ਪੰਜਾਬ
*ਪਸ਼ੂ ਪਾਲਣ ਵਿਭਾਗ ਦੀ ਅਫਸਰਸ਼ਾਹੀ ਦੇ ਤਾਨਾਸ਼ਾਹੀ ਖਿਲਾਫ ਵੈਟਨਰੀ ਇੰਸਪੈਕਟਰਾਂ ਵੱਲੋਂ 21 ਸਤੰਬਰ ਨੂੰ ਜਿਲਾ ਪੱਧਰੀ ਧਰਨੇ*
ਪਸ਼ੂ ਪਾਲਣ ਵਿਭਾਗ ਦੀ ਉੱਚ ਅਫਸਰਸਾਹੀ ਵੱਲੋਂ ਵੈਟਨਰੀ ਇੰਸਪੈਕਟਰ ਕੇਡਰ ਖਿਲਾਫ ਅਪਣਾਏ ਜਾ ਰਹੇ ਤਾਨਾਸ਼ਾਹੀ ਰਵੱਈਏ ਦੇ ਵਿਰੋਧ ਵਜੋਂ, ਪੰਜਾਬ ਸਟੇਟ ਵੈਟਨਰੀ ਇੰਸਪੈਕਟਰਜ ਐਸੋਸੀਏਸ਼ਨ ਮਿਤੀ 21ਸਤੰਬਰ ਦਿਨ ਬੁਧਵਾਰ ਨੂੰ ਪੰਜਾਬ ਦੇ ਸਮੂਹ ਡਿਪਟੀ ਡਾਇਰੈਕਟਰਾਂ ਦੇ ਦਫਤਰਾਂ ਅੱਗੇ ਰੋਸ ਮੁਜਾਹਰੇ ਕਰੇਗੀ।ਇਹ ਜਾਣਕਾਰੀ ਦਿੰਦਿਆਂ ਜੱਥੇਬੰਦੀ ਦੇ ਸੂਬਾ ਪਰੈਸ ਸਕੱਤਰ ਸੁਰੇਸ਼ ਕੁਮਾਰ ਪਠਾਣਕੋਟ ਨੇ ਦਿੱਤੀ।
ਪੰਜਾਬ ਸਟੇਟ ਵੈਟਨਰੀ ਇੰਸਪੈਕਟਰਜ ਐਸੋਸੀਏਸ਼ਨ ਦੇ ਸੂਬਾ ਪਰਧਾਨ ਦਲਜੀਤ ਸਿੰਘ ਚਾਹਲ ਅਤੇ ਸੂਬਾ ਜਨਰਲ ਸਕੱਤਰ ਗੁਰਪਰੀਤ ਸਿੰਘ ਨਾਭਾ ਨੇ ਦੋਸ਼ ਲਾਇਆ ਕੇ ਪਸ਼ੂ ਪਾਲਣ ਵਿਭਾਗ ਦੀ ਉੱਚ ਅਫਸਰਸਾਹੀ ਵਿਭਾਗ ਦੀਆਂ ਸਕੀਮਾਂ ਨੂੰ ਗਰਾਊਂਡ ਤੇ ਲਾਗੂ ਕਰ ਰਹੇ ਵੈਟਨਰੀ ਇੰਸਪੈਕਟਰ ਕੇਡਰ ਨੂੰ ਬੇਲੋੜਾ ਤੰਗ ਪਰੇਸ਼ਾਨ ਕਰ ਰਹੀ ਹੈ।
ਪਸ਼ੂ ਪਾਲਣ ਵਿਭਾਗ ਵਿੱਚ ਜਾਅਲੀ ਸਿੱਖਿਆ ਦੇ ਆਸਰੇ ਨੌਕਰੀਆਂ ਕਰ ਰਹੇ ਰੂਰਲ ਸਰਵਿਸ ਪਰੋਵਾਈਡਰ ਮਾਣਯੋਗ ਸੁਪਰੀਮ ਕੋਰਟ ਵੱਲੋਂ ਰੱਦ ਕੀਤੀ ਜਾ ਚੁੱਕੀ ਸਿੱਖਿਆ ਦੇ ਅਧਾਰ ਤੇ ਪੱਕੀ ਹੋਣ ਲਈ,ਪਿਛਲੇ ਤਿੰਨ ਸਾਲਾਂ ਤੋਂ ਵਿਭਾਗੀ ਕੰਮਾਂ ਦਾ ਬਾਈਕਾਟ ਕਰੀ ਬੈਠੇ ਹਨ।ਲੰਪੀ ਸਕਿੰਨ ਡਿਜੀਜ ਵਰਗੀ ਮਹਾਂਮਾਰੀ ਦੌਰਾਨ ਵੀ ਠੇਕੇ ਤੇ ਭਰਤੀ ਕੀਤੇ ਸਰਵਿਸ ਪਰੋਵਾਈਡਰ ਵਿਭਾਗੀ ਜਿੰਮੇਵਾਰੀਆਂ ਦਾ ਬਾਈਕਾਟ ਕਰੀ ਰੱਖਿਆ ਹੈ।ਜਿਸ ਕਾਰਨ ਪਸ਼ੂ ਪਾਲਕਾਂ ਨੂੰ ਮਾਰੂ ਬਿਮਾਰੀਆਂ ਤੋਂ ਬਚਾਅ ਲਈ ਕੀਤੀ ਜਾਣ ਵਾਲੀ ਵੈਕਸੀਨੇਸ਼ਨ ਤੋਂ ਵਾਂਝੇ ਰਹਿਣਾ ਪਿਆ ਹੈ।
ਪਰੰਤੂ ਪਸ਼ੂ ਪਾਲਣ ਵਿਭਾਗ ਦੀ ਅਫਸਰਸਾਹੀ ਵੱਲੋਂ ਹੜਤਾਲੀ ਸਰਵਿਸ ਪਰੋਵਾਈਡਰਾਂ ਖਿਲਾਫ ਕਾਰਵਾਈ ਕਰਨ ਦੀ ਬਜਾਏ ਉਨਾਂ ਦੇ ਕੰਮ ਦਾ ਭਾਰ ਵੈਟਨਰੀ ਇੰਸਪੈਕਟਰ ਕੇਡਰ ਦੇ ਉਪਰ ਸੁਰੂ ਕੀਤਾ ਹੋਇਆ ਹੈ। ਇਸ ਕੰਮ ਲਈ ਪੰਜਾਬ ਦੇ ਵੱਖ ਵੱਖ ਜਿਲਿਆਂ ਦੇ ਵਿੱਚ ਵੈਟਨਰੀ ਇੰਸਪੈਕਟਰਾਂ ਖਿਲਾਫ ਵਿਭਾਗੀ ਚਿੱਠੀਆਂ ਜਾਰੀ ਕੀਤੀਆਂ ਜਾ ਰਹੀਆਂ ਹਨ।
ਇਹ ਧੱਕੇਸ਼ਾਹੀ ਨੂੰ ਲੈ ਕੇ ਪੰਜਾਬ ਦੇ ਵੈਟਨਰੀ ਇੰਸਪੈਕਟਰਾਂ ਦੇ ਮਨਾਂ ਵਿੱਚ ਪਸ਼ੂ ਪਾਲਣ ਵਿਭਾਗ ਦੀ ਅਫਸਰਸ਼ਾਹੀ ਖਿਲਾਫ ਭਾਰੀ ਰੋਸ ਹੈ।ਇਸ ਰੋਸ ਵਜੋਂ ਪੰਜਾਬ ਦੇ ਸਮੂਹ ਵੈਟਨਰੀ ਇੰਸਪੈਕਟਰ ਦਿਨ ਬੁਧਵਾਰ ਨੂੰ ਸਮੂਹ ਡਿਪਟੀ ਡਾਇਰੈਕਟਰਜ ਪਸ਼ੂ ਪਾਲਣ ਅੱਗੇ ਬਾਅਦ ਦੁਪਹਿਰ ਤਿੰਨ ਵਜੇ ਤੋਂ ਪੰਜ ਵਜੇ ਤੱਕ ਰੋਸ ਮੁਜਾਹਰਾ ਕਰਨਗੇ। ਇਸ ਮੌਕੇ ਸੀਨੀਅਰ ਮੀਤ ਪਰਧਾਨ ਅਜਾਇਬ ਸਿੰਘ ਕੇਪੀ,ਵਿੱਤ ਸਕੱਤਰ ਪਵਿੱਤਰਜੀਤ ਸਿੰਘ ਸੰਧੂ,ਗੁਰਮੀਤ ਸਿੰਘ ਮਹਿਤਾ,ਜਸਕਰਨ ਸਿੰਘ ਮੁਲਤਾਨੀ,ਸਵਰਨ ਸਿੰਘ ਠੇਠਰਕੇ ਗੁਰਦਾਸਪੁਰ,ਬਰਿਜ ਲਾਲ ਪੂਹਲਾ ਜਲੰਧਰ ,ਜਿਲਾ ਪਰਧਾਨ ਗੁਰਪਰੀਤ ਸਿੰਘ ਸੰਗਰੂਰ,ਸੰਦੀਪ ਮਹਾਜਨ ਪਠਾਣਕੋਟ ਸਮੇਤ ਹੋਰ ਆਗੂ ਹਾਜਰ ਸਨ