ਪੰਜਾਬ

ਪੰਜਾਬ ਨੂੰ ਦਸੰਬਰ ਮਹੀਨੇ ਦੌਰਾਨ 1067.21 ਕਰੋੜ ਦਾ ਜੀ.ਐਸ.ਟੀ. ਮਾਲੀਆ ਹਾਸਲ ਹੋਇਆ, ਪਿਛਲੇ ਸਾਲ ਨਾਲੋਂ 5.77 ਫੀਸਦੀ ਇਜਾਫ਼ਾ


ਤੀਜੀ ਤਿਮਾਹੀ ਦੌਰਾਨ ਮਾਲੀਏ ਵਿੱਚ 4.38 ਫੀਸਦੀ ਵਾਧਾ ਹੋਇਆ
ਚੰਡੀਗੜ, 3 ਜਨਵਰੀ
ਪੰਜਾਬ ਦਾ ਦਸੰਬਰ 2020 ਮਹੀਨੇ ਦੌਰਾਨ ਕੁੱਲ ਜੀ.ਐਸ.ਟੀ. ਮਾਲੀਆ 1067.21 ਕਰੋੜ ਰੁਪਏ ਰਿਹਾ। ਪਿਛਲੇ ਸਾਲ ਇਸੇ ਮਹੀਨੇ ਦਾ ਕੁੱਲ ਜੀ.ਐਸ.ਟੀ. ਮਾਲੀਆ 1009.03 ਕਰੋੜ ਸੀ, ਜੋ ਕਿ ਪਿਛਲੇ ਸਾਲ ਨਾਲੋਂ 5.77 ਫੀਸਦੀ ਦਾ ਵਾਧਾ ਦਰਸਾਉਂਦਾ ਹੈ।
ਪੰਜਾਬ ਦੇ ਕਰ ਕਮਿਸ਼ਨਰ ਦਫਤਰ ਦੇ ਬੁਲਾਰੇ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਅਪਰੈਲ ਤੋਂ ਦਸੰਬਰ 2020 ਦੌਰਾਨ ਪੰਜਾਬ ਦਾ ਕੁੱਲ ਜੀ.ਐਸ.ਟੀ. ਮਾਲੀਆ 7881.5 ਕਰੋੜ ਰੁਪਏ ਸੀ ਜਦੋਂ ਕਿ ਪਿਛਲੇ ਸਾਲ ਇਨਾਂ 9 ਮਹੀਨਿਆਂ ਦੇ ਸਮੇਂ ਦੌਰਾਨ ਕੁੱਲ ਜੀ.ਐਸ.ਟੀ. ਮਾਲੀਆ 9851.82 ਕਰੋੜ ਰੁਪਏ ਸੀ। ਇਸ ਤਰਾਂ 20 ਫੀਸਦੀ ਗਿਰਾਵਟ ਦਰਜ ਕੀਤੀ ਗਈ ਹੈ।
ਸਰਕਾਰੀ ਬੁਲਾਰੇ ਨੇ ਅੱਗੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਦਸੰਬਰ 2020 ਦੇ ਮਹੀਨੇ ਸੁਰੱਖਿਅਤ ਮਾਲੀਆ 2403 ਕਰੋੜ ਹੈ ਜਿਸ ਵਿੱਚੋਂ ਪੰਜਾਬ ਸੂਬੇ ਨੇ 1067 ਕਰੋੜ ਰੁਪਏ ਪ੍ਰਾਪਤ ਕੀਤੇ ਹਨ, ਜੋ ਕਿ ਕੁੱਲ ਸੁਰੱਖਿਅਤ ਮਾਲੀਏ ਦਾ ਕਰੀਬ 44.4 ਫੀਸਦੀ ਬਣਦਾ ਹੈ। ਇਸ ਤਰਾਂ ਦਸੰਬਰ 2020 ਦੇ ਮਹੀਨੇ ਲਈ ਬਕਾਇਆ ਮੁਆਵਜ਼ੇ ਦੀ ਰਕਮ 1336 ਕਰੋੜ ਹੈ ਜੋ ਕਿ ਹਾਲੇ ਤੱਕ ਪ੍ਰਾਪਤ ਨਹੀਂ ਹੋਈ। ਇਸੇ ਤਰਾਂ ਅਪਰੈਲ ਤੋਂ ਨਵੰਬਰ 2020 ਦੇ ਸਮੇਂ ਦੌਰਾਨ ਮੁਆਵਜ਼ੇ ਦੀ ਰਕਮ 8856 ਕਰੋੜ ਰੁਪਏ ਬਣਦੀ ਹੈ ਜੋ ਕਿ ਬਾਕਾਇਆ ਪਈ ਹੈ।
ਸਰਕਾਰੀ ਬੁਲਾਰੇ ਨੇ ਅੱਗੇ ਦੱਸਿਆ ਕਿ ਰਾਸ਼ਟਰੀ ਕੁੱਲ ਜੀ.ਐਸ.ਟੀ. ਮਾਲੀਆ ਸੰਗ੍ਰਹਿ ਦਸੰਬਰ 2020 ਦੇ ਮਹੀਨੇ ਦੌਰਾਨ 1,15,174 ਕਰੋੜ ਰੁਪਏ ਹੈ ਜਦੋਂ ਕਿ ਪਿਛਲੇ ਸਾਲ ਦਸੰਬਰ 2019 ਦੇ ਮਹੀਨੇ ਦੌਰਾਨ ਕੁੱਲ ਰਾਸ਼ਟਰੀ ਜੀ.ਐਸ.ਟੀ. ਦਾ ਮਾਲੀਆ 1,03,184 ਕਰੋੜ ਰੁਪਏ ਇਕੱਤਰ ਹੋਇਆ। ਇਸ ਤਰਾਂ 12 ਫੀਸਦੀ ਵਾਧਾ ਦਰਜ ਹੋਇਆ। ਉਨਾਂ ਅੱਗੇ ਦੱਸਿਆ ਕਿ ਤੀਜੀ ਤਿਮਾਹੀ (ਅਕਤੂਬਰ ਤੋਂ ਦਸੰਬਰ 2020) ਦੇ ਸਮੇਂ ਦੌਰਾਨ ਕੁੱਲ ਰਾਸ਼ਟਰੀ ਜੀ.ਐਸ.ਟੀ. ਮਾਲੀਆ 3,25,292 ਕਰੋੜ ਰੁਪਏ ਇਕੱਤਰ ਹੋਇਆ ਜਦੋਂ ਕਿ ਇਸੇ ਸਮੇਂ ਦੌਰਾਨ ਪਿਛਲੇ ਸਾਲ 2019 ਵਿੱਚ 3,02,055 ਕਰੋੜ ਰੁਪਏ ਇਕੱਤਰ ਹੋਇਆ ਸੀ। ਇਸ ਤਰਾਂ ਇਸ ਸਾਲ ਪਿਛਲੇ ਸਾਲ ਨਾਲੋਂ 12 ਫੀਸਦੀ ਗਿਰਾਵਟ ਦਰਜ ਕੀਤੀ ਗਈ।
ਜੀ.ਐਸ.ਟੀ. ਤੋਂ ਇਲਾਵਾ ਪੰਜਾਬ ਸੂਬੇ ਨੂੰ ਵੈਟ ਅਤੇ ਸੀ.ਐਸ.ਟੀ. ਤੋਂ ਵੀ ਟੈਕਸ/ਮਾਲੀਆ ਪ੍ਰਾਪਤ ਹੁੰਦਾ ਹੈ। ਵੈਟ ਅਤੇ ਸੀ.ਐਸ.ਟੀ. ਇਕੱਤਰ ਕਰਨ ਵਿੱਚ ਪ੍ਰਮੁੱਖ ਯੋਗਦਾਨ ਕਰਨ ਵਾਲੇ ਉਤਪਾਦ ਸ਼ਰਾਬ ਅਤੇ ਪੰਜ ਪੈਟਰੋਲੀਅਮ ਉਤਪਾਦ ਹਨ। ਦਸੰਬਰ 2020 ਦੇ ਮਹੀਨੇ ਵਿੱਚ ਵੈਟ ਅਤੇ ਸੀ.ਐਸ.ਟੀ. ਦੀ ਕੁਲੈਕਸ਼ਨ 671.12 ਕਰੋੜ ਰੁਪਏ ਹੈ, ਜਦੋਂ ਕਿ ਪਿਛਲੇ ਸਾਲ ਦਸੰਬਰ 2019 ਦੇ ਮਹੀਨੇ ਲਈ ਇਹ ਕਲੈਕਸ਼ਨ 517.08 ਕਰੋੜ ਰੁਪਏ ਸੀ। ਇਸ ਤਰਾਂ ਇਸ ਸਾਲ ਪਿਛਲੇ ਸਾਲ ਦੇ ਮੁਕਾਬਲੇ 29.79 ਫੀਸਦੀ ਦਾ ਵਾਧਾ ਦਰਜ ਕੀਤਾ ਗਿਆ।
ਬੁਲਾਰੇ ਨੇ ਅੱਗੇ ਦੱਸਿਆ ਕਿ ਅਪਰੈਲ ਤੋਂ ਦਸੰਬਰ 2020 ਲਈ ਵੈਟ ਅਤੇ ਸੀ.ਐਸ.ਟੀ. ਕੁੱਲ ਮਾਲੀਆ 4474.02 ਕਰੋੜ ਰੁਪਏ ਰਿਹਾ ਹੈ ਜੋ ਕਿ ਪਿਛਲੇ ਸਾਲ ਦੇ ਇਸੇ ਸਮੇਂ ਦੌਰਾਨ ਕੁੱਲ ਮਾਲੀਆ 4137.59 ਕਰੋੜ ਰੁਪਏ ਸੀ, ਜੋ ਕਿ 8.13 ਫੀਸਦੀ ਦਾ ਵਾਧਾ ਦਰਸਾਉਦਾ ਹੈ।
ਜੀ.ਐਸ.ਟੀ., ਵੈਟ ਤੇ ਸੀ.ਐਸ.ਟੀ. ਨੂੰ ਜੇ ਇਕੱਠਿਆਂ ਵਾਚਿਆ ਜਾਵੇ ਤਾਂ ਦਸੰਬਰ 2020 ਦੌਰਾਨ ਕਰ ਦੀ ਉਗਰਾਹੀ 1738.33 ਕਰੋੜ ਰੁਪਏ ਸੀ ਜਦੋਂ ਕਿ ਪਿਛਲੇ ਸਾਲ ਦਸੰਬਰ 2019 ਦੌਰਾਨ ਇਹੋ ਉਗਰਾਹੀ 1526.11 ਕਰੋੜ ਰੁਪਏ ਸੀ। ਇਸ ਤਰਾਂ ਦਸੰਬਰ ਮਹੀਨੇ ਸਾਲ 2020 ਦੀ ਉਗਰਾਹੀ ਬੀਤੇ ਵਰੇ ਨਾਲੋਂ 212.22 ਕਰੋੜ ਰੁਪਏ (16 ਫੀਸਦੀ) ਵੱਧ ਰਹੀ। ਇਸੇ ਤਰਾਂ ਤੀਜੀ ਤਿਮਾਹੀ (ਅਕਤੂਬਰ-ਦਸੰਬਰ) ਦੌਰਾਨ ਉਗਰਾਹੀ 5168.48 ਕਰੋੜ ਰੁਪਏ ਹੋਈ ਜਦੋਂ ਕਿ ਪਿਛਲੇ ਸਾਲ ਇਸੇ ਸਮੇਂ ਦੌਰਾਨ ਉਗਰਾਹੀ 4474.15 ਕਰੋੜ ਰੁਪਏ ਹੋਈ ਸੀ ਜੋ ਕਿ ਇਸ ਸਾਲ 15.51 ਵਾਧਾ ਦਰਸਾਉਦਾ ਹੈ।
ਬੁਲਾਰੇ ਨੇ ਅੱਗੇ ਦੱਸਿਆ ਕਿ ਤੀਜੀ ਤਿਮਾਹੀ ਦੌਰਾਨ ਔਸਤਨ ਜੀ.ਐਸ.ਟੀ. ਮਾਲੀਏ ਵਿੱਚ ਪਿਛਲੇ ਸਾਲ ਦੀ ਤੀਜੀ ਤਿਮਾਹੀ ਮੁਕਾਬਲੇ 4.38 ਫੀਸਦੀ ਦਾ ਵਾਧਾ ਹੋਇਆ ਸੀ ਜਦੋਂ ਕਿ ਦੂਜੀ ਤੇ ਪਹਿਲੀ ਤਿਮਾਹੀ ਵਿੱਚ ਕ੍ਰਮਵਾਰ 11.06 ਫੀਸਦੀ ਤੇ 52.65 ਫੀਸਦੀ ਘਾਟਾ ਦਰਜ ਹੋਇਆ ਸੀ।

Related Articles

Leave a Reply

Your email address will not be published. Required fields are marked *

Back to top button
error: Content is protected with Update Punjab Dot Com!!