*ਪੰਜਾਬ ਜਲਦੀ ਗੈਂਗਸਟਰਾਂ ਤੇ ਨਸ਼ਾ ਤਸਕਰਾਂ ਤੋਂ ਮੁਕਤ ਹੋਵੇਗਾ: ਮੁੱਖ ਮੰਤਰੀ*
* ਗੈਂਗਸਟਰਾਂ ਖ਼ਿਲਾਫ਼ ਬੁੱਧਵਾਰ ਦੀ ਕਾਰਵਾਈ ਉਤੇ ਪੰਜਾਬ ਪੁਲਿਸ ਤੇ ਐਂਟੀ ਗੈਂਗਸਟਰ ਟਾਸਕ ਫੋਰਸ ਦੇ ਅਧਿਕਾਰੀਆਂ ਦੀ ਕੀਤੀ ਸ਼ਲਾਘਾ*
ਸੂਬੇ ਵਿੱਚ ਸ਼ਾਂਤੀ ਤੇ ਕਾਨੂੰਨ ਵਿਵਸਥਾ ਬਰਕਰਾਰ ਰੱਖਣਾ ਸਾਡੀ ਸਰਕਾਰ ਦੀ ਗਰੰਟੀ: ਭਗਵੰਤ ਮਾਨ
ਚੰਡੀਗੜ੍ਹ, 21 ਜੁਲਾਈ
ਖ਼ਤਰਨਾਕ ਗੈਂਗਸਟਰਾਂ ਖ਼ਿਲਾਫ਼ ਬੁੱਧਵਾਰ ਦੀ ਕਾਰਵਾਈ ਨੂੰ ਸਫ਼ਲਤਾ ਪੂਰਵਕ ਅੰਜ਼ਾਮ ਦੇਣ ਉਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਅੱਜ ਕਿਹਾ ਕਿ ਸੂਬੇ ਨੂੰ ਜਲਦੀ ਗੈਂਗਸਟਰਾਂ ਤੇ ਨਸ਼ਾ ਤਸਕਰਾਂ ਤੋਂ ਮੁਕਤ ਕਰਵਾਇਆ ਜਾਵੇਗਾ।
ਲੋਕਾਂ ਦੇ ਨਾਂ ਆਪਣੇ ਸੰਦੇਸ਼ ਵਿੱਚ ਮੁੱਖ ਮੰਤਰੀ ਨੇ ਕਿਹਾ, “ਇਹ ਸੂਬੇ ਦੇ ਲੋਕਾਂ ਨੂੰ ਮੇਰੀ ਗਰੰਟੀ ਹੈ ਕਿ ਕਿਸੇ ਨੂੰ ਵੀ ਸੂਬੇ ਦੀ ਮੁਸ਼ਕਲ ਨਾਲ ਹਾਸਲ ਕੀਤੀ ਸ਼ਾਂਤੀ ਨੂੰ ਭੰਗ ਕਰਨ ਦੀ ਇਜਾਜ਼ਤ ਨਹੀਂ ਦਿੱਤੀ ਜਾਵੇਗੀ ਅਤੇ ਗੈਂਗਸਟਰਾਂ ਤੇ ਨਸ਼ਾ ਤਸਕਰਾਂ ਤੋਂ ਮੁਕਤੀ ਦੇ ਨਾਲ ਪੰਜਾਬ ਵਿੱਚ ਸ਼ਾਂਤੀ ਤੇ ਫਿਰਕੂ ਸਦਭਾਵਨਾ ਬਰਕਰਾਰ ਰੱਖਣ ਲਈ ਹਰੇਕ ਕਦਮ ਚੁੱਕਿਆ ਜਾਵੇਗਾ।”
ਡਾਇਰੈਕਟਰ ਜਨਰਲ ਪੁਲਿਸ (ਡੀ.ਜੀ.ਪੀ.) ਗੌਰਵ ਯਾਦਵ ਤੇ ਹੋਰ ਅਧਿਕਾਰੀਆਂ ਨਾਲ ਆਪਣੀ ਸਰਕਾਰੀ ਰਿਹਾਇਸ਼ ਉਤੇ ਵੀਰਵਾਰ ਨੂੰ ਮੀਟਿੰਗ ਦੌਰਾਨ ਮੁੱਖ ਮੰਤਰੀ ਨੇ ਸਪੱਸ਼ਟ ਤੌਰ ਉਤੇ ਆਖਿਆ ਕਿ ਇਨ੍ਹਾਂ ਗੈਂਗਸਟਰਾਂ ਤੇ ਨਸ਼ਾ ਤਸਕਰਾਂ ਦੀ ਪਿਛਲੀਆਂ ਸਰਕਾਰਾਂ ਦੌਰਾਨ ਸੱਤਾ ਵਿੱਚ ਰਹੇ ਆਗੂਆਂ ਨੇ ਪੁਸ਼ਤਪਨਾਹੀ ਕੀਤੀ ਸੀ। ਉਨ੍ਹਾਂ ਕਿਹਾ ਕਿ ਅਕਾਲੀਆਂ ਤੇ ਕਾਂਗਰਸੀਆਂ ਦੀ ਪਨਾਹ ਵਿੱਚ ਗੈਂਗਸਟਰਾਂ ਨੇ ਸੂਬੇ ਭਰ ਵਿੱਚ ਸ਼ਰ੍ਹੇਆਮ ਆਪਣੀਆਂ ਗਤੀਵਿਧੀਆਂ ਚਲਾਈਆਂ ਕਿਉਂਕਿ ਇਹ ਆਗੂ ਆਪਣੇ ਸਿਆਸੀ ਸਵਾਰਥਾਂ ਲਈ ਇਨ੍ਹਾਂ ਗੈਂਗਸਟਰਾਂ ਨੂੰ ਵਰਤਦੇ ਸਨ। ਭਗਵੰਤ ਮਾਨ ਨੇ ਕਿਹਾ ਕਿ ਸੱਤਾ ਸੰਭਾਲਣ ਮਗਰੋਂ ਉਨ੍ਹਾਂ ਦੀ ਸਰਕਾਰ ਦੀ ਪਹਿਲੀ ਤਰਜੀਹ ਪੰਜਾਬ ਨੂੰ ਗੈਂਗਸਟਰਾਂ ਤੇ ਨਸ਼ਾ ਤਸਕਰਾਂ ਤੋਂ ਮੁਕਤ ਕਰਨਾ ਹੈ ਅਤੇ ਉਹ ਦਿਨ ਦੂਰ ਨਹੀਂ, ਜਦੋਂ ਸਾਰੇ ਗੈਂਗਸਟਰ ਸਲਾਖਾਂ ਪਿੱਛੇ ਹੋਣਗੇ।
ਮੁੱਖ ਮੰਤਰੀ ਨੇ ਕਿਹਾ ਕਿ ਪੰਜਾਬ ਪੁਲਿਸ ਦੀ ਬੁੱਧਵਾਰ ਦੀ ਕਾਰਵਾਈ ਸੂਬਾ ਸਰਕਾਰ ਦੀ ਗੈਂਗਸਟਰਾਂ ਤੇ ਸਮਾਜ ਵਿਰੋਧੀ ਤੱਤਾਂ ਨਾਲ ਕੋਈ ਲਿਹਾਜ਼ ਨਾ ਵਰਤਣ ਦੀ ਨੀਤੀ ਦੇ ਅਨੁਸਾਰ ਹੈ। ਉਨ੍ਹਾਂ ਕਿਹਾ ਕਿ ਇਹ ਗੈਂਗਸਟਰ ਮਸ਼ਹੂਰ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੇ ਕਤਲ ਵਿੱਚ ਸ਼ਾਮਲ ਸਨ ਅਤੇ ਕਤਲ ਦੇ ਬਾਅਦ ਤੋਂ ਹੀ ਫ਼ਰਾਰ ਸਨ। ਭਗਵੰਤ ਮਾਨ ਨੇ ਕਿਹਾ ਕਿ ਐਂਟੀ ਗੈਂਗਸਟਰ ਟਾਸਕ ਫੋਰਸ ਨੇ ਇਨ੍ਹਾਂ ਸ਼ੂਟਰਾਂ ਦੀ ਸ਼ਨਾਖ਼ਤ ਕੀਤੀ ਸੀ ਅਤੇ ਪਤਾ ਲਾਇਆ ਸੀ ਕਿ ਉਹ ਅੰਮ੍ਰਿਤਸਰ ਵਿਖੇ ਸਰਹੱਦ ਨੇੜੇ ਇਕ ਇਮਾਰਤ ਵਿੱਚ ਲੁਕੇ ਹੋਏ ਹਨ।
ਮੁੱਖ ਮੰਤਰੀ ਨੇ ਕਿਹਾ ਕਿ ਪੰਜਾਬ ਪੁਲਿਸ ਨੇ ਮਿਸਾਲੀ ਸਾਹਸ ਅਤੇ ਹੌਸਲੇ ਦਾ ਮੁਜ਼ਾਹਰਾ ਕਰਦਿਆਂ ਬੇਹੱਦ ਪੇਸ਼ੇਵਰ ਢੰਗ ਨਾਲ ਇਸ ਕਾਰਵਾਈ ਨੂੰ ਅੰਜ਼ਾਮ ਦਿੱਤਾ ਹੈ ਅਤੇ ਇਸ ਸਾਹਸੀ ਕਾਰਵਾਈ ਲਈ ਸਾਰਾ ਸੂਬਾ ਇਨ੍ਹਾਂ ਜਵਾਨਾਂ ਦਾ ਕਰਜ਼ਦਾਰ ਹੈ। ਮੁੱਖ ਮੰਤਰੀ ਨੇ ਕਿਹਾ ਕਿ ਪੰਜਾਬ ਪੁਲਿਸ ਨੇ ਲੋਕਾਂ ਦੇ ਜਾਨ ਤੇ ਮਾਲ ਦੀ ਰਾਖੀ ਲਈ ਸਮਾਜ ਤੇ ਦੇਸ਼ ਵਿਰੋਧੀ ਤੱਤਾਂ ਖ਼ਿਲਾਫ਼ ਸਿੱਧੀ ਟੱਕਰ ਲੈਣ ਦੀ ਆਪਣੀ ਸ਼ਾਨਦਾਰ ਰਵਾਇਤ ਨੂੰ ਬਰਕਰਾਰ ਰੱਖਿਆ ਹੈ। ਉਨ੍ਹਾਂ ਕਿਹਾ ਕਿ ਕਿਸੇ ਵੀ ਗੈਂਗਸਟਰ, ਨਸ਼ਾ ਤਸਕਰ ਜਾਂ ਕਿਸੇ ਵੀ ਸਮਾਜ ਵਿਰੋਧੀ ਅਨਸਰ ਨੂੰ ਸੂਬੇ ਦੀ ਕਰੜੀ ਘਾਲਣਾ ਨਾਲ ਹਾਸਲ ਕੀਤੀ ਸ਼ਾਂਤੀ ਨੂੰ ਵਿਗਾੜਨ ਦੀ ਇਜਾਜ਼ਤ ਨਹੀਂ ਦਿੱਤੀ ਜਾਵੇਗੀ ਅਤੇ ਅਜਿਹੇ ਕਾਰੇ ਕਰਨ ਵਾਲਿਆਂ ਖ਼ਿਲਾਫ਼ ਸਖ਼ਤ ਤੋਂ ਸਖ਼ਤ ਕਦਮ ਚੁੱਕਿਆ ਜਾਵੇਗਾ।
ਮੁੱਖ ਮੰਤਰੀ ਨੇ ਕਿਹਾ ਕਿ ਪੰਜਾਬ ਪੁਲਿਸ ਦੀ ਇਸ ਕਾਰਵਾਈ ਨਾਲ ਹਰੇਕ ਪੰਜਾਬੀ ਇਨ੍ਹਾਂ ਬਹਾਦਰਾਂ ਉਤੇ ਮਾਣ ਮਹਿਸੂਸ ਕਰ ਰਿਹਾ ਹੈ, ਜਿਹੜੇ ਲੋਕਾਂ ਦੀ ਸੇਵਾ ਵਿੱਚ ਦਿਨ-ਰਾਤ ਜੁਟੇ ਰਹਿੰਦੇ ਹਨ। ਉਨ੍ਹਾਂ ਦੁਹਰਾਇਆ ਕਿ ਸੂਬਾ ਸਰਕਾਰ ਸੂਬੇ ਵਿੱਚ ਕਿਸੇ ਵੀ ਕੀਮਤ ਉਤੇ ਕਾਨੂੰਨ-ਵਿਵਸਥਾ ਬਰਕਰਾਰ ਰੱਖਣ ਲਈ ਵਚਨਬੱਧ ਹੈ ਅਤੇ ਇਸ ਲਈ ਕੋਈ ਕਸਰ ਬਾਕੀ ਨਹੀਂ ਛੱਡੀ ਜਾਵੇਗੀ। ਭਗਵੰਤ ਮਾਨ ਨੇ ਪੰਜਾਬੀਆਂ ਨੂੰ ਭਰੋਸਾ ਦਿੱਤਾ ਕਿ ਸੂਬਾ ਸਰਕਾਰ ਕਾਰਜ ਕੁਸ਼ਲ ਤੇ ਜ਼ਿੰਮੇਵਾਰ ਪੁਲਿਸ ਢਾਂਚੇ ਰਾਹੀਂ ਹਰੇਕ ਵਿਅਕਤੀ ਦੇ ਜਾਨ ਤੇ ਮਾਲ ਦੀ ਰਾਖੀ ਯਕੀਨੀ ਬਣਾਏਗੀ।
ਇਸ ਮੌਕੇ ਡੀ.ਜੀ.ਪੀ. ਤੇ ਐਂਟੀ ਗੈਂਗਸਟਰ ਟਾਸਕ ਫੋਰਸ ਦੇ ਮੁਖੀ ਨੇ ਇਸ ਸਮੁੱਚੀ ਕਾਰਵਾਈ ਦੇ ਵੱਖ-ਵੱਖ ਪਹਿਲੂਆਂ ਬਾਰੇ ਮੁੱਖ ਮੰਤਰੀ ਨੂੰ ਜਾਣੂੰ ਕਰਵਾਇਆ।