ਪੰਜਾਬ
ਪੰਜਾਬ ਪੁਲਿਸ ਨੇ ਰਾਣਾ ਕੰਦੋਵਾਲੀਆ ਕਤਲ ਕੇਸ ਵਿੱਚ ਲੋੜੀਂਦੇ ਜੱਗੂ ਭਗਵਾਨਪੁਰੀਆ- ਬਿਸ਼ਨੋਈ ਗੈਂਗ ਦੇ ਦੋ ਮੁੱਖ ਸ਼ੂਟਰ ਕੀਤੇ ਗਿ੍ਰਫਤਾਰ ; ਚਾਰ ਹਥਿਆਰ ਬਰਾਮਦ
ਗਿ੍ਰਫਤਾਰ ਕੀਤੇ ਗੈਂਗਸਟਰਾਂ ਨੇ ਮਰਹੂਮ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਨੂੰ ਜਾਨੋਂ ਮਾਰਨ ਲਈ ਕੀਤੀਆਂ ਸਨ ਕਈ ਨਾਕਾਮ ਕੋਸ਼ਿਸ਼ਾਂ: ਡੀਜੀਪੀ ਗੌਰਵ ਯਾਦਵ
ਮੁੱਖ ਮੰਤਰੀ ਭਗਵੰਤ ਮਾਨ ਦੀ ਅਪਰਾਧ ਵਿਰੁੱਧ ਮੁਹਿੰਮ ਨੂੰ ਮਿਲੀ ਵੱਡੀ ਸਫ਼ਲਤਾ
ਪੰਜਾਬ ਪੁਲਿਸ ਨੂੰ ਆਰ.ਪੀ.ਜੀ. ਅਟੈਕ ਮਾਮਲੇ ’ਚ ਮਿਲਿਆ ਅਹਿਮ ਸੁਰਾਗ; ਇਸ ਕੇਸ ਦੇ ਮੁੱਖ ਦੋਸ਼ੀ ਦੀਪਕ ਝੱਜਰ ਅਤੇ ਦਿਵਿਆਂਸ਼ੂ ਨਾਲ ਮਿਲ ਕੇ ਕੀਤਾ ਸੀ ਰਾਣਾ ਕੰਦੋਵਾਲੀਆ ਦਾ ਕਤਲ
ਮੁੱਖ ਮੰਤਰੀ ਦੇ ਨਿਰਦੇਸ਼ਾਂ ’ਤੇ ਗੈਂਗਸਟਰਾਂ ਵਿਰੁੱਧ ਵਿੱਢੀ ਜੰਗ ਪੰਜਾਬ ਨੂੰ ਅਪਰਾਧ ਮੁਕਤ ਬਣਾਉਣ ਤੱਕ ਰਹੇਗੀ ਜਾਰੀ: ਡੀਜੀਪੀ
ਚੰਡੀਗੜ, 16 ਸਤੰਬਰ:
ਮੁੱਖ ਮੰਤਰੀ ਭਗਵੰਤ ਮਾਨ ਦੇ ਨਿਰਦੇਸ਼ਾਂ ‘ਤੇ ਗੈਂਗਸਟਰਾਂ ਖਿਲਾਫ ਚੱਲ ਰਹੀ ਜੰਗ ਦੇ ਹਿੱਸੇ ਵਜੋਂ ਪੰਜਾਬ ਪੁਲਿਸ ਦੀ ਗੈਂਗਸਟਰ ਵਿਰੋਧੀ ਟਾਸਕ ਫੋਰਸ ਨੇ ਜੱਗੂ ਭਗਵਾਨਪੁਰੀਆ-ਲਾਰੈਂਸ ਬਿਸਨੋਈ ਗੈਂਗ ਨੂੰ ਵੱਡਾ ਝਟਕਾ ਦਿੰਦਿਆਂ ਸ਼ੁੱਕਰਵਾਰ ਨੂੰ ਇਸ ਗਿਰੋਹ ਦੇ ਦੋ ਮੁੱਖ ਸ਼ੂਟਰਾਂ ਨੂੰ ਗਿ੍ਰਫਤਾਰ ਕਰ ਲਿਆ, ਜੋ ਨਾ ਕੇਵਲ ਗੈਂਗਸਟਰ ਰਾਣਾ ਕੰਦੋਵਾਲੀਆ ਦੇ ਸਨਸਨੀਖੇਜ਼ ਕਤਲ ਅਤੇ ਹੋਰ ਘਿਨਾਉਣੇ ਅਪਰਾਧਾਂ ਵਿੱਚ ਲੋੜੀਂਦੇ ਸਨ , ਪਰ ਮਰਹੂਮ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਨੂੰ ਜਾਨੋਂ ਮਾਰਨ ਦੀਆਂ ਕਈ ਕੋਸ਼ਿਸ਼ਾਂ ਕਰ ਚੁੱਕੇ ਸਨ।
ਇਹ ਜਾਣਕਾਰੀ ਦਿੰਦਿਆਂ ਪੰਜਾਬ ਦੇ ਡਾਇਰੈਕਟਰ ਜਨਰਲ ਆਫ ਪੁਲਿਸ (ਡੀ.ਜੀ.ਪੀ.) ਗੌਰਵ ਯਾਦਵ ਨੇ ਅੱਜ ਦੱਸਿਆ ਕਿ
ਗਿ੍ਰਫਤਾਰ ਕੀਤੇ ਗਏ ਵਿਅਕਤੀਆਂ ਦੀ ਪਛਾਣ ਮਨਦੀਪ ਸਿੰਘ ਉਰਫ ਤੂਫਾਨ ਉਰਫ ਮਨੂ (24) ਵਾਸੀ ਬਟਾਲਾ ਅਤੇ ਮਨਪ੍ਰੀਤ ਸਿੰਘ ਉਰਫ ਮਨੀ ਰਈਆ (30) ਵਾਸੀ ਅੰਮਿ੍ਰਤਸਰ ਵਜੋਂ ਹੋਈ ਹੈ। ਉਕਤ ਗੈਂਗਸਟਰ ਪਿਛਲੇ ਕੁਝ ਸਾਲਾਂ ਤੋਂ ਪੰਜਾਬ ਪੁਲਿਸ ਨੂੰ ਕਤਲ, ਡਕੈਤੀ, ਜ਼ਬਰਨ-ਵਸੂਲੀ, ਕਾਰਾਂ ਦੀ ਖੋਹ, ਨਸ਼ੀਲੇ ਪਦਾਰਥਾਂ ਅਤੇ ਹਥਿਆਰਾਂ ਦੀ ਤਸਕਰੀ ਦੇ ਵੱਖ-ਵੱਖ ਅਪਰਾਧਿਕ ਮਾਮਲਿਆਂ ਵਿੱਚ ਲੋੜੀਂਦੇ ਸਨ।
ਪੁਲਿਸ ਨੇ ਇਨਾਂ ਕੋਲੋਂ ਚਾਰ ਆਧੁਨਿਕ ਹਥਿਆਰ ਜਿਨਾਂ ਵਿੱਚ ਇੱਕ .30 ਕੈਲੀਬਰ ਚੀਨੀ ਪਿਸਤੌਲ, ਇੱਕ .45 ਕੈਲੀਬਰ ਪਿਸਤੌਲ ਟੌਰਸ ਯੂ.ਐਸ.ਏ., ਇੱਕ .357 ਕੈਲੀਬਰ ਮੈਗਨਮ ਰਿਵਾਲਵਰ ਅਤੇ ਇੱਕ .32 ਕੈਲੀਬਰ ਪਿਸਤੌਲ ਸ਼ਾਮਲ ਹਨ, ਸਮੇਤ 36 ਜਿੰਦਾ ਕਾਰਤੂਸ ਬਰਾਮਦ ਕੀਤੇ ਹਨ।
ਇਹ ਕਾਰਵਾਈ ਏ.ਜੀ.ਟੀ.ਐਫ. ਨੇ ਸਿੱਧੂ ਮੂਸੇਵਾਲਾ ਕਤਲ ਕੇਸ ਵਿੱਚ ਛੇਵੇਂ ਅਤੇ ਆਖਰੀ ਸ਼ੂਟਰ ਦੀਪਕ ਮੁੰਡੀ ਨੂੰ ਪੱਛਮੀ ਬੰਗਾਲ ਵਿੱਚ ਭਾਰਤ-ਨੇਪਾਲ ਬਾਰਡਰ ਤੋਂ ਕਾਬੂ ਕੀਤੇ ਜਾਣ ਤੋਂ ਮਹਿਜ਼ ਪੰਜ ਦਿਨਾਂ ਬਾਅਦ ਅਮਲ ਵਿੱਚ ਲਿਆਂਦੀ ਗਈ , ਜਦੋਂ ਉਹ ਆਪਣੇ ਦੋ ਸਹਿਯੋਗੀਆਂ ਸਣੇ ਨੇਪਾਲ ਤੋਂ ਅੱਗੇ ਭੂਟਾਨ ਰਾਹੀਂ ਥਾਈਲੈਂਡ ਭੱਜਣ ਦੀ ਕੋਸ਼ਿਸ਼ ਕਰ ਰਹੇ ਸਨ। ਇਸੇ ਗੈਂਗ ਨੇ ਬਾਲੀਵੁੱਡ ਅਭਿਨੇਤਾ ਸਲਮਾਨ ਖਾਨ ਦੀ ਹੱਤਿਆ ਕਰਨ ਦੀ ਸਾਜ਼ਿਸ਼ ਵੀ ਰਚੀ ਸੀ।
ਡੀ.ਜੀ.ਪੀ. ਗੌਰਵ ਯਾਦਵ ਨੇ ਦੱਸਿਆ ਕਿ ਖੁਫੀਆ ਇਤਲਾਹ ਦੇ ਆਧਾਰ ‘ਤੇ ਏ.ਡੀ.ਜੀ.ਪੀ ਪ੍ਰਮੋਦ ਬਾਨ ਦੀ ਦੇਖ-ਰੇਖ ਵਿੱਚ ਏ.ਆਈ.ਜੀ .ਏ.ਜੀ.ਟੀ.ਐੱਫ. ਸੰਦੀਪ ਗੋਇਲ ਦੀ ਅਗਵਾਈ ਵਿੱਚ ਏ.ਜੀ.ਟੀ.ਐੱਫ. ਦੀ ਟੀਮ ਨੇ ਅੰਮਿ੍ਰਤਸਰ ਦਿਹਾਤੀ ਦੇ ਰਾਜਾ ਸਾਂਸੀ ਇਲਾਕੇ ਦੇ ਪਿੰਡ ਹਰਸਾ ਛੀਨਾ ਤੋਂ ਮਨੀ ਰਈਆ ਨੂੰ ਗਿ੍ਰਫਤਾਰ ਕੀਤਾ, ਜਦਕਿ ਦੋਸ਼ੀ ਮਨਦੀਪ ਤੂਫਾਨ ਨੂੰ ਤਰਨਤਾਰਨ ਜ਼ਿਲੇ ਦੇ ਵੈਰੋਵਾਲ ਦੇ ਪਿੰਡ ਖੱਖ ਤੋਂ ਗਿ੍ਰਫਤਾਰ ਕੀਤਾ ਗਿਆ। ਏ.ਜੀ.ਟੀ.ਐਫ. ਟੀਮ ਵਿੱਚ ਡੀਐਸਪੀ ਬਿਕਰਮ ਬਰਾੜ, ਐਸਪੀ ਅਭਿਮਨਿਊ ਰਾਣਾ, ਡੀਐਸਪੀ ਪਰਮਿੰਦਰ ਰਾਜਨ ਅਤੇ ਡੀਐਸਪੀ ਗੁਰਿੰਦਰਪਾਲ ਸਿੰਘ ਨਾਗਰਾ ਸ਼ਾਮਲ ਸਨ, ਜਦੋਂ ਕਿ ਡੀ.ਸੀ.ਪੀ. ਇਨਵੈਸਟੀਗੇਸ਼ਨ ਮੁਖਵਿੰਦਰ ਸਿੰਘ ਭੁੱਲਰ ਦੀ ਅਗਵਾਈ ਵਿੱਚ ਅੰਮਿ੍ਰਤਸਰ ਕਮਿਸ਼ਨਰੇਟ ਦੀ ਪੁਲਿਸ ਟੀਮ ਨੇ ਵੀ ਏਜੀਟੀਐਫ ਟੀਮ ਨੂੰ ਇਸ ਕਾਰਵਾਈ ਨੂੰ ਅੰਜਾਮ ਦੇਣ ਲਈ ਸਹਿਯੋਗ ਦਿੱਤਾ ।
ਉਨਾਂ ਕਿਹਾ, “ਸ਼ੁਰੂਆਤ, ਇਨਾਂ ਦੋ ਸ਼ੂਟਰਾਂ ਨੂੰ ਗਾਇਕ ਸਿੱਧੂ ਮੂਸੇਵਾਲਾ ਨੂੰ ਕਤਲ ਕਰਨ ਦਾ ਕੰਮ ਸੌਂਪਿਆ ਗਿਆ ਸੀ। ਉਨਾਂ ਨੇ ਗੈਂਗਸਟਰ ਕਪਿਲ ਪੰਡਿਤ ਅਤੇ ਸਚਿਨ ਥਾਪਨ ਨਾਲ ਮਿਲ ਕੇ ਫਰਵਰੀ 2022 ਵਿੱਚ ਦੋ-ਤਿੰਨ ਵਾਰ ਮੂਸੇਵਾਲੇ ਦੇ ਪਿੰਡ ਵਿਖੇ ਉਸਦੀ ਰੇਕੀ ਕੀਤੀ ਸੀ ਅਤੇ ਪੁਲਿਸ ਦੀਆਂ ਫਰਜ਼ੀ ਵਰਦੀਆਂ ਦਾ ਇੰਤਜਾਮ ਵੀ ਕਰ ਲਿਆ ਸੀ, ਪਰ ਕਈ ਕੋਸ਼ਿਸ਼ਾਂ ਦੇ ਬਾਵਜੂਦ ਵੀ ਉਹ ਅਸਫਲ ਰਹੇ ਸਨ। ” ਉਨਾਂ ਕਿਹਾ ਕਿ ਜਾਂਚ ਵਿੱਚ ਇਹ ਵੀ ਸਾਹਮਣੇ ਆਇਆ ਹੈ ਕਿ ਗੋਲਡੀ ਬਰਾੜ ਅਤੇ ਬਿਸ਼ਨੋਈ ਨੇ ਸਿੱਧੂ ਮੂਸੇਵਾਲਾ ਦੀ ਜਾਨ ਲੈਣ ਲਈ ਦੋ ਵੱਖ-ਵੱਖ ਟੀਮਾਂ ਭੇਜੀਆਂ ਸਨ, ਜਿਸ ਲਈ ਉਨਾਂ ਨੇ ਕਾਫੀ ਸਮਾਂ ਪਹਿਲਾਂ ਵਿਉਂਤਬੰਦੀ ਸੁਰੂ ਕਰ ਦਿੱਤੀ ਸੀ।
ਡੀ.ਜੀ.ਪੀ. ਨੇ ਦੱਸਿਆ ਕਿ ਇਸ ਤੋਂ ਬਾਅਦ ਸਤਵੀਰ ਸਿੰਘ (ਪਹਿਲਾਂ ਹੀ ਗਿ੍ਰਫਤਾਰ) 20 ਮਈ, 2022 ਨੂੰ ਤੂਫਾਨ ਅਤੇ ਮਨੀ ਰਈਆ ਨੂੰ ਆਪਣੀ ਫਾਰਚੂਨਰ ਕਾਰ ਵਿੱਚ ਬਠਿੰਡਾ ਲਿਆਇਆ ਅਤੇ ਉਨਾਂ ਨੂੰ ਮਨੂ ਅਤੇ ਪਿ੍ਰਅਵਰਤ ਫੌਜੀ ਨਾਲ ਮਿਲਾਇਆ, ਜੋ ਕਿ ਮੂਸੇਵਾਲੇ ਨੂੰ ਜਾਨੋਂ ਮਾਰਨ ਲਈ ਭੇਜੀ ਗਈ ਦੂਜੀ ਟੀਮ ਸੀ। ਉਨਾਂ ਦੱਸਿਆ ਕਿ ਜਦੋਂ ਉਹ ਬਠਿੰਡਾ ਵਿੱਚ ਰਹਿੰਦੇ ਸਨ ਤਾਂ ਉਹ ਗੋਲਡੀ ਬਰਾੜ ਦੇ ਨੇੜਲੇ ਸੰਪਰਕ ਵਿੱਚ ਸਨ।
ਉਨਾਂ ਕਿਹਾ ਕਿ ਇਨਾਂ ਦੋਵਾਂ ਗੈਂਗਸਟਰਾਂ ਦੀ ਗਿ੍ਰਫਤਾਰੀ ਨਾਲ ਪੰਜਾਬ ਪੁਲਿਸ ਨੂੰ ਮੋਹਾਲੀ ਸਥਿਤ ਪੰਜਾਬ ਪੁਲਿਸ ਇੰਟੈਲੀਜੈਂਸ ਹੈੱਡਕੁਆਰਟਰ ‘ਤੇ ਰਾਕੇਟ ਪ੍ਰੋਪੇਲਡ ਗ੍ਰੇਨੇਡ (ਆਰਪੀਜੀ) ਅੱਤਵਾਦੀ ਹਮਲੇ ਵਿਚ ਵੀ ਵੱਡੀ ਲੀਡ ਮਿਲੀ ਹੈ ਕਿਉਂਕਿ ਇਹ ਦੋਵੇਂ ਗੈਂਗਸਟਰਾਂ ਸਾਲ 2021 ਵਿੱਚ ਵਿਰੋਧੀ ਗੈਂਗਸਟਰ ਰਾਣਾ ਕੰਦੋਵਾਲੀਆ ਦੇ ਕਤਲ ਸਮੇਂ ਦੀਪਕ ਝੱਜਰ ਅਤੇ ਦਿਵਿਆਂਸ਼ੂ ਦੇ ਨਾਲ ਸਨ। । ਜਿਕਰਯੋਗ ਹੈ ਕਿ ਦੀਪਕ ਝੱਜਰ ਅਤੇ ਦੇਵਯਾਂਸੂ ਆਰਪੀਜੀ ਹਮਲੇ ਦੇ ਮਾਮਲੇ ਵਿੱਚ ਮੁੱਖ ਦੋਸ਼ੀ ਹਨ।
ਇੱਥੇ ਦੱਸਣਾ ਬਣਦਾ ਹੈ ਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੇ ਨਿਰਦੇਸ਼ਾਂ ‘ਤੇ ਪੰਜਾਬ ਪੁਲਿਸ ਵੱਲੋਂ ਗੈਂਗਸਟਰਾਂ ਵਿਰੁੱਧ ਚਲਾਈ ਜਾ ਰਹੀ ਜੰਗ ਵਿੱਚ ਪ੍ਰਾਪਤੀਆਂ ਦੀ ਸੂਚੀ ਵਿੱਚ ਇਹ ਇੱਕ ਹੋਰ ਸਫ਼ਲਤਾ ਹੈ।
ਡੱਬੀ : ਮਨਦੀਪ ਤੂਫਾਨ ਅਤੇ ਮਨੀ ਰਈਆ ਦੇ ਅਪਰਾਧਿਥ ਪਿਛੋਕੜ ਸਬੰਧੀ ਵੇਰਵੇ
ਮਨਦੀਪ ਸਿੰਘ ਉਰਫ ਤੂਫਾਨ (24) ਸੱਤ ਅਪਰਾਧਿਕ ਮਾਮਲੇ ਦਰਜ ਹਨ, ਜਿਨਾਂ ਵਿੱਚੋਂ ਉਹ ਚਾਰ ਕੇਸਾਂ ਵਿੱਚ ਮੁਕੱਦਮੇ ਦਾ ਸਾਹਮਣਾ ਕਰ ਰਿਹਾ ਹੈ ਅਤੇ ਤਿੰਨ ਅਪਰਾਧਿਕ ਮਾਮਲਿਆਂ ਵਿੱਚ ਭਗੌੜਾ ਹੈ, ਜਦੋਂ ਕਿ ਦੋ ਮਾਮਲਿਆਂ ਵਿੱਚ ਪੀ.ਓ. ਹੈ। ਉਹ ਅੰਮਿ੍ਰਤਸਰ ਵਿੱਚ ਕੌਂਸਲਰ ਗੁਰਦੀਪ ਪਹਿਲਵਾਨ ਦੇ ਦਿਨ-ਦਿਹਾੜੇ ਹੋਏ ਕਤਲ ਵਿੱਚ ਸ਼ਾਮਲ ਸੀ ਅਤੇ ਗੈਂਗਸਟਰ ਜੱਗੂ ਭਗਵਾਨਪੁਰੀਆ ਦੀ ਪਤਨੀ ਹਰਸਿਮਰਨ ਕੌਰ ਦੇ ਕਤਲ ਦੇ ਮੁੱਖ ਸ਼ੱਕੀਆਂ ਵਿੱਚੋਂ ਇੱਕ ਹੈ। ਉਹ 2019 ਵਿੱਚ ਅੰਮਿ੍ਰਤਸਰ ਦੇ ਸਰਾਫਾ ਬਾਜ਼ਾਰ ਤੋਂ 11 ਕਿਲੋ ਸੋਨੇ ਦੀ ਸਨਸਨੀਖੇਜ਼ ਡਕੈਤੀ ਵਿੱਚ ਵੀ ਸ਼ਾਮਲ ਸੀ। ਮਨਦੀਪ ਤੂਫਾਨ 2020 ਵਿੱਚ ਗੈਂਗਸਟਰ ਫੌਜੀ ਦੇ ਕਤਲ ਵਿੱਚ ਵੀ ਮੁੱਖ ਸ਼ੂਟਰ ਸੀ। ਉਸਨੂੰ 2021 ਵਿੱਚ ਫਤਿਹਗੜ ਚੂੜੀਆਂ ਦੇ ਇੱਕ ਸ਼ਰਾਬ ਦੇ ਠੇਕੇਦਾਰ ਸੱਤੂ ਦੇ ਕਤਲ ਦੇ ਮੁੱਖ ਮੁਲਜਮਾਂ ਵਿੱਚੋਂ ਇੱਕ ਦੋਸ਼ੀ ਵਜੋਂ ਨਾਮਜ਼ਦ ਵੀ ਕੀਤਾ ਗਿਆ ਸੀ।
ਮਨਪ੍ਰੀਤ ਸਿੰਘ ਉਰਫ ਮਨੀ ਰਈਆ (30) 18 ਅਪਰਾਧਿਕ ਮਾਮਲਿਆਂ ਦਾ ਸਾਹਮਣਾ ਕਰ ਰਿਹਾ ਹੈ, ਜਿਨਾਂ ਵਿੱਚੋਂ ਉਹ ਸੱਤ ਕੇਸਾਂ ਵਿੱਚ ਮੁਕੱਦਮੇ ਦਾ ਸਾਹਮਣਾ ਕਰ ਰਿਹਾ ਹੈ ਅਤੇ ਚਾਰ ਅਪਰਾਧਿਕ ਮਾਮਲਿਆਂ ਵਿੱਚ ਲੋੜੀਂਦਾ ਹੈ, ਜਦੋਂ ਕਿ, ਤਿੰਨ ਅਪਰਾਧਿਕ ਮਾਮਲਿਆਂ ਵਿੱਚ ਦੋਸ਼ੀ ਅਤੇ ਚਾਰ ਅਪਰਾਧਿਕ ਮਾਮਲਿਆਂ ਵਿੱਚ ਬਰੀ ਹੋ ਚੁੱਕਾ ਹੈ। ਮਨੀ ਰਈਆ ਤਰਨਤਾਰਨ ਵਿਖੇ 2016 ਦੌਰਾਨ ਹੈਰੀ, ਬੰਬੀਹਾ ਅਤੇ ਜੱਗੂ ਗਰੁੱਪ ਵਿਚਕਾਰ ਦੀ ਗੈਂਗ ਵਾਰ ਵਿੱਚ ਵੀ ਸ਼ਾਮਲ ਸੀ। ਉਹ ਹੁਸ਼ਿਆਰਪੁਰ ਕੇਂਦਰੀ ਜੇਲ ਵਿੱਚ ਪੁਲਿਸ ਹਿਰਾਸਤ ਵਿੱਚੋਂ ਫਰਾਰ ਹੋ ਗਿਆ ਸੀ, ਉਸਨੇੇ ਇੱਕ ਹੋਰ ਗੈਂਗਸਟਰ ਅਕੁਲ ਖੱਤਰੀ ਨੂੰ ਵੀ 2016 ਵਿੱਚ ਐਸ.ਬੀ.ਐਸ. ਨਗਰ ਵਿੱਚ ਪੁਲਿਸ ਮੁਲਾਜ਼ਮਾਂ ਨੂੰ ਫੱਟੜ ਕਰਕੇ ਪੁਲਿਸ ਹਿਰਾਸਤ ਵਿੱਚੋਂ ਭੱਜਣ ਵਿੱਚ ਮਦਦ ਕੀਤੀ ਸੀ। ਉਸਨੇ 2022 ਵਿੱਚ ਬਾਬਾ ਬਕਾਲਾ ਦੇ ਇੱਕ ਕੱਪੜਾ ਵਪਾਰੀ ਤੋਂ ਵੱਡੀ ਰਕਮ ਵਸੂਲੀ ਸੀ ਅਤੇ ਰਈਆ ਤੋਂ ਬੰਦੂਕ ਦੀ ਨੋਕ ‘ਤੇ ਇਨੋਵਾ ਕਿ੍ਰਸਟਾ ਕਾਰ ਵੀ ਖੋਹੀ ਸੀ।
————-