ਪੰਜਾਬ
*ਅੰਤਰਰਾਸ਼ਟਰੀ ਪੱਧਰ ਦੀ ਅਧਿਆਪਕ ਸਿਖਲਾਈ ਸ਼ੁਰੂ: ਯੁਨਾਈਟਿਡ ਸਟੇਟਸ ਐਂਬੈਸੀ ਦਿੱਲੀ ਦੇ ਅੰਤਰਰਾਸ਼ਟਰੀ ਟਰੇਨਰਾਂ ਨੇ ਦਿੱਤੀ ਸਿਖਲਾਈ
*ਅੰਗਰੇਜ਼ੀ ਵਿਸ਼ੇ ਸੰਬੰਧੀ 4 ਦਿਨਾ ਰਾਜ ਪੱਧਰੀ ਵਰਕਸ਼ਾਪ ਵਿੱਚ 50 ਸਟੇਟ ਮੈਂਟਰ ਟਰੇਨਰਾਂ ਨੇ ਲਿਆ ਹਿੱਸਾ*
4 ਜੁਲਾਈ ਤੋਂ 7 ਜੁਲਾਈ ਤੱਕ ਯੁਨਾਈਟਿਡ ਸਟੇਟਸ ਐਂਬੈਸੀ ਦਿੱਲੀ ਦੇ ਅੰਤਰਰਾਸ਼ਟਰੀ ਟਰੇਨਰਾਂ ਨੇ ਦਿੱਤੀ ਸਿਖਲਾਈ
ਪੰਜਾਬ ਸਰਕਾਰ ਦਾ ਸਕੂਲੀ ਸਿੱਖਿਆ ਨੂੰ ਮਿਆਰੀ ਬਣਾਉਣ ਲਈ ਮਹੱਤਵਪੂਰਨ ਉਪਰਾਲਾ- ਡਾ. ਮਨਿੰਦਰ ਸਰਕਾਰੀਆ
ਐੱਸ.ਏ.ਐੱਸ. ਨਗਰ 8 ਜੁਲਾਈ ( )
ਮਾਨਯੋਗ ਮੁੱਖ ਮੰਤਰੀ ਪੰਜਾਬ ਭਗਵੰਤ ਮਾਨ ਦੀ ਅਗਵਾਈ ਵਿੱਚ ਪੰਜਾਬ ਸਰਕਾਰ ਵੱਲੋਂ ਸਿੱਖਿਆ ਨੂੰ ਤਵੱਜੋਂ ਦਿੰਦਿਆਂ ਅੰਤਰਰਾਸ਼ਟਰੀ ਪੱਧਰ ਦੀ ਅਧਿਆਪਕ ਸਿਖਲਾਈ ਦੇਣ ਲਈ ਉਪਰਾਲੇ ਸ਼ੁਰੂ ਕਰ ਦਿੱਤੇ ਗਏ ਹਨ। ਸਿੱਖਿਆ ਸਕੱਤਰ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਪੰਜਾਬ ਦੇ ਸਰਕਾਰੀ ਮਿਡਲ, ਹਾਈ ਅਤੇ ਸੀਨੀਅਰ ਸੈਕੰਡਰੀ ਸਕੂਲਾਂ ਵਿੱਚ ਅੰਗਰੇਜ਼ੀ ਵਿਸ਼ਾ ਪੜ੍ਹਾ ਰਹੇ ਅੰਗਰੇਜ਼ੀ ਅਤੇ ਸਮਾਜਿਕ ਸਿੱਖਿਆ ਮਾਸਟਰਾਂ ਅਤੇ ਮਿਸਟ੍ਰੈਸਾਂ ਨੂੰ ਅੰਗਰੇਜ਼ੀ ਪੜ੍ਹਾਉਣ ਦੇ ਅੰਤਰਰਾਸ਼ਟਰੀ ਅਤੇ ਮਿਆਰੀ ਕੌਸ਼ਲਾਂ ਦੀ ਜਾਣਕਾਰੀ ਦੇਣ ਲਈ ਯੂਨਾਇਟਿਡ ਸਟੇਟਸ ਦੀ ਐਂਬੈਸੀ ਦੇ ਰੀਜਨਲ ਇੰਗਲਿਸ਼ ਲੈਂਗੂਏਜ਼ ਆਫ਼ਿਸ (ਰੈਲੋ) ਦੇ ਸਹਿਯੋਗ ਨਾਲ 4 ਦਿਨਾ ਰਾਜ ਪੱਧਰੀ ਸਿਖਲਾਈ ਵਰਕਸ਼ਾਪ ਦਾ ਆਯੋਜਨ ਖੇਤਰੀ ਸਹਿਕਾਰੀ ਪ੍ਰਬੰਧਨ ਸੰਸਥਾਨ ਵਿਖੇ ਗਿਆ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਡਾਇਰੈਕਟਰ ਰਾਜ ਵਿੱਦਿਅਕ ਖੋਜ ਅਤੇ ਸਿਖਲਾਈ ਪ੍ਰੀਸ਼ਦ ਡਾ. ਮਨਿੰਦਰ ਸਿੰਘ ਸਰਕਾਰੀਆ ਨੇ ਦੱਸਿਆ ਕਿ ਇਸ ਚਾਰ ਦਿਨਾ ਸਿਖਲਾਈ ਵਰਕਸ਼ਾਪ ਵਿੱਚ ਪੰਜਾਬ ਦੇ ਵਿੱਚ 23 ਜ਼ਿਲ੍ਹਿਆਂ ਤੋਂ 50 ਮੈਂਟਰ ਟਰੇਨਰ ਭਾਗ ਲੈ ਰਹੇ ਹਨ ਜੋ ਕਿ ਭਵਿੱਖ ਵਿੱਚ ਲਗਭਗ ਸਮੂਹ ਸਮਾਜਿਕ ਸਿੱਖਿਆ ਅਤੇ ਅੰਗਰੇਜ਼ੀ ਮਾਸਟਰਾਂ/ਮਿਸਟ੍ਰੈਸਾਂ ਨਾਲ ਇਸ ਸਿਖਲਾਈ ਦੌਰਾਨ ਅੰਗਰੇਜ਼ੀ ਵਿਸ਼ੇ ਦੀਆਂ ਸਿੱਖੀਆਂ ਗਈਆਂ ਸਿੱਖਣ-ਸਿਖਾਉਣ ਤਕਨੀਕਾਂ ਨੂੰ ਸਾਂਝਾ ਕਰਨਗੇ। ਇਹਨਾਂ ਆਧੁਨਿਕ ਅਤੇ ਰੌਚਕ ਸਿੱਖਣ-ਸਿਖਾਉਣ ਵਿਧੀਆਂ ਨਾਲ ਪੰਜਾਬ ਦੇ ਸਰਕਾਰੀ ਮਿਡਲ, ਹਾਈ ਅਤੇ ਸੀਨੀਅਰ ਸੈਕੰਡਰੀ ਸਕੂਲਾਂ ਵਿੱਚ ਪੜ੍ਹਦੇ 10 ਲੱਖ ਦੇ ਕਰੀਬ ਵਿਦਿਆਰਥੀਆਂ ਨੂੰ ਅੰਗਰੇਜ਼ੀ ਵਿਸ਼ੇ ਦੀ ਸੂਝ-ਬੂਝ ਬਣਾਉਣ ਵਿੱਚ ਭਰਪੂਰ ਮਦਦ ਮਿਲੇਗੀ।
ਡਾ. ਸਰਕਾਰੀਆ ਨੇ ਕਿਹਾ ਕਿ ਮਾਨਯੋਗ ਮੁੱਖ ਮੰਤਰੀ ਪੰਜਾਬ ਭਗਵੰਤ ਮਾਨ ਜੀ ਦੇ ਸਿੱਖਿਆ ਸੁਧਾਰਾਂ ਪ੍ਰਤੀ ਦੂਰਦਰਸ਼ੀ ਸੋਚ ਹੈ। ਇਸ ਦੇ ਮੱਦੇ ਨਜ਼ਰ ਪੰਜਾਬ ਦੇ ਹਰ ਖੇਤਰ ਵਿੱਚੋਂ ਬੱਚਿਆਂ ਨੂੰ ਮਿਆਰੀ ਸਿੱਖਿਆ ਦੇਣ ਲਈ ਵਧੀਆ ਤੋਂ ਵਧੀਆ ਸਹੂਲਤਾਂ ਦੇਣ ਦੇ ਉਪਰਾਲੇ ਕੀਤੇ ਜਾ ਰਹੇ ਹਨ ਤਾਂ ਕਿ ਬੱਚਿਆਂ ਨੂੰ ਪੜ੍ਹਾਈ ਨਿਜੀ ਸਕੂਲਾਂ ਜਿਹਾ ਮਾਹੌਲ ਮਿਲੇ ਅਤੇ ਉਹ ਬੁਲੰਦੀਆਂ ਨੂੰ ਛੋਹ ਸਕਣ।
ਇਸ ਸਿਖਲਾਈ ਵਰਕਸ਼ਾਪ ਦੀ ਅਗਵਾਈ ਅਮਰੀਕਾ ਦੇ ਅੰਗਰੇਜ਼ੀ ਭਾਸ਼ਾ ਦੇ ਮਾਹਿਰ ਮੈਡਮ ਸ਼ੇਨਨ ਸਮਿਥ ਅਤੇ ਮੈਡਮ ਵਿਕੀ ਹੇਲ ਖੁਦ ਕਰ ਰਹੇ ਹਨ ਜੋ ਕਿ 10 ਮਹੀਨੇ ਦੀ ਫੈਲੋਸ਼ਿਪ ‘ਤੇ ਯੁਨਾਇਟਿਡ ਸਟੇਟਸ ਦੇ ਵਿਭਾਗ ਵੱਲੋਂ ਰੇਲੋ ਦੇ ਸਹਿਯੋਗ ਨਾਲ ਕਾਰਜ ਕਰ ਰਹੇ ਹਨ। ਜ਼ਿਕਰਯੋਗ ਹੈ ਕਿ ਮੈਡਮ ਸ਼ੇਨਨ ਸਮਿਥ ਵਿਦੇਸ਼ਾਂ ਵਿੱਚ ਅਧਿਆਪਨ ਸਿਖਲਾਈ ਪ੍ਰੋਗਰਾਮਾਂ ਦੀ ਅਗਵਾਈ ਕਰ ਚੁੱਕੇ ਹਨ ਜਿਨ੍ਹਾਂ ਵਿੱਚ ਪਿਛਲੇ ਸਮੇਂ ਵਿੱਚ ਉਜ਼ਬੇਕਿਸਤਾਨ ਅਤੇ ਸ਼੍ਰੀ ਲੰਕਾ ਦੇਸ਼ ਵੀ ਸ਼ਾਮਲ ਹਨ। ਮੈਡਮ ਵਿਕੀ ਹੇਲ ਨੇ ਵੀ ਸਾਇਬੇਰੀਆ, ਰੂਸ ਅਤੇ ਯੁਨਾਇਟਿਡ ਸਟੇਟਸ ਵਿੱਚ ਵਧੀਆ ਕਾਰਜ ਕਰਦਿਆਂ ਅਧਿਆਪਕਾਂ ਨੂੰ ਸਿਖਲਾਈ ਦਿੱਤੀ ਹੈ। ਸਿੱਖਿਆ ਵਿਭਾਗ ਦੇ ਉੱਚ ਅਧਿਕਾਰੀਆਂ ਦੀ ਲੁਧਿਆਣਾ ਵਿਖੇ ਮੈਡਮ ਰੂਥ ਗੁੱਡ ਯੂਨਾਇਟਿਡ ਸਟੇਟ ਐਂਬੈਸੀ ਨਵੀਂ ਦਿੱਲੀ ਵਿਖੇ ਰੀਜ਼ਨਲ ਇੰਗਲਿਸ਼ ਲੈਂਗੁਏਜ਼ ਅਫ਼ਸਰ (ਰੈਲੋ) ਨਾਲ ਮੁਲਕਾਤ ਉਪਰੰਤ ਇਹਨਾਂ ਅੰਤਰਰਾਸ਼ਟਰੀ ਅਧਿਆਪਕ ਟਰੇਨਰਾਂ ਨੂੰ ਸੱਦਾ ਦਿੱਤਾ ਗਿਆ ਹੈ। ਮੈਡਮ ਰੂਥ ਗੁੱਡ ਯੂਨਾਇਟਿਡ ਸਟੇਟ ਐਂਬੈਸੀ ਨਵੀਂ ਦਿੱਲੀ ਵਿਖੇ ਰੀਜ਼ਨਲ ਇੰਗਲਿਸ਼ ਲੈਂਗੁਏਜ਼ ਅਫ਼ਸਰ (ਰੈਲੋ) ਨੇ ਦੱਸਿਆ ਕਿ ਰੈਲੋ ਯੁਨਾਇਟਿਡ ਸਟੇਟਸ ਐਂਬੈਸੀ ਦੇ ਸਰਵਜਨਿਕ ਮਾਮਲਿਆਂ ਦੇ ਸੈਕਸ਼ਨ ਦਾ ਹਿੱਸਾ ਹੈ ਜਿਸ ਨੂੰ ਯੂ.ਐੱਸ. ਦੇ ਵਿਭਾਗ ਵੱਲੋਂ ਸਹਿਯੋਗ ਕੀਤਾ ਜਾਂਦਾ ਹੈ। ਰੈਲੋ ਭਾਰਤ, ਅਫ਼ਗਾਨਿਸਤਾਨ ਅਤੇ ਭੁਟਾਨ ਵਿੱਚ ਅਧਿਆਪਕਾਂ ਦੀ ਸਿੱਖਣ-ਸਿਖਾਉਣ ਵਿਧੀਆਂ ਸਬੰਧੀ ਸਿਖਲਾਈ ਵਰਕਸ਼ਾਪ ਲਗਾਉਣ ਵਿਚ ਭੂਮਿਕਾ ਨਿਭਾਉਂਦਾ ਹੈ। ਅੰਗਰੇਜ਼ੀ ਭਾਸ਼ਾ ਨੂੰ ਸੰਚਾਰ ਲਈ ਸਿੱਖਣਾ ਅਤੇ ਸਿਖਾਉਣਾ ਯੂਨਾਇਟਿਡ ਸਟੇਟਸ ਦੀ ਨੀਤੀ ਦਾ ਅਨਿੱਖੜਵਾਂ ਅੰਗ ਹੈ ਜਿਸ ਨਾਲ ਬਾਕੀ ਦੇਸ਼ਾਂ ਦੇ ਨਾਗਰਿਕਾਂ ਨਾਲ ਪਰਸਪਰ ਸੂਝ-ਬੂਝ ਵਧਾਉਣ ਵਿੱਚ ਸਹਾਇਤਾ ਮਿਲਦੀ ਹੈ।
ਸਿਖਲਾਈ ਵਰਕਸ਼ਾਪ ਦੌਰਾਨ ਵੱਖ-ਵੱਖ ਭਾਸ਼ਾਵਾਂ ਨੂੰ ਸਿੱਖਣ ਦੀ ਮੁਹਾਰਤ, ਅੰਗਰੇਜ਼ੀ ਭਾਸ਼ਾ ਨੂੰ ਸਿੱਖਣ ਸਿਖਾਉਣ ਦੀਆਂ ਤਕਨੀਕਾਂ, ਸੰਚਾਰ ਲਈ ਭਾਸ਼ਾ ਦੀ ਭੂਮਿਕਾ, ਪੜ੍ਹਾਈ ਵਿੱਚ ਭਾਸ਼ਾਈ ਸਾਹਿਤ ਦੀ ਸਾਕਾਰਾਤਮਕ ਭੂਮਿਕਾ, ਸੂਖਮ ਪਾਠ ਯੋਜਨਾਬੰਦੀ, ਅਤੇ ਸਵੈ ਅਭਿਆਸ ‘ਤੇ ਰਿਸੋਰਸ ਮੈਂਟਰਾਂ ਨੇ ਪ੍ਰਭਾਵਸ਼ਾਲੀ ਢੰਗ ਨਾਲ ਅਧਿਆਪਕਾਂ ਨੂੰ 4 ਦਿਨ ਸਿਖਲਾਈ ਦਿੱਤੀ।
ਇਸ ਸਿਖਲਾਈ ਵਰਕਸ਼ਾਪ ਵਿੱਚ ਰਾਜੇਸ਼ ਭਾਰਦਵਾਜ ਸਹਾਇਕ ਡਾਇਰੈਕਟਰ ਟਰੇਨਿੰਗਾਂ, ਚੰਦਰ ਸ਼ੇਖਰ ਸਟੇਟ ਕੋਆਰਡੀਨੇਟਰ ਅੰਗਰੇਜ਼ੀ, ਮਨੂ ਗੁਲਾਟੀ ਮੈਂਟਰ ਟੀਚਰ ਦਿੱਲੀ, ਸ਼ਵੇਤਾ ਖੰਨਾ ਖੇਤਰੀ ਅੰਗਰੇਜ਼ੀ ਭਾਸ਼ਾ ਮਾਹਿਰ ਯੂਨਾਇਟਿਡ ਸਟੇਟਸ ਐਂਬੈਸੀ ਨਵੀਂ ਦਿੱਲੀ, ਨਵਨੀਤ ਕੌਰ, ਰਾਜਿੰਦਰ ਸਿੰਘ ਚਾਨੀ, ਅਮਰਦੀਪ ਸਿੰਘ ਬਾਠ ਅਤੇ ਹੋਰ ਜ਼ਿਲ੍ਹਾ ਅਤੇ ਬਲਾਕ ਮੈਂਟਰ ਟਰੇਨਰ ਅਤੇ ਰਿਸੋਰਸ ਗਰੁੱਪ ਦੇ ਅਧਿਆਪਕ ਵੀ ਮੌਜੂਦ ਸਨ।