤੋਂ ਸੰਘਰਸ਼ ਲਈ ਤਿਆਰ ਰਹਿਣਾ ਹੋਵੇਗਾ। ਇਸ ਲਈ ਆਗੂਆਂ ਨੇ ਬੀਕੇਯੂ-ਏਕਤਾ(ਡਕੌਂਦਾ) ਦੇ ਸਮੂਹ ਆਗੂਆਂ ਨੂੰ ਵਕਤ ਸਿਰ ਮੀਟਿੰਗ ਵਿੱਚ ਸ਼ਾਮਿਲ ਹੋਣ ਦੀ ਅਪੀਲ ਕੀਤੀ ਹੈ।