ਪੰਜਾਬ

ਸੰਗਰੂਰ ‘ਚ ਪੰਜਾਬ ਭਾਜਪਾ ਪ੍ਰਧਾਨ ਦਾ ਵਿਰੋਧ ਕਰਨ ਤੇ ਕਿਸਾਨਾਂ ਤੇ ਲਾਠੀਚਾਰਜ, ਕਈ ਕਿਸਾਨ ਜ਼ਖ਼ਮੀ

ਸੰਗਰੂਰ, 3 ਜਨਵਰੀ

ਸੰਗਰੂਰ ’ਚ 32 ਕਿਸਾਨ ਜਥੇਬੰਦੀਆਂ ਦੇ ਸੱਦੇ ਤੇ ਭਾਜਪਾ ਪ੍ਰਧਾਨ ਅਸ਼ਵਨੀ ਸ਼ਰਮਾ ਦੀ ਮੀਟਿੰਗ ਦਾ ਵਿਰੋਧ ਕਰਨ ਪੁੱਜੇ ਕਿਸਾਨਾਂ ‘ਤੇ ਪੁਲਿਸ ਨੇ ਲਾਠੀਚਾਰਜ ਕੀਤਾ ਹੈ। ਅੱਜ ਪੰਜਾਬ ਭਾਜਪਾ ਪ੍ਰਧਾਨ ਅਸ਼ਵਨੀ ਸ਼ਰਮਾ ਦੀ ਸੰਗਰੂਰ ਵਿੱਚ ਆਮਦ ਕਿਸਾਨਾਂ ਨੇ ਪੁਲਿਸ ਵੱਲੋਂ ਲਗਾਏ ਬੈਰੀਕੇਡ ਤੋੜ ਦਿੱਤੇ ਸਨ, ਜਿਸ ਕਾਰਨ ਕਿਸਾਨਾਂ ਅਤੇ ਪੁਲੀਸ ਵਿਚਕਾਰ ਝੜਪ ਹੋ ਗਈ ਅਤੇ ਪੁਲੀਸ ਵੱਲੋਂ ਵਿਖਾਵਾਕਾਰੀਆਂ ’ਤੇ ਲਾਠੀਚਾਰਜ ਕੀਤਾ ਗਿਆ। ਇਸ ਲਾਠੀਚਾਰਜ ਦੌਰਾਨ ਕਈ ਕਿਸਾਨ ਜ਼ਖ਼ਮੀ ਵੀ ਹੋਏ। ਇਸ ਲਾਠੀਚਾਰਜ ਵਿੱਚ ਕਿਸਾਨ ਗਰਪ੍ਰੀਤ ਸਿੰਘ ਬਹਾਦਰਪੁਰ ਦੇ ਕਾਫ਼ੀ ਗੰਭੀਰ ਰੂਪ ਵਿੱਚ ਸੱਟਾਂ ਲੱਗੀਆਂ ਜਿਨ੍ਹਾਂ ਨੂੰ ਸਰਕਾਰੀ ਹਸਪਤਾਲ ਸੰਗਰੂਰ ਵਿਖੇ ਭਰਤੀ ਕਰਵਾਇਆ ਗਿਆ ਹੈ। ਕਿਰਤੀ ਕਿਸਾਨ ਯੂਨੀਅਨ ਦੇ ਜ਼ਿਲ੍ਹਾ ਯੂਥ ਕਨਵੀਨਰ ਜਸਦੀਪ ਸਿੰਘ ਨੇ ਕਿਹਾ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਇੱਕ ਪਾਸੇ ਇਹ ਢਕਵੰਜ਼ ਕਰ ਰਹੀ ਹੈ ਕਿ ਉਹ ਕਿਸਾਨਾਂ ਦੇ ਨਾਲ ਹੈ, ਪਰ ਦੂਜੇ ਪਾਸੇ ਪੰਜਾਬ ਵਿੱਚ ਕਿਸਾਨਾਂ ਤੇ ਲਾਠੀਚਾਰਜ ਕਰਵਾ ਰਹੀ ਹੈ।

ਪੰਜਾਬ ਸਰਕਾਰ ਦਾ ਇਹ ਦੋਗਲਾ ਕਿਰਦਾਰ ਹੈ। ਉਹਨਾਂ ਕਿਹਾ ਕਿ ਉਹ ਪੰਜਾਬ ਵਿੱਚ ਭਾਜਪਾ ਦਾ ਕੋਈ ਵੀ ਪ੍ਰੋਗਰਾਮ ਨਹੀਂ ਹੋਣ ਦੇਣਗੇ, ਭਾਵੇਂ ਇਸ ਲਈ ਕੈਪਟਨ ਸਰਕਾਰ ਜਿੰਨ੍ਹਾਂ ਮਰਜ਼ੀ ਲਾਠੀਚਾਰਜ ਕਰ ਲਵੇ। ਇਹ ਮੌਕੇ ਕਿਰਤੀ ਕਿਸਾਨ ਯੂਨੀਅਨ ਦੇ ਦਰਸ਼ਨ ਸਿੰਘ ਕੁੰਨਰਾਂ, ਕੁੱਲ ਹਿੰਦ ਕਿਸਾਨ ਸਭਾ ਦੇ ਨਿਰਮਲ ਸਿੰਘ ਬਟੜਿਆਣਾ, ਭਾਰਤੀ ਕਿਸਾਨ ਯੂਨੀਅਨ ਰਾਜੇਵਾਲ ਦੇ ਨਿਰੰਜਣ ਸਿੰਘ ਦੋਹਲਾ, ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੇ ਗੋਬਿੰਦਰ ਸਿੰਘ ਮੰਗਵਾਲ ਆਦਿ ਸਮੇਤ ਸਾਰੀਆਂ ਜੱਥੇਬੰਦੀਆਂ ਦੇ ਆਗੂ ਸ਼ਾਮਲ ਸਨ।

ਲਾਠੀਚਾਰਜ ਦੀ ਨਿਖੇਧੀ
ਕਿਸਾਨਾਂ ਤੇ ਕੀਤੇ ਗਏ ਇਸ ਲਾਠੀਚਾਰਜ ਦੀ ਭਰਾਤਰੀ ਜਥੇਬੰਦੀਆਂ ਡੈਮੋਕ੍ਰੇਟਿਕ ਟੀਚਰਜ਼ ਫਰੰਟ ਪੰਜਾਬ ਦੇ ਸੂਬਾ ਮੀਤ ਪ੍ਰਧਾਨ ਰਘਵੀਰ ਸਿੰਘ ਭਵਾਨੀਗੜ੍ਹ, ਨਿਰਭੈ ਸਿੰਘ, ਜ਼ਮੀਨ ਪ੍ਰਾਪਤੀ ਸੰਘਰਸ਼ ਕਮੇਟੀ ਦੇ ਮੁਕੇਸ਼ ਮਲੌਦ, ਨੌਜਵਾਨ ਭਾਰਤ ਸਭਾ ਦੇ ਰੁਪਿੰਦਰ ਚੌਂਦਾ, ਪੰਜਾਬ ਸਟੂਡੈਂਟਸ ਯੂਨੀਅਨ ਦੇ ਸੁਖਦੀਪ ਹਥਨ ਆਦਿ ਆਗੂਆਂ ਨੇ ਜ਼ੋਰਦਾਰ ਸ਼ਬਦਾਂ ਵਿੱਚ ਨਿਖੇਧੀ ਕਰਦਿਆਂ ਕਿਹਾ ਕਿ ਇਹ ਲੋਕਤੰਤਰ ਦੀ ਹੱਤਿਆ ਹੈ, ਉਹਨਾਂ ਸਮੇਤ ਪੂਰੇ ਭਾਰਤ ਦੇ ਲੋਕ ਕਿਸਾਨਾਂ ਨਾਲ ਹਨ।

Related Articles

Leave a Reply

Your email address will not be published. Required fields are marked *

Back to top button
error: Content is protected with Update Punjab Dot Com!!