ਪੰਜਾਬ

ਵੋਟਰਾਂ ਨੇ ਆਪਣੀ ਜ਼ਿੰਮੇਵਾਰੀ ਬਾਖ਼ੂਬੀ ਨਿਭਾਈ, ਹੁਣ ਜ਼ਿੰਮੇਵਾਰੀ ਨਿਭਾਉਣ ਦੀ ਵਾਰੀ ਸਾਡੀ: ਭਗਵੰਤ ਮਾਨ

ਦੇਸ਼- ਵਿਦੇਸ਼ ਵਿੱਚ ਵਸੇ ਪੰਜਾਬੀਆਂ ਦਾ ਧੰਨਵਾਦ: ਭਗਵੰਤ ਮਾਨ

-ਸਾਡੀ ਨੀਅਤ ਚੰਗੀ ਹੈ, ਯਕੀਨ ਰੱਖੋ ਇੱਕ ਮਹੀਨੇ ‘ਚ ਬਦਲਾਅ ਦਿਖਣ ਲੱਗੇਗਾ: ਭਗਵੰਤ ਮਾਨ

-ਪਹਿਲਾਂ ਪੰਜਾਬ ਮੋਤੀ ਮਹੱਲ, ਸਿਸਵਾਂ ਫਾਰਮ ਹਾਊਸ ਅਤੇ ਵੱਡੀਆਂ ਹਵੇਲੀਆਂ ਤੋਂ ਚਲਦਾ ਸੀ, ਹੁਣ ਪਿੰਡਾਂ ਮੁਹੱਲਿਆਂ ਤੋਂ ਚੱਲੇਗਾ: ਭਗਵੰਤ ਮਾਨ

-ਬੇਰੁਜ਼ਗਾਰੀ ਦੂਰ ਕਰਨਾ ਪ੍ਰਮੁੱਖਤਾ, ਪਹਿਲੀ ਕਲਮ ਬੇਰੁਜ਼ਗਾਰੀ ਦੂਰ ਕਰਨ ਲਈ ਚਲਾਵਾਂਗਾ: ਭਗਵੰਤ ਮਾਨ

-ਸ਼ਹੀਦ ਭਗਤ ਸਿੰਘ ਦੇ ਜੱਦੀ ਪਿੰਡ ਖਟਕੜ ਕਲਾਂ ‘ਚ ਭਗਵੰਤ ਮਾਨ ਚੁਕਣਗੇ ਮੁੱਖ ਮੰਤਰੀ ਅਹੁਦੇ ਦੀ ਸਹੁੰ

ਸੰਗਰੂਰ/ਚੰਡੀਗੜ, 10 ਮਾਰਚ 2022
ਪੰਜਾਬ ਵਿੱਚ ਆਮ ਆਦਮੀ ਪਾਰਟੀ (ਆਪ) ਦੀ ਇਤਿਹਾਸਕ ਜਿੱਤ ਤੋਂ ਬਾਅਦ ਭਗਵੰਤ ਮਾਨ ਨੇ ਦੇਸ਼- ਵਿਦੇਸ਼ ਵਿੱਚ ਵਸਦੇ ਪੰਜਾਬੀਆਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਸੂਬੇ ‘ਚੋਂ ਬੇਰੁਜ਼ਗਾਰੀ ਦੂਰ ਕਰਨਾ ਉਸ ਦਾ ਪਹਿਲਾ ਕੰਮ ਹੈ ਅਤੇ ਪਹਿਲੀ ਕਲਮ ਬੇਰੁਜ਼ਗਾਰੀ ਦੂਰ ਕਰਨ ਲਈ ਚਲਾਈ ਜਾਵੇਗੀ। ਮਾਨ ਸੰਗਰੂਰ ਸਥਿਤ ਘਰ ਵਿਖੇ ਪਹੁੰਚੇ ਆਪਣੇ ਸਮਰਥਕਾਂ ਨੂੰ ਸੰਬੋਧਨ ਕਰ ਰਹੇ ਹਨ ਅਤੇ ਇਸ ਸਮੇਂ ਉਨਾਂ ਨਾਲ ਮਾਤਾ ਹਰਪਾਲ ਕੌਰ ਅਤੇ ਭੈਣ ਮਨਪ੍ਰੀਤ ਕੌਰ ਵੀ ਮੌਜ਼ੂਦ ਸਨ।
ਭਗਵੰਤ ਮਾਨ ਨੇ ਵੱਡੀ ਗਿਣਤੀ ਸਮਰਥਕਾਂ ਨੂੰ ਸੰਬੋਧਨ ਕਰਦਿਆਂ ਕਿਹਾ, ”ਪੰਜਾਬ ਦੇ ਵੋਟਰਾਂ ਨੇ ਆਪਣੀ ਜ਼ਿੰਮੇਵਾਰੀ ਬਾਖ਼ੂਬ ਨਿਭਾਈ ਹੈ ਅਤੇ ਹੁਣ ਜ਼ਿੰਮੇਵਾਰੀ ਨਿਭਾਉਣ ਦੀ ਵਾਰੀ ਉਨਾਂ (ਮਾਨ) ਦੀ ਹੈ। ਸਾਡੀ ਨੀਅਤ ਚੰਗੀ ਹੈ, ਇਸ ਲਈ ਪੰਜਾਬ ਦੇ ਲੋਕਾਂ ਨੇ ਸਾਡੇ ‘ਤੇ ਭਰੋਸਾ ਕੀਤਾ ਹੈ। ਪੰਜਾਬਵਾਸੀ ਭਰੋਸਾ ਰੱਖਣ, ਇੱਕ ਮਹੀਨੇ ਵਿੱਚ ਹੀ ਬਦਲਾਅ ਦਿਖਣ ਲੱਗੇਗਾ।” ਉਨਾਂ ਕਿਹਾ ਕਿ ਲੋਕਾਂ ਨੂੰ ਹੁਣ ਸਰਕਾਰੀ ਦਫ਼ਤਰਾਂ ਵਿੱਚ ਬਾਬੂਆਂ ਦੇ ਚੱਕਰ ਨਹੀਂ ਕੱਟਣੇ ਪੈਣਗੇ। ਸਰਕਾਰੀ ਮੁਲਾਜ਼ਮ ਬੁੱਧਵਾਰ ਅਤੇ ਵੀਰਵਾਰ ਦਾ ਬਹਾਨਾ ਬਣਾ ਕੇ ਆਪਣਾ ਕੰਮ ਨਹੀਂ ਰੋਕ ਸਕਣਗੇ ਅਤੇ ਹੁਣ ਸਰਕਾਰੀ ਬਾਬੂ ਪਿੰਡਾਂ ਤੇ ਮੁਹੱਲਿਆਂ ਦੇ ਚੱਕਰ ਲਾਉਣਗੇ। ਲੋਕਾਂ ਦੇ ਘਰ ਆ ਕੇ ਕੰਮ ਕਰਨਗੇ।
ਵਿਰੋਧੀ ਪਾਰਟੀਆਂ ਦੀ ਅਲੋਚਨਾ ਕਰਦਿਆਂ ਭਗਵੰਤ ਮਾਨ ਨੇ ਕਿਹਾ ਕਿ ਵਿਰੋਧੀ ਆਗੂਆਂ ਨੇ ਉਨਾਂ ਬਾਰੇ ਮਾੜੇ ਸ਼ਬਦ ਬੋਲੇ ਅਤੇ ਨੀਵਾਂ ਦਿਖਾਉਣ ਦੀ ਕੋਸ਼ਿਸ਼ ਕੀਤੀ। ਪਰ ਹੁਣ ਵਿਰੋਧੀ ਆਗੂ ਪੌਣੇ ਤਿੰਨ ਕਰੋੜ ਪੰਜਾਬੀਆਂ ਦੀ ਇੱਜ਼ਤ ਕਰਨ ਲੱਗ ਪੈਣਗੇ। ਉਨਾਂ ਕਿਹਾ ਕਿ ਕਾਂਗਰਸ, ਅਕਾਲੀ ਦਲ ਦੀਆਂ ਸਰਕਾਰਾਂ ਦੌਰਾਨ ਪੰਜਾਬ ਮੋਤੀ ਮਹੱਲ, ਸਿਸਵਾਂ ਫਾਰਮ ਹਾਊਸ ਅਤੇ ਵੱਡੀ ਹਵੇਲੀਆਂ ਤੋਂ ਚਲਦਾ ਸੀ, ਪਰ ਹੁਣ ਪੰਜਾਬ ਦੀ ਸਰਕਾਰ ਪਿੰਡਾਂ ਅਤੇ ਮੁਹੱਲਿਆਂ ਤੋਂ ਚੱਲੇਗੀ।
ਮਾਨ ਨੇ ਕਿਹਾ ਕਿ ਜਿਨਾਂ ਲੋਕਾਂ ਨੇ ‘ਆਪ’ ਨੂੰ ਵੋਟ ਨਹੀਂ ਪਾਈ ਉਨਾਂ ਨੂੰ ਕਿਸੇ ਵੀ ਤਰਾਂ ਡਰਨ ਦੀ ਲੋੜ ਨਹੀਂ ਹੈ ਅਤੇ ਉਹ (ਮਾਨ)  ਸਾਰਿਆਂ ਦੇ ਮੁੱਖ ਮੰਤਰੀ ਹਨ, ਕਿਉਂਕਿ ਆਪਣੀ ਪਸੰਦ ਅਨੁਸਾਰ ਵੋਟ ਪਾਉਣਾ ਹਰੇਕ ਵਿਅਕਤੀ ਦਾ ਲੋਕਤੰਤਰਿਕ ਅਧਿਕਾਰ ਹੈ। ‘ਆਪ’ ਦੀ ਸਰਕਾਰ ਪੌਣੇ ਤਿੰਨ ਕਰੋੜ ਪੰਜਾਬੀਆਂ ਦੀ ਭਲਾਈ ਲਈ ਕੰਮ ਕਰੇਗੀ ਅਤੇ ਪੰਜਾਬ ਨੂੰ ਮੁੱੜ ਤੋਂ ਖੁਸ਼ਹਾਲ ਪੰਜਾਬ ਬਣਾਵਾਂਗੇ। ਉਨਾਂ ਕਿਹਾ ਕਿ ਬੇਰੁਜ਼ਗਾਰੀ ਵੱਡਾ ਮੁੱਦਾ ਹੈ। ਬੇਰੁਜ਼ਗਾਰ ਨੌਜਵਾਨ ਮਜ਼ਬੂਰ ਹੋ ਕੇ ਨਸ਼ੇ ਵਿੱਚ ਡੁੱਬ ਰਹੇ ਹਨ ਜਾਂ ਵਿਦੇਸ਼ਾਂ ਨੂੰ ਜਾ ਰਹੇ ਹਨ। ਮਹਿੰਗੀ ਸਿੱਖਿਆ ਅਤੇ ਰੁਜ਼ਗਾਰ ਦੀ ਘਾਟ ਕਾਰਨ ਪੰਜਾਬ ਦਾ ਪੈਸਾ ਅਤੇ ਪ੍ਰਤਿਭਾ ਵਿਦੇਸ਼ਾਂ ਨੂੰ ਜਾਂਦੇ ਹਨ। ਮਾਨ ਨੇ ਕਿਹਾ ਕਿ ਮੁੱਖ ਮੰਤਰੀ ਦੀ ਕੁਰਸੀ ਸੰਭਾਲਣ ਤੋਂ ਬਾਅਦ ਪਹਿਲੇ ਦਿਨ ਹੀ ਆਪਣੀ ਕਲਮ ਬੇਰੁਜ਼ਗਾਰੀ ਦੂਰ ਕਰਨ ਲਈ ਚਲਵਾਂਗਾ। ਨੌਜਵਾਨਾਂ ਦੇ ਹੱਥਾਂ ਵਿੱਚੋਂ ਟੀਕੇ ਖੋਹ ਕੇ ਟਿਫਨ ਫੜਾਉਣੇ ਹਨ ਅਤੇ ਚੰਗੀ ਸਿੱਖਿਆ ਦੇਣੀ ਜ਼ਰੂਰੀ ਹੈ।
ਭਗਵੰਤ ਮਾਨ ਨੇ ਕਿਹਾ ਕਿ ਹੁਣ ਪੰਜਾਬ ਦੇ ਸਰਕਾਰੀ ਦਫ਼ਤਰਾਂ ਵਿੱਚ ਮੁੱਖ ਮੰਤਰੀ ਅਤੇ ਹੋਰ ਆਗੂਆਂ ਦੀਆਂ ਤਸਵੀਰਾਂ ਨਹੀਂ ਲੱਗਣਗੀਆਂ। ਸਰਕਾਰੀ ਦਫ਼ਤਰਾਂ ਵਿੱਚ ਹੁਣ ਸ਼ਹੀਦ ਏ ਆਜ਼ਮ ਭਗਤ ਸਿੰਘ ਅਤੇ ਬਾਬਾ ਸਾਹਿਬ ਡਾ. ਭੀਮ ਰਾਓ ਅੰਬੇਡਕਰ ਦੀਆਂ ਫੋਟੋਆਂ ਲੱਗਣਗੀਆਂ। ਭਗਤ ਸਿੰਘ ਨੇ ਆਪਣੀ ਜਾਨ ਕੁਰਬਾਨ ਕਰਕੇ ਆਜ਼ਾਦੀ ਦਿਵਾਈ ਅਤੇ ਆਜ਼ਾਦੀ ਮਿਲਣ ਤੋਂ ਬਾਅਦ ਬਾਬਾ ਸਾਹਿਬ ਨੇ ਦੇਸ ਦਾ ਸੰਵਿਧਾਨ ਲਿਖ ਕੇ ਆਜ਼ਾਦੀ ਅਤੇ ਸਮਾਨਤਾ ਦਾ ਹੱਕ ਦਿੱਤਾ। ਇਸ ਲਈ ਸਾਡੀ ਜ਼ਿੰਮੇਵਾਰੀ ਹੈ ਕਿ ਇਨਾਂ ਮਹਾਨ ਲੋਕਾਂ ਦੇ ਸੁਫ਼ਨਿਆਂ ਨੂੰ ਕਾਮਯਾਬ ਕਰੀਏ। ਮਾਨ ਨੇ ਕਿਹਾ ਕਿ ਪੰਜਾਬੀਆਂ ਨੇ ਇਨਕਲਾਬ ਨੂੰ ਜ਼ਿੰਦਾ ਰੱਖਿਆ ਹੈ ਅਤੇ ਉਨਾਂ ਨੂੰ ਪੰਜਾਬੀਆਂ ‘ਤੇ ਮਾਣ ਹੈ। ਇਨਕਲਾਬ ਦੇ ਨਾਅਣੇ ਲਾਉਣ ਨਾਲ ਭਗਤ ਸਿੰਘ ਦੀ ਆਤਮਾ ਨੂੰ ਸਕੂਨ ਮਿਲਦਾ ਹੈ। ਇੱਕ ਪੰਜਾਬੀ ਹੋਣ ਦੇ ਨਾਤੇ ਸਾਡੀ ਜ਼ਿੰਮੇਵਾਰੀ ਹੈ ਕਿ ਭਗਤ ਸਿੰਘ ਦੇ ਰਸਤੇ ‘ਤੇ ਚੱਲੀਏ। ਉਨਾਂ ਕਿਹਾ ਕਿ ਪਹਿਲਾਂ ਪੰਜਾਬ ਦਾ ਮੁੱਖ ਮੰਤਰੀ ਰਾਜਭਵਨ ਵਿੱਚ ਸਹੁੰ ਚੁਕਦਾ ਸੀ, ਪਰ ਉਹ ਭਗਤ ਸਿੰਘ ਦੇ ਜੱਦੀ ਪਿੰਡ ਖਟਕੜ ਕਲਾਂ ਵਿੱਚ ਮੁੱਖ ਮੰਤਰੀ ਅਹੁਦੇ ਦੀ ਸਹੁੰ ਚੁਕਣਗੇ ਅਤੇ ਤਰੀਕ ਦਾ ਐਲਨ ਜਲਦੀ ਕੀਤਾ ਜਾਵੇਗਾ।
ਬਾਕਸ —
ਭਗਵੰਤ ਮਾਨ ਦੀ ਮਾਤਾ ਹਰਪਾਲ ਕੌਰ ਹੋਏ ਭਾਵੁਕ, ਮਾਨ ਦੇ ਗਲ ਲੱਗ ਰੋ ਪਈ
ਭਗਵੰਤ ਮਾਨ ਦੀ ਮਾਤਾ ਹਰਪਾਲ ਕੌਰ ਅਤੇ ਛੋਟੀ ਭੈਣ ਮਨਪ੍ਰੀਤ ਕੌਰ ਨੇ ਵੀ ਮਾਨ ਦੀ ਪਹਿਲੀ ਸਭਾ ਨੂੰ ਸੰਬੋਧਨ ਕੀਤਾ ਅਤੇ ਉਨਾਂ ਮਾਨ ਨੂੰ ਮੁੱਖ ਮੰਤਰੀ ਬਣਾਉਣ ਲਈ ਲੋਕਾਂ ਦਾ ਧੰਨਵਾਦ ਕੀਤਾ। ਲੋਕਾਂ ਨੂੰ ਸੰਬੋਧਨ ਕਰਦਿਆ ਮਾਤਾ ਹਰਪਾਲ ਕੌਰ ਭਾਵੁਕ ਹੋ ਗਏ ਅਤੇ ਮਾਨ ਦੇ ਗਲ ਲੱਗ ਰੋ ਪਏ।

Related Articles

Leave a Reply

Your email address will not be published. Required fields are marked *

Back to top button
error: Content is protected with Update Punjab Dot Com!!