ਮੁੱਖ ਮੰਤਰੀ ਪੰਜਾਬ ਦੇ ਸੱਦੇ ਤੇ ਪ੍ਰਿੰਸੀਪਲ ਸਹਿਬਾਨ ਮੀਟਿੰਗ ਲਈ ਰਵਾਨਾ – ਮਲਕੀਤ ਸਿੰਘ, ਜ਼ਿਲ੍ਹਾ ਸਿੱਖਿਆ ਅਫ਼ਸਰ
ਮੁੱਖ ਮੰਤਰੀ ਪੰਜਾਬ ਦੇ ਸੱਦੇ ਤੇ ਪ੍ਰਿੰਸੀਪਲ ਸਹਿਬਾਨ ਮੀਟਿੰਗ ਲਈ ਰਵਾਨਾ – ਮਲਕੀਤ ਸਿੰਘ, ਜ਼ਿਲ੍ਹਾ ਸਿੱਖਿਆ ਅਫ਼ਸਰ
ਸ੍ਰੀ ਮੁਕਤਸਰ ਸਾਹਿਬ10 ਮਈ ( ਜਸਵਿੰਦਰ ਪਾਲ ਸ਼ਰਮਾ )- ਪੰਜਾਬ ਦੇ ਮੁੱਖ ਮੰਤਰੀ ਸ੍ਰ ਭਗਵੰਤ ਸਿੰਘ ਮਾਨ, ਸਿੱਖਿਆ ਮੰਤਰੀ ਸ੍ਰੀ ਗੁਰਮੀਤ ਸਿੰਘ ਮੀਤ ਹੇਅਰ ਸਿੰਘ ਦੇ ਸੱਦੇ ਤੇ ਵੱਖ ਵੱਖ ਜ਼ਿਲਿਆਂ ਵਿੱਚੋ ਅੱਜ ਸਮੂਹ ਬਲਾਕ ਐਲੀਮੈਂਟਰੀ ਸਿੱਖਿਆ ਅਫ਼ਸਰ ਸਹਿਬਾਨ, ਜ਼ਿਲ੍ਹਾ ਸਿੱਖਿਆ ਅਫ਼ਸਰ ਐਲੀ, ਜ਼ਿਲ੍ਹਾ ਸਿੱਖਿਆ ਅਫ਼ਸਰ ਸੈਕੰਡਰੀ ਅਤੇ ਮੁੱਖ ਅਧਿਆਪਕ ਸਹਿਬਾਨ ਅੱਜ ਪਲੇਠੀ ਮੀਟਿੰਗ ਵਿੱਚ ਭਾਗ ਲੈਣ ਲਈ ਕਿੰਗਜ਼ਵਿਲੇ ਰੀਜ਼ੋਰਟ ਲੁਧਿਆਣਾ ਲਈ ਰਵਾਨਾ ਹੋਏ । ਇਸ ਮੌਕੇ ਗੱਲਬਾਤ ਕਰਦਿਆ ਜ਼ਿਲ੍ਹਾ ਸਿੱਖਿਆ ਅਫ਼ਸਰ ਸੈਕੰਡਰੀ ਸ੍ਰ ਮਲਕੀਤ ਸਿੰਘ ਜੀ ਨੇ ਦੱਸਿਆ ਕਿ ਸਮੂਹ ਪ੍ਰਿੰਸੀਪਲ ਸਹਿਬਾਨ ਅਤੇ ਮੁੱਖ ਅਧਿਆਪਕ ਸਹਿਬਾਨ ਇਸ ਮਿਲਣੀ ਲਈ ਬਹੁਤ ਉਤਸਾਹਿਤ ਹਨ ਅਤੇ ਇਸ ਨੂੰ ਭਵਿੱਖ ਵਿਚ ਸਿੱਖਿਆ ਸੁਧਾਰਾਂ ਦੇ ਬਿਹਤਰੀਨ ਨਜ਼ਰੀਏ ਨਾਲ ਦੇਖ ਰਹੇ ਹਨ । ਉਹਨਾਂ ਕਿਹਾ ਕਿ ਪੰਜਾਬ ਦੇ ਮੁੱਖ ਮੰਤਰੀ ਸਾਹਿਬ ਵੱਲੋਂ ਅਧਿਆਪਕਾਂ ਨੂੰ ਦਰਪੇਸ਼ ਆ ਰਹੀਆਂ ਮੁਸ਼ਕਿਲਾਂ ਨੂੰ ਜਾਨਣ ਲਈ ਪੰਜਾਬ ਸਰਕਾਰ ਦਾ ਇਹ ਉਪਰਾਲਾ ਬਹੁਤ ਹੀ ਸ਼ਲਾਘਾਯੋਗ ਹੈ । ਉੱਪ ਜ਼ਿਲ੍ਹਾ ਸਿੱਖਿਆ ਅਫ਼ਸਰ ਸ੍ਰੀ ਕਪਿਲ ਸ਼ਰਮਾ ਜੀ ਨੇ ਕਿਹਾ ਕਿ ਇਸ ਮਿਲਣੀ ਨਾਲ ਜਿੱਥੇ ਸਕੂਲ ਮੁਖੀਆਂ ਵਿੱਚ ਭਾਰੀ ਉਤਸ਼ਾਹ ਦੇਖਣ ਨੂੰ ਮਿਲਿਆ ਹੈ, ਉਥੇ ਇਸ ਨਾਲ ਸਿੱਖਿਆ ਦੇ ਖੇਤਰ ਵਿਚ ਨਵੇਂ ਸੁਧਾਰਾਂ ਦੀ ਆਸ ਵੀ ਜਾਗੀ ਹੈ । ਪ੍ਰਿੰਸੀਪਲ ਅਤੇ ਜ਼ਿਲ੍ਹਾ ਸਮਾਰਟ ਸਕੂਲ ਮੇਂਟਰ ਸ਼੍ਰੀ ਜਗਤਾਰ ਸਿੰਘ ਜੀ ਨੇ ਕਿਹਾ ਕਿ ਇਸ ਮਿਲਣੀ ਨਾਲ ਜਿੱਥੇ ਸਕੂਲ ਮੁਖੀ ਸਰਕਾਰ ਵੱਲੋਂ ਕੀਤੇ ਜਾ ਰਹੇ ਸੁਧਾਰਾਂ ਤੋਂ ਜਾਣੂ ਹੋਣਗੇ, ਉਥੇ ਪੰਜਾਬ ਸਰਕਾਰ ਨੂੰ ਸਕੂਲਾਂ ਵਿਚ ਅਧਿਆਪਕਾਂ ਨੂੰ ਪੇਸ਼ ਆ ਰਹੀਆਂ ਮੁਸ਼ਕਿਲਾਂ ਦਾ ਪਤਾ ਚੱਲੇਗਾ ਅਤੇ ਇਹਨਾਂ ਮੁਸ਼ਕਿਲਾਂ ਦੇ ਠੋਸ ਹੱਲ ਲੱਭੇ ਜਾਣਗੇ । ਸਕੂਲ ਮੁਖੀ ਡਾ. ਦੀਪਿਕਾ ਗਰਗ, ਪ੍ਰਿੰਸੀਪਲ ਮੈਡਮ ਪਰਮਿੰਦਰ ਕੌਰ, ਪ੍ਰਿੰਸੀਪਲ ਮੈਡਮ ਰੇਨੂੰ ਬਾਲਾ, ਪ੍ਰਿੰਸੀਪਲ ਯਾਦਵਿੰਦਰ ਸਿੰਘ ਨੇ ਗੱਲਬਾਤ ਦੌਰਾਨ ਇਸ ਮਿਲਣੀ ਲਈ ਆਪਣੀ ਖੁਸ਼ੀ ਜਾਹਰ ਕੀਤੀ ਅਤੇ ਕਿਹਾ ਕਿ ਸਿੱਖਿਆ ਦੇ ਖੇਤਰ ਵਿਚ ਇਹ ਪੰਜਾਬ ਸਰਕਾਰ ਦੀ ਇੱਕ ਵਧੀਆ ਪਹਿਲਕਦਮੀ ਹੈ । ਇਸ ਨਾਲ ਜਰੂਰ ਹੀ ਅਧਿਆਪਕ ਸਹਿਬਾਨ ਸਕੂਲਾਂ ਵਿਚ ਬਿਹਤਰ ਸੁਧਾਰ ਕਰ ਸਕਣਗੇ । ਜਿੱਥੇ ਅਸੀਂ ਵੱਖ ਵੱਖ ਸਕੂਲ ਮੁਖੀਆਂ ਨਾਲ ਗੱਲਬਾਤ ਕਰਕੇ ਬਹੁਤ ਕੁਝ ਨਵਾਂ ਸਿੱਖ ਰਹੇ ਹਾਂ , ਉੱਥੇ ਪੰਜਾਬ ਸਰਕਾਰ ਵੱਲੋਂ ਜੋ ਇਹ ਏ ਸੀ ਬੱਸਾਂ ਦੀ ਸਹੂਲਤ ਦਿੱਤੀ ਗਈ ਹੈ ਉਹ ਵੀ ਇੱਕ ਬਿਹਤਰੀਨ ਉਪਰਾਲਾ ਹੈ । ਇਸ ਨਾਲ ਜਿੱਥੇ ਸਫ਼ਰ ਦਾ ਵੱਖਰਾ ਮਜ਼ਾ ਆ ਰਿਹਾ ਹੈ, ਉੱਥੇ ਵੱਡੀ ਮਾਤਰਾ ਵਿੱਚ ਪੈਟਰੋਲ , ਡੀਜ਼ਲ ਦੀ ਖਪਤ ਦੀ ਵੀ ਬੱਚਤ ਹੋਈ ਹੈ । ਸੱਚਮੁੱਚ ਹੀ ਇਹ ਪੰਜਾਬ ਸਰਕਾਰ ਦੀ ਵਧੀਆ ਸੋਚ ਅਤੇ ਸਿੱਖਿਆ ਦੇ ਨਵੇਂ ਯੁੱਗ ਦੀ ਸ਼ੁਰੂਆਤ ਹੈ ।