*ਮੁੱਖ ਸਕੱਤਰ ਨੇ ਨਸ਼ਿਆਂ ਨੂੰ ਰੋਕਣ ਲਈ ਲਾਗੂ ਕਰਨ ਵਾਲੀਆਂ ਏਜੰਸੀਆਂ ਨੂੰ ਸਾਂਝੇ ਯਤਨ ਕਰਨ ਲਈ ਆਖਿਆ*
*ਆਉਣ ਵਾਲੀਆਂ ਪੀੜੀਆਂ ਨੂੰ ਨਸ਼ਿਆਂ ਦੀ ਅਲਾਮਤ ਤੋਂ ਬਚਾਉਣ ਲਈ ਸਮੇਂ ਦੀ ਲੋੜ ਦੱਸਿਆ*
ਚੰਡੀਗੜ, 10 ਅਗਸਤ
ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਸੂਬੇ ਨੂੰ ਪੂਰਨ ਨਸ਼ਾ ਮੁਕਤ ਕਰਨ ਦੀ ਵਚਨਬੱਧਤਾ ਤਹਿਤ ਮੁੱਖ ਸਕੱਤਰ ਵਿਜੈ ਕੁਮਾਰ ਜੰਜੂਆ ਨੇ ਅੱਜ ਨਸ਼ਿਆਂ ਨੂੰ ਰੋਕਣ ਲਈ ਲਾਗੂ ਕਰਨ ਵਾਲੀਆਂ ਏਜੰਸੀਆਂ ਨੂੰ ਸਾਂਝੇ ਯਤਨ ਕਰਨ ਲਈ ਆਖਿਆ।
ਸੂਬਾ ਪੱਧਰੀ ਨਾਰਕੋ ਤਾਲਮੇਲ ਸੈਂਟਰ (ਐਨ.ਸੀ.ਓ.ਆਰ.ਡੀ.) ਦੀ ਮੀਟਿੰਗ ਦੀ ਪ੍ਰਧਾਨਗੀ ਕਰਦਿਆਂ ਮੁੱਖ ਸਕੱਤਰ ਨੇ ਨਸ਼ਿਆਂ ਦੇ ਖਾਤਮੇ ਲਈ ਸਾਂਝੀ ਰਣਨੀਤੀ ਉਲੀਕਣ ’ਤੇ ਜ਼ੋਰ ਦਿੱਤਾ। ਉਨਾਂ ਆਖਿਆ ਕਿ ਆਈ.ਜੀ. ਪੱਧਰ ਦਾ ਨੋਡਲ ਅਫਸਰ ਨਾਮਜ਼ਦ ਕੀਤਾ ਜਾਵੇਗਾ ਜੋ ਜੇਲਾਂ ਨਾਲ ਸਬੰਧਤ ਮਾਮਲਿਆਂ ਵਿੱਚ ਨਸ਼ਿਆਂ ਦੇ ਕਾਨੂੰਨ ਨੂੰ ਲਾਗੂ ਕਰਨ ਵਾਲੀਆਂ ਸਾਰੀਆਂ ਏਜੰਸੀਆਂ ਨਾਲ ਤਾਲਮੇਲ ਕਰੇਗਾ। ਇਸੇ ਦੌਰਾਨ ਸ੍ਰੀ ਜੰਜੂਆ ਨੇ ਕਿਹਾ ਕਿ ਨਾਰਕੋਟਿਕਸ ਕੰਟਰੋਲ ਬਿਊਰ ਵੱਲੋਂ ਮੁਹੱਈਆ ਕਰਵਾਏ ਜਾਣ ਵਾਲੇ ‘ਨਸ਼ਾ ਰੋਕੂ ਬੋਰਡ’ ਸੂਬੇ ਭਰ ਦੇ ਸਾਰੇ ਪੱਬਾਂ ਤੇ ਰੈਸਟੋਰੈਂਟ ਵਿੱਚ ਲਗਾਏ ਜਾਣ।
ਮੁੱਖ ਸਕੱਤਰ ਨੇ ਇਹ ਵੀ ਕਿਹਾ ਕਿ ਐਨ.ਸੀ.ਬੀ. ਦੇ ਤਾਲਮੇਲ ਨਾਲ ਸਾਰੇ ਵਿਭਾਗਾਂ ਅਤੇ ਡਰੱਗ ਕਾਨੂੰਨ ਲਾਗੂ ਕਰਨ ਏਜੰਸੀਆਂ ਵੱਲੋਂ ਨਸ਼ੀਲੇ ਪਦਾਰਥਾਂ ਦੀ ਤਸਕਰੀ ਨਾਲ ਨਜਿੱਠਣ ਲਈ ਸਿਖਲਾਈ ਸਮੇਤ ਸਮਰੱਥਾ ਨਿਰਮਾਣ ਪ੍ਰੋਗਰਾਮਾਂ ’ਤੇ ਧਿਆਨ ਕੇਂਦਰਿਤ ਕੀਤਾ ਜਾਵੇਗਾ। ਉਨਾਂ ਕਿਹਾ ਕਿ ਲੋਕਾਂ ਨੂੰ ਜਾਗਰੂਕ ਕਰਨ ਦੇ ਨਾਲ-ਨਾਲ ਸੰਵੇਦਨਸ਼ੀਲ ਵਰਗਾਂ ਨੂੰ ਮੁੱਖ ਰੱਖਦਿਆਂ ਵਿਆਪਕ ਪੱਧਰ ’ਤੇ ਨਸ਼ਾ ਵਿਰੋਧੀ ਜਾਗਰੂਕਤਾ ਪ੍ਰੋਗਰਾਮ ਸ਼ੁਰੂ ਕੀਤੇ ਜਾਣਗੇ। ਜੰਜੂਆ ਨੇ ਇਹ ਵੀ ਕਿਹਾ ਕਿ ਪੰਜਾਬ ਦੇ ਸਾਰੇ ਜ਼ਿਲੇ ਲਾਜ਼ਮੀ ਤੌਰ ’ਤੇ ਮਹੀਨਾਵਾਰ ਜ਼ਿਲਾ ਐਨ.ਸੀ.ਓ.ਆਰ.ਡੀ. ਮੀਟਿੰਗਾਂ ਕਰਨਗੇ।
ਮੁੱਖ ਸਕੱਤਰ ਨੇ ਨਸ਼ਿਆਂ ਵਿਰੁੱਧ ਈ-ਸਹੰੁ (ਪਲੈਜ) ਮੁਹਿੰਮ ਸ਼ੁਰੂ ਕਰਨ ਦੇ ਵੀ ਨਿਰਦੇਸ਼ ਦਿੱਤੇ। ਉਨਾਂ ਕਿਹਾ ਕਿ ਇਸ ਮੁਹਿੰਮ ਨੂੰ ਸਕੂਲਾਂ, ਕਾਲਜਾਂ, ਯੂਨੀਵਰਸਿਟੀਆਂ ਅਤੇ ਸਰਕਾਰੀ ਦਫਤਰਾਂ ਵਿੱਚ ਵਿਆਪਕ ਪੱਧਰ ’ਤੇ ਚਲਾਇਆ ਜਾਣਾ ਚਾਹੀਦਾ ਹੈ। ਜੰਜੂਆ ਨੇ ਇਹ ਵੀ ਕਿਹਾ ਕਿ ਲਗਾਤਾਰ ਸੂਬਾ ਪੱਧਰੀ ਐਨ.ਸੀ.ਓ.ਆਰ.ਡੀ. ਮੀਟਿੰਗ ਕਰਵਾਈ ਜਾਵੇਗੀ। ਉਨਾਂ ਕਿਹਾ ਕਿ ਸਾਡੀਆਂ ਆਉਣ ਵਾਲੀਆਂ ਪੀੜੀਆਂ ਨੂੰ ਨਸ਼ਿਆਂ ਦੀ ਮਾਰ ਤੋਂ ਬਚਾਉਣ ਲਈ ਨਸ਼ਿਆਂ ਵਿਰੁੱਧ ਜੰਗ ਨੂੰ ਹੋਰ ਤੇਜ਼ ਕਰਨ ਦੀ ਲੋੜ ਹੈ।
ਮੀਟਿੰਗ ਵਿੱਚ ਹੋਰਨਾਂ ਤੋਂ ਇਲਾਵਾ ਵਧੀਕ ਮੁੱਖ ਸਕੱਤਰ ਗ੍ਰਹਿ ਅਨੁਰਾਗ ਵਰਮਾ, ਵਧੀਕ ਮੁੱਖ ਸਕੱਤਰ ਜੰਗਲਾਤ ਰਾਜੀ ਪੀ ਸ੍ਰੀਵਾਸਤਵਾ, ਪ੍ਰਮੁੱਖ ਸਕੱਤਰ ਸਮਾਜਿਕ ਨਿਆਂ, ਘੱਟ ਗਿਣਤੀ ਅਤੇ ਸਸ਼ਕਤੀਕਰਨ ਰਮੇਸ਼ ਕੁਮਾਰ ਗੰਟਾ, ਸਕੱਤਰ ਸਿਹਤ ਅਜੋਏ ਸ਼ਰਮਾ, ਸਕੱਤਰ ਗ੍ਰਹਿ ਅਲਕਨੰਦਾ ਦਿਆਲ, ਸਪੈਸ਼ਲ ਡੀ.ਜੀ.ਪੀ. ਐਸ.ਟੀ.ਐਫ. ਹਰਪ੍ਰੀਤ ਸਿੰਘ ਸਿੱਧੂ, ਏ.ਡੀ.ਜੀ.ਪੀ. ਕਾਨੂੰਨ ਤੇ ਵਿਵਸਥਾ ਈਸ਼ਵਰ ਸਿੰਘ, ਡਿਪਟੀ ਡਾਇਰੈਕਟਰ ਜਨਰਲ (ਉੱਤਰੀ ਖੇਤਰ) ਨਾਰਕੋਟਿਕਸ ਕੰਟਰੋਲ ਬਿਊਰੋ ਗਿਆਨੇਸ਼ਵਰ ਸਿੰਘ, ਜ਼ੋਨਲ ਡਾਇਰੈਕਟਰ ਐਨ.ਸੀ.ਬੀ. ਚੰਡੀਗੜ ਅਮਨਜੀਤ ਸਿੰਘ, ਵਧੀਕ ਆਬਕਾਰੀ ਕਮਿਸ਼ਨਰ ਸੰਦੀਪ ਰਿਸ਼ੀ ਅਤੇ ਆਈ.ਜੀ. ਬੀ.ਐਸ.ਐਫ. ਆਸਿਫ ਜਲਾਲ ਹਾਜ਼ਰ ਸਨ।