ਪੰਜਾਬ

*ਸਿਹਤ ਮੰਤਰੀ ਨੇ ਭਾਈ ਘਨੱਈਆ ਜੀ ਦੀ ਮਨੁੱਖਤਾ ਪ੍ਰਤੀ ਨਿਰਸਵਾਰਥ ਸੇਵਾ ਨੂੰ ਯਾਦ ਕਰਦਿਆਂ ਸ਼ਰਧਾਂਜਲੀ ਭੇਟ ਕੀਤੀ*

 

ਚੰਡੀਗੜ੍ਹ, 20 ਸਤੰਬਰ:

ਪੰਜਾਬ ਦੇ ਸਿਹਤ ਮੰਤਰੀ ਸ. ਚੇਤਨ ਸਿੰਘ ਜੌੜਾਮਾਜਰਾ ਨੇ ਅੱਜ ਡਾ.ਬੀ.ਆਰ.ਅੰਬੇਦਕਰ ਸਟੇਟ ਇੰਸਟੀਚਿਊਟ ਆਫ਼ ਮੈਡੀਕਲ ਸਾਇੰਸਿਜ਼, ਐਸ.ਏ.ਐਸ.ਨਗਰ ਵਿਖੇ ਦਸਵੇਂ ਗੁਰੂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਸ਼ਰਧਾਲੂ ਅਤੇ ਮਾਨਵਤਾ ਪ੍ਰਤੀ ਨਿਰਸਵਾਰਥ ਸੇਵਾ ਦੇ ਧਾਰਨੀ ਭਾਈ ਘਨੱਈਆ ਜੀ ਨੂੰ ਸ਼ਰਧਾਂਜਲੀ ਭੇਟ ਕੀਤੀ।

 

ਭਾਈ ਘਨੱਈਆ ਜੀ ਨੂੰ ਸਮਰਪਿਤ “ਮਾਨਵ ਸੇਵਾ ਸੰਕਲਪ ਦਿਵਸ” ਮਨਾਉਂਦਿਆਂ ਕੈਬਨਿਟ ਮੰਤਰੀ ਨੇ ਭਾਈ ਘਨਈਆ ਜੀ ਦੇ ਜੀਵਨ ‘ਤੇ ਚਾਨਣਾ ਪਾਇਆ ਕਿ ਕਿਵੇਂ ਉਹਨਾਂ ਨੇ ਆਪਣਾ ਸਮੁੱਚਾ ਜੀਵਨ ਮਨੁੱਖਤਾ ਲਈ ਸਮਰਪਿਤ ਕੀਤਾ ਅਤੇ ਯੁੱਧ ਸਮੇਂ ਦੁਸ਼ਮਣਾਂ ਨੂੰ ਵੀ ਪਾਣੀ ਪਿਆਇਆ ਅਤੇ ਉਨ੍ਹਾਂ ਦੀ ਮੱਲ੍ਹਮ ਪੱਟੀ ਕੀਤੀ। ਸਿਹਤ ਮੰਤਰੀ ਨੇ ਕਿਹਾ ਕਿ ਭਾਈ ਘਨੱਈਆ ਜੀ ਨੇ ਜਾਤ-ਪਾਤ ਅਤੇ ਧਰਮ ਤੋਂ ਉਪਰ ਉੱਠ ਕੇ ਮਨੁੱਖਤਾ ਦੀ ਸੇਵਾ ਕੀਤੀ। ਮੰਤਰੀ ਨੇ ਏਮਜ਼ ਮੁਹਾਲੀ ਦੇ ਡਾਕਟਰਾਂ, ਮੈਡੀਕਲ ਵਿਦਿਆਰਥੀਆਂ ਅਤੇ ਪੈਰਾ-ਮੈਡੀਕਲ ਡਾਕਟਰਾਂ ਨੂੰ ਮਨੁੱਖਤਾ ਦੀ ਸੇਵਾ ਵਿੱਚ ਨਿਰਸਵਾਰਥ ਹੋ ਕੇ ਕੰਮ ਕਰਨ ਦਾ ਸੱਦਾ ਦਿੰਦਿਆਂ ਕਿਹਾ ਕਿ ਸਾਨੂੰ ਵੀ ਭਾਈ ਘਨਈਆ ਜੀ ਦੇ ਨਕਸ਼ੇ ਕਦਮਾਂ ’ਤੇ ਚੱਲਣਾ ਚਾਹੀਦਾ ਹੈ।

 

ਮੰਤਰੀ ਦੇ ਨਾਲ ਐਮ.ਡੀ. ਪੀ.ਐਚ.ਐਸ.ਸੀ ਨੀਲਿਮਾ, ਵਧੀਕ ਸਕੱਤਰ ਮੈਡੀਕਲ ਸਿੱਖਿਆ ਅਤੇ ਖੋਜ ਰਾਹੁਲ ਗੁਪਤਾ, ਐਸ.ਡੀ.ਐਮ. ਮੁਹਾਲੀ ਸਰਬਜੀਤ ਕੌਰ, ਸਿਵਲ ਸਰਜਨ ਐਸ.ਏ.ਐਸ.ਨਗਰ ਡਾ. ਆਦਰਸ਼ਪਾਲ ਕੌਰ ਅਤੇ ਸਕੱਤਰ ਰੈੱਡ ਕਰਾਸ ਕਮਲੇਸ਼ ਕੁਮਾਰ ਕੌਸ਼ਲ ਵੀ ਮੌਜੂਦ ਸਨ। ਸਮਾਗਮ ਨੂੰ ਸੰਬੋਧਨ ਕਰਦਿਆਂ ਵਧੀਕ ਸਕੱਤਰ ਰਾਹੁਲ ਗੁਪਤਾ ਨੇ ਇਸ ਗੱਲ ‘ਤੇ ਜ਼ੋਰ ਦਿੱਤਾ ਕਿ ਪੇਸ਼ੇਵਰ ਮੁਹਾਰਤ ਦੇ ਨਾਲ-ਨਾਲ ਸਾਰੇ ਪੇਸ਼ੇਵਰਾਂ ਲਈ ਨੈਤਿਕ ਕਦਰਾਂ-ਕੀਮਤਾਂ ਨੂੰ ਅਪਣਾਉਣ ਦੀ ਲੋੜ ਹੈ।

 

ਡਾਇਰੈਕਟਰ ਪ੍ਰਿੰਸੀਪਲ ਡਾ. ਭਵਨੀਤ ਭਾਰਤੀ ਨੇ ਕਿਹਾ ਕਿ ਰੈੱਡ ਕਰਾਸ ਸਰਵਿਸ ਦੀ ਸਥਾਪਨਾ ਮਨੁੱਖਤਾ ਦੀ ਨਿਰਸਵਾਰਥ ਸੇਵਾ ਵਿੱਚ ਲੱਗੇ ਭਾਈ ਘਨਈਆ ਜੀ ਵੱਲੋਂ ਦਰਸਾਏ ਮਾਰਗ ਅਨੁਸਾਰ ਕੀਤੀ ਗਈ। ਡਾ: ਵਨੀਤ, ਐਸੋਸੀਏਟ ਪ੍ਰੋਫੈਸਰ ਬਾਇਓਕੈਮਿਸਟਰੀ ਨੇ ਵੀ ਭਾਈ ਘਨਈਆ ਜੀ ਦੇ ਜੀਵਨ ਦੇ ਵੱਖ-ਵੱਖ ਪਹਿਲੂਆਂ ਬਾਰੇ ਚਾਨਣਾ ਪਾਇਆ।

 

ਏਮਜ਼ ਮੁਹਾਲੀ ਦੇ ਵਿਦਿਆਰਥੀਆਂ ਅਤੇ ਸਟਾਫ਼ ਨੇ ਐਮਰਜੈਂਸੀ ਵਿੱਚ ਡਾਕਟਰਾਂ ਦੇ ਜੀਵਨ ਅਤੇ ਭਾਈ ਨਨੂਆ ਜੀ ਅਤੇ ਭਾਈ ਘਨਈਆ ਜੀ ਦੇ ਜੀਵਨ ਨੂੰ ਦਰਸਾਉਂਦਾ ਇੱਕ ਨਾਟਕ ਪੇਸ਼ ਕੀਤਾ, ਜਿਸ ਵਿੱਚ ਇਹ ਸੰਦੇਸ਼ ਦਿੱਤਾ ਗਿਆ ਕਿ ਡਾਕਟਰੀ ਭਾਈਚਾਰਾ ਭਾਈ ਘਨਈਆ ਜੀ ਦੇ ਜੀਵਨ ਤੋਂ ਕਿਵੇਂ ਪ੍ਰੇਰਨਾ ਲੈ ਸਕਦਾ ਹੈ।

Related Articles

Leave a Reply

Your email address will not be published. Required fields are marked *

Back to top button
error: Content is protected with Update Punjab Dot Com!!