*ਸੁਵੀਰ ਸਿੱਧੂ ਪੰਜਾਬ ਹਰਿਆਣਾ ਬਾਰ ਕੌਂਸਲ ਦੇ ਚੇਅਰਮੈਨ ਵਜੋਂ ਮੁੜ ਚੁਣੇ ਗਏ*
ਚੰਡੀਗੜ੍ਹ, 14 ਜੁਲਾਈ : ਮਾਨਯੋਗ ਹਾਈਕੋਰਟ ਦੇ ਦਿਸ਼ਾ-ਨਿਰਦੇਸ਼ਾਂ ‘ਤੇ ਵੀਰਵਾਰ ਨੂੰ ਹਰਿਆਣਾ ਦੇ ਐਡਵੋਕੇਟ ਜਨਰਲ ਬਲਦੇਵ ਰਾਜ ਮਹਾਜਨ ਦੀ ਦੇਖ-ਰੇਖ ਹੇਠ ਸੈਕਟਰ 37 ਸਥਿਤ ਲਾਅ ਭਵਨ ਵਿਖੇ ਪੰਜਾਬ ਹਰਿਆਣਾ ਬਾਰ ਕੌਂਸਲ ਦੀਆਂ ਚੋਣਾਂ ਕਰਵਾਈਆਂ ਗਈਆਂ। ਕੁੱਲ 27 ਵੋਟਾਂ ਵਿੱਚੋਂ ਜੇਤੂ ਸੁਵੀਰ ਸਿੱਧੂ ਨੂੰ 17 ਵੋਟਾਂ ਮਿਲੀਆਂ ਜਦਕਿ ਪਰਵੇਸ਼ ਯਾਦਵ ਸਿਰਫ਼ 9 ਵੋਟਾਂ ਹੀ ਹਾਸਲ ਕਰ ਸਕਿਆ ਜਦਕਿ ਇੱਕ ਮੈਂਬਰ ਨੇ ਆਪਣੀ ਵੋਟ ਦਾ ਇਸਤੇਮਾਲ ਨਹੀਂ ਕੀਤਾ। ਅਸ਼ੋਕ ਸਿੰਗਲਾ ਨੂੰ ਬਿਨਾਂ ਮੁਕਾਬਲਾ ਵਾਈਸ ਚੇਅਰਮੈਨ ਚੁਣ ਲਿਆ ਗਿਆ ਹੈ ਜਦਕਿ ਗੁਰਤੇਜ ਸਿੰਘ ਗਰੇਵਾਲ ਨੂੰ ਨਵਾਂ ਆਨਰੇਰੀ ਸਕੱਤਰ ਚੁਣਿਆ ਗਿਆ ਹੈ।
ਚੋਣ ਕਾਰਵਾਈ ਦੌਰਾਨ ਬਾਰ ਕੌਂਸਲ ਆਫ ਇੰਡੀਆ ਦੇ ਮੈਂਬਰ ਪ੍ਰਤਾਪ ਸਿੰਘ ਵੀ ਹਾਜ਼ਰ ਸਨ। ਇਕ ਪ੍ਰੈਸ ਬਿਆਨ ਜਾਰੀ ਕਰਦਿਆਂ ਪੰਜਾਬ ਅਤੇ ਹਰਿਆਣਾ ਬਾਰ ਕੌਂਸਲ ਦੇ ਵਧੀਕ ਸਕੱਤਰ ਮਲਕੀਤ ਸਿੰਘ ਨੇ ਦੱਸਿਆ ਕਿ ਸਾਬਕਾ ਪ੍ਰਧਾਨ ਮਨਿੰਦਰਜੀਤ ਯਾਦਵ ਨੇ ਸ੍ਰੀ ਸਿੱਧੂ ਨੂੰ ਇਸ ਮੌਕੇ ’ਤੇ ਵਧਾਈ ਦਿੱਤੀ ਅਤੇ ਉਨ੍ਹਾਂ ਨੂੰ ਸਲਾਹ ਦਿੱਤੀ ਕਿ ਉਹ ਕਾਨੂੰਨੀ ਭਾਈਚਾਰੇ ਦੇ ਹਿੱਤ ਅਤੇ ਭਲਾਈ ਲਈ ਬਾਰ ਕੌਂਸਲ ਦੀ ਵਿਰਾਸਤ ਨੂੰ ਜਾਰੀ ਰੱਖਣ।
32 ਸਾਲਾ ਸੁਵੀਰ ਪੰਜਾਬ ਦੇ ਐਡਵੋਕੇਟ ਜਨਰਲ ਡਾ. ਅਨਮੋਲ ਰਤਨਾ ਸਿੱਧੂ ਦਾ ਪੁੱਤਰ ਹੈ, ਜਿਸ ਨੂੰ ਦੇਸ਼ ਭਰ ਦੀਆਂ ਕੌਂਸਲਾਂ ਦਾ ਸਭ ਤੋਂ ਨੌਜਵਾਨ ਚੇਅਰਮੈਨ ਚੁਣਿਆ ਗਿਆ ਹੈ।