* ਲੁਧਿਆਣਾ ਅਦਾਲਤ ਨੇ ਸਾਬਕਾ ਮੰਤਰੀ ਆਸ਼ੂ ਨੂੰ 27 ਅਗਸਤ ਤੱਕ ਪੁਲਿਸ ਰਿਮਾਂਡ ਤੇ ਭੇਜਿਆ*
ਪੰਜਾਬ ਵਿਜੀਲੈਂਸ ਬਿਊਰੋ ਨੇ ਭਿ੍ਰਸ਼ਟਾਚਾਰ ਵਿਰੁੱਧ ਵਿੱਢੀ ਮੁਹਿੰਮ ਤਹਿਤ ਸੋਮਵਾਰ ਨੂੰ ਸਾਬਕਾ ਮੰਤਰੀ ਭਾਰਤ ਭੂਸ਼ਣ ਆਸ਼ੂ ਨੂੰ ਅਨਾਜ ਦੀ ਢੋਆ-ਢੁਆਈ ਨਾਲ ਸਬੰਧਤ ਟੈਂਡਰ ਦੇ ਘੁਟਾਲੇ ਵਿੱਚ ਗਿ੍ਰਫਤਾਰ ਕਰ ਲਿਆ ਹੈ ਅਤੇ ਉਨਾਂ ਨੂੰ ਅੱਜ ਲੁਧਿਆਣਾ ਅਦਾਲਤ ਵਿੱਚ ਪੇਸ਼ ਕੀਤਾ ਜਾਵੇਗਾ। ਤੇ ਅਦਾਲਤ ਵਲੋਂ ਆਸ਼ੂ ਨੂੰ 27 ਅਗਸਤ ਤੱਕ ਪੁਲਿਸ ਰਿਮਾਂਡ ਤੇ ਭੇਜਿਆ ਦਿੱਤਾ ਹੈ । ਦੱਸਣਯੋਗ ਹੈ ਕਿ ਮੁਲਜ਼ਮ ਤੇਲੂ ਰਾਮ ਨੂੰ ਵਿਜੀਲੈਂਸ ਵੱਲੋਂ ਪਹਿਲਾਂ ਹੀ ਗਿ੍ਰਫਤਾਰ ਕੀਤਾ ਜਾ ਚੁੱਕਾ ਹੈ ਅਤੇ ਉਹ ਇਸ ਵੇਲੇ ਪੁਲੀਸ ਰਿਮਾਂਡ ’ਤੇ ਹੈ। ਵਿਜੀਲੈਂਸ ਦੀ ਜਾਂਚ ਦੌਰਾਨ, ਮੁਲਜ਼ਮ ਤੇਲੂ ਰਾਮ ਨੇ ਦੱਸਿਆ ਹੈ ਕਿ ਉਹ ਸੀਜ਼ਨ 2020-21 ਲਈ ਟੈਂਡਰ ਪ੍ਰਾਪਤ ਕਰਨ ਲਈ ਭਾਰਤ ਭੂਸ਼ਣ ਆਸ਼ੂ ਨੂੰ ਉਨਾਂ ਦੇ ਪੀ.ਏ ਮੀਨੂੰ ਮਲਹੋਤਰਾ ਰਾਹੀਂ ਮਿਲਿਆ ਸੀ, ਜਿਸ ਨੇ ਉਸਨੂੰ ਰਾਕੇਸ਼ ਕੁਮਾਰ ਸਿੰਗਲਾ, ਡਿਪਟੀ ਡਾਇਰੈਕਟਰ ਖੁਰਾਕ ਅਤੇ ਸਿਵਲ ਸਪਲਾਈਜ ਨੂੰ ਮਿਲਣ ਲਈ ਕਿਹਾ ਸੀ। ਸਿੰਗਲਾ ਟੈਂਡਰਾਂ ਲਈ ਵਿਭਾਗੀ ਮੁੱਖ ਵਿਜੀਲੈਂਸ ਕਮੇਟੀ ਦੇ ਚੇਅਰਮੈਨ ਹੋਣ ਦੇ ਨਾਤੇ ਸਾਰੇ ਪੰਜਾਬ ਦੇ ਇੰਚਾਰਜ ਸਨ ਅਤੇ ਸਾਬਕਾ ਮੰਤਰੀ ਦੇ ਨਿਰਦੇਸ਼ਾਂ ‘ਤੇ ਕਾਰਵਾਈ ਕਰ ਰਹੇ ਸਨ।
ਮੁਲਜ਼ਮ ਤੇਲੂ ਰਾਮ ਨੇ ਵਿਜੀਲੈਂਸ ਬਿਊਰੋ ਨੂੰ ਦੱਸਿਆ ਕਿ ਜਦੋਂ ਉਹ ਆਰ .ਕੇ. ਸਿੰਗਲਾ ਨੂੰ ਮਿਲਿਆ ਤਾਂ ਉਸ ਨੇ ਸਾਬਕਾ ਮੰਤਰੀ ਦੀ ਤਰਫੋਂ 30 ਲੱਖ ਰੁਪਏ ਦੀ ਮੰਗ ਕੀਤੀ ਅਤੇ ਵੱਖ-ਵੱਖ ਦਿਨਾਂ ਵਿੱਚ ਉਸ ਨੇ ਆਰ.ਕੇ. ਸਿੰਗਲਾ ਨੂੰ 20 ਲੱਖ ਰੁਪਏ, ਪੀ.ਏ. ਮੀਨੂ ਮਲਹੋਤਰਾ ਨੂੰ 6 ਲੱਖ ਰੁਪਏ ਅਤੇ ਹੋਰ ਅਧਿਕਾਰੀਆਂ ਨੂੰ ਵੀ ਪੈਸੇ ਦਿੱਤੇ। ਉਪਰੋਕਤ ਖੁਲਾਸਿਆਂ ਦੇ ਨਾਲ-ਨਾਲ ਸਬੂਤਾਂ ਦੇ ਆਧਾਰ ‘ਤੇ ਉਕਤ ਵਿਅਕਤੀਆਂ ਅਤੇ ਸਾਬਕਾ ਮੰਤਰੀ ਭਾਰਤ ਭੂਸ਼ਣ ਆਸ਼ੂ ਨੂੰ ਇਸ ਮਾਮਲੇ ‘ਚ ਮੁਲਜ਼ਮ ਵਜੋਂ ਨਾਮਜਦ ਕੀਤਾ ਗਿਆ ਹੈ।