ਨਵੇਂ ਉੱਦਮੀ ਆਪਣਾ ਕਾਰੋਬਾਰ ਸ਼ੁਰੂ ਲਈ ਲਈ ਲੈ ਸਕਦੇ ਹਨ ਕਰਜਾ : ਜਨਰਲ ਮੈਨੇਜਰ
*ਮੈਨੂਫੈਕਚਰਿੰਗ ਯੁਨਿਟ ਲਈ 50 ਅਤੇ ਰਿਪੇਅਰ ਜਾਂ ਸਰਵਿਸ ਲਈ 20 ਲੱਖ ਰੁਪਏ ਤੱਕ ਦਿੱਤਾ ਜਾਂਦਾ ਹੈ ਕਰਜ਼ਾ
ਮਾਨਸਾ, 18 ਅਗਸਤ :
ਜਨਰਲ ਮੈਨੇਜਰ ਜ਼ਿਲ੍ਹਾ ਉਦਯੋਗ ਕੇਂਦਰ ਮਾਨਸਾ ਸ਼੍ਰੀ ਪ੍ਰੀਤਮਹਿੰਦਰ ਸਿੰਘ ਬਰਾੜ ਨੇ ਦੱਸਿਆ ਕਿ ਪ੍ਰਧਾਨਮੰਤਰੀ ਰੋਜ਼ਗਾਰ ਸਿਰਜਨ ਪ੍ਰੋਗਰਾਮ ਅਧੀਨ ਮੈਨੂਫੈਕਚਰਿੰਗ ਸ਼੍ਰੇਣੀ ਅਤੇ ਸਰਵਿਸ ਸ਼੍ਰੇਣੀ ਨਾਲ ਸਬੰਧਤ ਨਵੇਂ ਉਦਮੀਆਂ ਨੂੰ ਆਪਣਾ ਕਾਰੋਬਾਰ ਸ਼ੁਰੂ ਕਰਨ ਲਈ ਕਰਜਾ ਤੇ ਸਬਸਿਡੀ ਦੇ ਕੇ ਉਦਯੋਗਿਕ ਇਕਾਈ ਸਥਾਪਿਤ ਕਰਨ ਲਈ ਮੌਕਾ ਦਿੱਤਾ ਜਾਂਦਾ ਹੈ। ਉਨ੍ਹਾਂ ਕਿਹਾ ਕਿ ਇਸ ਸਕੀਮ ਅਧੀਨ ਮੈਨੂਫੈਕਚਰਿੰਗ ਯੂਨਿਟ ਲਈ 50 ਲੱਖ ਰੁਪਏ ਤੱਕ ਅਤੇ ਰਿਪੇਅਰ ਜਾਂ ਸਰਵਿਸ ਲਈ 20 ਲੱਖ ਰੁਪਏ ਤੱਕ ਦਾ ਕਰਜ਼ਾ ਦਿੱਤਾ ਜਾਂਦਾ ਹੈ।
ਉਨ੍ਹਾਂ ਦੱਸਿਆ ਕਿ ਇਸ ਸਕੀਮ ਅਧੀਨ ਆਮ ਸ਼੍ਰੇਣੀ ਲਈ ਸ਼ਹਿਰੀ ਇਲਾਕੇ ਲਈ 15 ਫੀਸਦੀ ਅਤੇ ਪੇਂਡੂ ਇਲਾਕੇ ਵਿੱਚ 25 ਫੀਸਦੀ ਅਤੇ ਐਸ.ਸੀ., ਐਸ.ਟੀ., ਬੀ.ਸੀ., ਮਨਿਊਰਟੀ, ਸਾਬਕਾ ਫੌਜੀ ਅਤੇ ਅੰਗਹੀਣ ਵਿਅਕਤੀਆਂ ਅਤੇ ਕਿਸੇ ਵੀ ਵਰਗ ਨਾਲ ਸਬੰਧਤ ਔਰਤਾਂ ਨੂੰ ਸ਼ਹਿਰੀ ਖੇਤਰ ਵਿੱਚ 25 ਅਤੇ ਦਿਹਾਤੀ ਖੇਤਰ ਵਿੱਚ 35 ਫੀਸਦੀ ਸਬਸਿਡੀ ਦਾ ਉਪਬੰਧ ਹੈ। ਉਨ੍ਹਾਂ ਦੱਸਿਆ ਕਿ ਇਸ ਯੋਜਨਾ ਤਹਿਤ 10 ਲੱਖ ਰੁਪਏ ਤੱਕ ਦੇ ਕਰਜ਼ੇ ਲਈ ਬੈਂਕ ਕੋਲ ਕੋਈ ਗਾਰੰਟੀ ਦੀ ਲੋੜ ਨਹੀਂ ਹੈ।
ਉਨ੍ਹਾਂ ਦੱਸਿਆ ਕਿ ਕਿਸੇ ਵੀ ਟੇ੍ਰਡਿੰਗ ਦੇ ਕੰਮ ਅਤੇ ਪਸ਼ੂਆਂ ਸਬੰਧੀ ਕਰਜਾ ਲੈਣ ਲਈ ਕੋਈ ਪ੍ਰਾਵਧਾਨ ਨਹੀਂ ਹੈ। ਇਸ ਸਕੀਮ ਲਈ ਪਹਿਲਾਂ ਏਰੀਏ ਦੀ ਬੈਂਕ ਬਰਾਂਚ ਨਾਲ ਤਾਲਮੇਲ ਕਰਕੇ ਇਸ ਸਕੀਮ ਤਹਿਤ ਲਾਭ ਲੈਣ ਲਈ ਸਰਕਾਰ ਦੀ ਆਨ ਲਾਈਨ ਸਾਈਟ pmegp portal ’ਤੇ ਅਪਲਾਈ ਕੀਤਾ ਜਾ ਸਕਦਾ ਹੈ। ਹੋਰ ਵਧੇਰੇ ਜਾਣਕਾਰੀ ਲਈ ਦਫ਼ਤਰ ਜ਼ਿਲ੍ਹਾ ਉਦਯੋਗ ਕੇਂਦਰ, ਤੀਜੀ ਮੰਜ਼ਿਲ, ਕਮਰਾ ਨੰਬਰ 80 ਤੇ 81, ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਮਾਨਸਾ ਵਿਖੇ ਸੰਪਰਕ ਕੀਤਾ ਜਾ ਸਕਦਾ ਹੈ।
ਜਨਰਲ ਮੈਨੇਜਰ ਸ਼੍ਰੀ ਬਰਾੜ ਨੇ ਦੱਸਿਆ ਕਿ ਇਸ ਸਕੀਮ ਲਈ ਪਾਸਪੋਰਟ ਸਾਈਜ਼ ਫੋਟੋ, ਮੋਬਾਇਲ ਨੰਬਰ, ਅਧਾਰ ਕਾਰਡ, ਸਕੂਲ ਦੇ ਸਰਟੀਫਿਕੇਟ, ਪ੍ਰੋਜੈਕਟ ਰਿਪੋਰਟ, ਜਾਤੀ ਸਰਟੀਫਿਕੇਟ, ਅਬਾਦੀ ਸਰਟੀਫਿਕੇਟ, ਜੇਕਰ ਕੋਈ ਸਿਖਲਾਈ ਕੀਤੀ ਹੈ ਤਾ ਉਸਦਾ ਸਰਟੀਫਿਕੇਟ, ਬੈਂਕ ਦਾ ਨਾਮ ਸਮੇਤ ਆਈ.ਐਫ.ਐਸ.ਸੀ. ਕੋਡ ਆਦਿ ਦਸਤਾਵੇਜ਼ ਜ਼ਰੂਰੀ ਹਨ।