*ਜੀ.ਐਸ.ਟੀ ਇਕੱਤਰ ਕਰਨ ਵਿੱਚ ਲੁਧਿਆਣਾ ਡਿਵੀਜਨ ਅਤੇ ਵਾਧਾ ਦਰ ਵਿੱਚ ਫ਼ਰੀਦਕੋਟ ਡਿਵੀਜਨ ਮੋਹਰੀ*
ਚੰਡੀਗੜ੍ਹ, ਅਗਸਤ 12
ਵਿੱਤੀ ਵਰ੍ਹੇ 2021-22 ਦੇ ਮੁਕਾਬਲੇ ਚਾਲੂ ਵਿੱਤੀ ਵਰ੍ਹੇ ਦੇ ਪਹਿਲੇ ਚਾਰ ਮਹੀਨਿਆਂ ਦੌਰਾਨ ਸੂਬੇ ਦੀ ਜੀ.ਐਸ.ਟੀ ਇਕੱਤਰ ਕਰਨ ਵਿੱਚ 1714.35 ਕਰੋੜ ਰੁਪਏ ਦੀ ਕੁਲੈਕਸ਼ਨ ਨਾਲ ਲੁਧਿਆਣਾ ਅਤੇ 34 ਫੀਸਦੀ ਵਾਧਾ ਦਰ ਨਾਲ ਫਰੀਦਕੋਟ ਡਿਵੀਜਨ ਪੰਜਾਬ ਭਰ ਵਿੱਚੋਂ ਸੱਭ ਤੋਂ ਮੋਹਰੀ ਰਹੇ।
ਅੱਜ ਇਥੇ ਇਹ ਜਾਣਕਾਰੀ ਸਾਂਝੀ ਕਰਦਿਆਂ ਵਿਭਾਗ ਦੇ ਸਰਕਾਰੀ ਬੁਲਾਰੇ ਨੇ ਦੱਸਿਆ ਕਿ ਇਸੇ ਸਮੇਂ ਦੌਰਾਨ ਜੀ.ਐਸ.ਟੀ ਇਕੱਤਰ ਕਰਨ ਵਿੱਚ 981 ਕਰੋੜ ਰੁਪਏ ਦੀ ਕੁਲੈਕਸ਼ਨ ਨਾਲ ਰੋਪੜ ਡਿਵੀਜਨ ਅਤੇ 27 ਫੀਸਦੀ ਵਾਧਾ ਦਰ ਨਾਲ ਫਿਰੋਜ਼ਪੁਰ ਡਿਵੀਜਨ ਸੂਬੇ ਭਰ ਵਿੱਚ ਦੂਸਰੇ ਸਥਾਨ ‘ਤੇ ਰਹੇ।
ਚਾਲੂ ਵਿੱਤੀ ਵਰ੍ਹੇ ਦੇ ਪਹਿਲੇ ਚਾਰ ਮਹੀਨਿਆਂ ਦੌਰਾਨ ਵੱਖ-ਵੱਖ ਡਿਵੀਜਨਾਂ ਵਿੱਚ ਜੀ.ਐਸ.ਟੀ ਕੁਲੈਕਸ਼ਨ ਦੀ ਦਰਜ਼ ਕੀਤੀ ਗਈ ਵਾਧਾ ਦਰ ਬਾਰੇ ਅੰਕੜੇ ਸਾਂਝੇ ਕਰਦਿਆਂ, ਬੁਲਾਰੇ ਨੇ ਕਿਹਾ ਕਿ ਬੀਤੇ ਵਿੱਤੀ ਵਰ੍ਹੇ ਦੇ ਮੁਕਾਬਲੇ ਇਸੇ ਸਮੇਂ ਦੌਰਾਨ ਫਰੀਦਕੋਟ ਡਿਵੀਜਨ ਨੇ 34 ਫੀਸਦੀ, ਫਿਰੋਜ਼ਪੁਰ ਡਿਵੀਜਨ ਨੇ 27 ਫੀਸਦੀ, ਜਲੰਧਰ ਡਿਵੀਜਨ ਨੇ 22 ਫੀਸਦੀ, ਅੰਮ੍ਰਿਤਸਰ ਡਿਵੀਜਨ ਨੇ 21 ਫੀਸਦੀ, ਲੁਧਿਆਣਾ ਡਿਵੀਜਨ ਨੇ 20 ਫੀਸਦੀ, ਪਟਿਆਲਾ ਡਿਵੀਜਨ ਨੇ 14 ਫੀਸਦੀ ਅਤੇ ਰੋਪੜ ਡਿਵੀਜਨ ਨੇ ਮਨਫੀ 1 ਫੀਸਦੀ ਵਾਧਾ ਦਰ ਦਰਜ਼ ਕੀਤੀ।
ਇਕੱਤਰ ਕੀਤੀ ਗਈ ਕੁੱਲ ਜੀ.ਐਸ.ਟੀ ਰਾਸ਼ੀ ਬਾਰੇ ਜਾਣਕਾਰੀ ਦਿੰਦਿਆਂ ਬੁਲਾਰੇ ਨੇ ਦੱਸਿਆ ਕਿ ਚਾਲੂ ਵਿੱਤੀ ਵਰ੍ਹੇ ਦੇ ਪਹਿਲੇ ਚਾਰ ਮਹੀਨਿਆਂ ਦੌਰਾਨ ਲੁਧਿਆਣਾ ਨੇ ਸੱਭ ਤੋਂ ਵੱਧ 1714.35 ਕਰੋੜ ਰੁਪਏ, ਰੋਪੜ ਨੇ 981 ਕਰੋੜ ਰੁਪਏ, ਜਲੰਧਰ ਨੇ 680.84 ਕਰੋੜ ਰੁਪਏ, ਫ਼ਰੀਦਕੋਟ ਡਿਵੀਜਨ ਨੇ 472.56 ਕਰੋੜ ਰੁਪਏ, ਅੰਮ੍ਰਿਤਸਰ ਨੇ 449.69 ਕਰੋੜ ਰੁਪਏ, ਪਟਿਆਲਾ ਨੇ 348.26 ਕਰੋੜ ਰੁਪਏ ਅਤੇ ਫਿਰੋਜ਼ਪੁਰ ਡਿਵੀਜਨ ਨੇ 203.31 ਕਰੋੜ ਰੁਪਏ ਦਾ ਜੀ.ਐਸ.ਟੀ ਇਕੱਤਰ ਕੀਤਾ।
ਬੁਲਾਰੇ ਨੇ ਦੱਸਿਆ ਕਿ ਵਿੱਤ ਮੰਤਰੀ ਐਡਵੋਕੇਟ ਹਰਪਾਲ ਸਿੰਘ ਚੀਮਾ ਦੀ ਅਗਵਾਈ ਹੇਠ ਕਰ ਵਿਭਾਗ ਦੀ ਕੁਝ ਦਿਨ ਪਹਿਲਾਂ ਹੋਏ ਮੀਟਿੰਗ ਦੌਰਾਨ ਵਿੱਤ ਮੰਤਰੀ ਨੇ ਵੱਖ-ਵੱਖ ਡਿਵੀਜਨਾਂ ਦੀ ਕਾਰਗੁਜ਼ਾਰੀ ਤੇ ਤਸੱਲੀ ਪ੍ਰਗਟ ਕਰਦਿਆਂ ਇਸ ਨੂੰ ਹੋਰ ਬੇਹਤਰ ਬਨਾਉਣ ਸਬੰਧੀ ਦਿਸ਼ਾ-ਨਿਰਦੇਸ਼ ਦਿੱਤੇ ਸਨ। ਉਨ੍ਹਾਂ ਕਿਹਾ ਕਿ ਕੇਂਦਰ ਤੋਂ ਮਿਲਣ ਵਾਲਾ ਜੀ.ਐਸ.ਟੀ ਮੁਆਵਜ਼ਾ ਸਮਾਪਤ ਹੋਣ ਦੇ ਬਾਵਜੂਦ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਹੇਠ ਪੰਜਾਬ ਸਰਕਾਰ ਸੂਬੇ ਨੂੰ ਵਿੱਤੀ ਪੱਖੋਂ ਸਵੈਨਿਰਭਰ ਬਨਾਉਣ ਲਈ ਵਚਨਬੱਧ ਹੈ।