ਹਾਈ ਕੋਰਟ ਵੱਲੋਂ ਮਜੀਠੀਆ ਦੀ ਜ਼ਮਾਨਤ ਰੱਦ ਕਰਨ ਦਾ ਕਾਂਗਰਸ ਨੇ ਕੀਤਾ ਸਵਾਗਤ
ਹਾਈ ਕੋਰਟ ਵੱਲੋਂ ਮਜੀਠੀਆ ਦੀ ਜ਼ਮਾਨਤ ਰੱਦ ਕਰਨ ਦਾ ਕਾਂਗਰਸ ਨੇ ਕੀਤਾ ਸਵਾਗਤ
ਪੁਲਿਸ ਮਜੀਠੀਆ ਨੂੰ ਜਲਦੀ ਤੋਂ ਜਲਦੀ ਗ੍ਰਿਫਤਾਰ ਕਰਕੇ ਜੇਲ੍ਹ ਭੇਜੇ : ਅਲਕਾ ਲਾਂਬਾ
ਚੰਡੀਗਡ਼੍ਹ, 24 ਜਨਵਰੀ: ਕਾਂਗਰਸ ਦੇ ਸੀਨੀਅਰ ਆਗੂ ਅਲਕਾ ਲਾਂਬਾ ਨੇ ਪੰਜਾਬ ਚ ਨਸ਼ਾ ਫੈਲਾਉਣ ਅਤੇ ਨਸ਼ਾ ਮਾਫੀਆਵਾਂ ਨੂੰ ਸ਼ਹਿ ਦੇਣ ਵਾਲੇ ਸੀਨੀਅਰ ਅਕਾਲੀ ਆਗੂ ਬਿਕਰਮ ਸਿੰਘ ਮਜੀਠੀਆ ਦੀ ਪੰਜਾਬ ਤੇ ਹਰਿਆਣਾ ਹਾਈ ਕੋਰਟ ਵੱਲੋਂ ਜ਼ਮਾਨਤ ਰੱਦ ਕਰਨ ਦਾ ਸਵਾਗਤ ਕੀਤਾ ਹੈ ਤੇ ਪੁਲਸ ਤੋਂ ਜਲਦੀ ਤੋਂ ਜਲਦੀ ਮਜੀਠੀਆ ਨੂੰ ਗ੍ਰਿਫ਼ਤਾਰ ਕਰਕੇ ਜੇਲ੍ਹ ਭੇਜਣ ਦੀ ਮੰਗ ਕੀਤੀ ਹੈ। ਉਨ੍ਹਾਂ ਨੇ ਇਸ ਨੂੰ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੀ ਅਗਵਾਈ ਵਾਲੀ ਪੰਜਾਬ ਦੀ ਕਾਂਗਰਸ ਸਰਕਾਰ ਦੀ ਜਿੱਤ ਕਰਾਰ ਦਿੱਤਾ ਹੈ।
ਇੱਥੇ ਪੰਜਾਬ ਕਾਂਗਰਸ ਮੁੱਖ ਦਫਤਰ ਵਿਖੇ ਰਾਜ ਸਭਾ ਮੈਂਬਰ ਤੇ ਜੰਮੂ ਕਸ਼ਮੀਰ ਕਾਂਗਰਸ ਦੀ ਪ੍ਰਭਾਰੀ ਰਜਨੀ ਪਾਟਿਲ ਦੇ ਨਾਲ ਪ੍ਰੈੱਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਅਲਕਾ ਲਾਂਬਾ ਨੇ ਕਿਹਾ ਕਿ ਕਾਂਗਰਸ ਸਰਕਾਰ ਵੱਲੋਂ 20 ਦਸੰਬਰ, 2021 ਨੂੰ ਬਿਕਰਮ ਸਿੰਘ ਮਜੀਠੀਆ ਖ਼ਿਲਾਫ਼ ਕੇਸ ਦਰਜ ਕੀਤਾ ਗਿਆ ਸੀ। ਜਿਨ੍ਹਾਂ ਨੂੰ ਸਥਾਨਕ ਪੱਧਰ ਤੇ ਅਦਾਲਤ ਤੋਂ ਕੋਈ ਰਾਹਤ ਨਹੀਂ ਮਿਲੀ ਸੀ ਤੇ ਆਖਿਰ ਚ ਹਾਈ ਕੋਰਟ ਨੇ ਅੰਤਰਿਮ ਜ਼ਮਾਨਤ ਦਿੱਤੀ ਸੀ, ਪਰ ਸੂਬੇ ਦੀ ਕਾਂਗਰਸ ਸਰਕਾਰੀ ਵਕੀਲਾਂ ਦੀ ਸਖ਼ਤ ਮਿਹਨਤ ਨੇ ਇਹ ਲੜਾਈ ਜਿੱਤੀ ਤੇ ਮਜੀਠੀਆ ਦੀ ਜਮਾਤ ਹਾਈ ਕੋਰਟ ਨੇ ਰੱਦ ਕਰ ਦਿੱਤੀ ਹੈ। ਇਸ ਨਾਲ ਮਜੀਠੀਆ ਨੂੰ ਜ਼ਮਾਨਤ ਦਿਵਾਉਣ ਚ ਮਦਦ ਕਰਨ ਵਾਲੀ ਭਾਜਪਾ ਨੂੰ ਵੀ ਕਰਾਰਾ ਜਵਾਬ ਮਿਲਿਆ ਹੈ। ਉਹ ਚੋਣ ਕਮਿਸ਼ਨ ਨੂੰ ਪੁਲੀਸ ਨੂੰ ਮਜੀਠੀਆ ਨੂੰ ਜਲਦੀ ਤੋਂ ਜਲਦੀ ਗ੍ਰਿਫਤਾਰ ਕਰਕੇ ਸਲਾਖਾਂ ਪਿੱਛੇ ਪਾਉਣ ਦਾ ਨਿਰਦੇਸ਼ ਦੇਣ ਦੀ ਅਪੀਲ ਕਰਦੇ ਹਨ।
ਅਲਕਾ ਲਾਂਬਾ ਨੇ ਜ਼ੋਰ ਦਿੰਦਿਆਂ ਕਿਹਾ ਕਿ ਕਾਂਗਰਸ ਨੇ ਪਹਿਲਾਂ ਹੀ ਕਿਹਾ ਸੀ ਕਿ ਬੇਲ ਹੋਈ ਹੈ, ਦੇਰ ਨਹੀਂ, ਮਜੀਠੀਆ ਨੂੰ ਜੇਲ੍ਹ ਜਾਣਾ ਹੀ ਪਵੇਗਾ। ਇਨ੍ਹਾਂ ਮਜੀਠੀਆ ਨੇ ਬੀਤੇ ਦਿਨੀਂ ਮੁੱਖ ਮੰਤਰੀ ਚੰਨੀ ਖਿਲਾਫ ਪ੍ਰੈੱਸ ਕਾਨਫਰੰਸ ਕਰਕੇ ਗੰਭੀਰ ਦੋਸ਼ ਲਗਾਏ ਸਨ ਤੇ ਅੱਜ ਖ਼ੁਦ ਮੁਸ਼ਕਲਾਂ ਵਧ ਗਈਆਂ ਹਨ। ਅਲਕਾ ਲਾਂਬਾ ਨੇ ਮੀਡੀਆ ਨੂੰ ਤਸਵੀਰਾਂ ਦਿਖਾਉਂਦਿਆਂ ਖੁਲਾਸਾ ਕੀਤਾ ਕਿ ਨਸ਼ਾ ਤਸਕਰੀ ਚ ਸ਼ਾਮਲ ਮਨਿੰਦਰ ਸਿੰਘ ਬਿੱਟੂ ਔਲਖ, ਸਤਪ੍ਰੀਤ ਸੱਤਾ ਅਤੇ ਅਨਵਰ ਮਸੀਹ ਨਾਲ ਮਜੀਠੀਆ ਦੇ ਸੰਬੰਧ ਸਨ, ਜਿਹੜਾ ਇਨ੍ਹਾਂ ਲੋਕਾਂ ਨੂੰ ਨਸ਼ੇ ਦੀ ਤਸਕਰੀ ਵਾਸਤੇ ਸ਼ਹਿ ਦਿੰਦਾ ਸੀ।
ਇਸ ਦੌਰਾਨ ਉਨ੍ਹਾਂ ਨੇ ਮਜੀਠੀਆ ਖ਼ਿਲਾਫ਼ ਦਰਜ ਐਫਆਈਆਰ ਦਾ ਜ਼ਿਕਰ ਕਰਦਿਆਂ ਕਿਹਾ ਕਿ ਮਜੀਠੀਆ ਵੱਲੋਂ 2007 ਤੋਂ 2017 ਵਿਚਾਲੇ ਸਰਕਾਰੀ ਤਾਕਤ ਦੀ ਦੁਰਵਰਤੋਂ ਕਰਦਿਆਂ ਸੂਬੇ ਚ ਨਸ਼ੇ ਦੇ ਪ੍ਰਸਾਰ ਨੂੰ ਵਧਾਇਆ ਗਿਆ ਤੇ ਨਸ਼ਾ ਤਸਕਰਾਂ ਨੂੰ ਸ਼ਹਿ ਦਿੱਤੀ।
ਪ੍ਰੈੱਸ ਕਾਨਫ਼ਰੰਸ ਨੂੰ ਰਾਜ ਸਭਾ ਮੈਂਬਰ ਤੇ ਜੰਮੂ ਕਸ਼ਮੀਰ ਲਈ ਏਆਈਸੀਸੀ ਇੰਚਾਰਜ ਰਜਨੀ ਪਾਟਿਲ ਨੇ ਵੀ ਸੰਬੋਧਨ ਕੀਤਾ।