ਗੁਜਰਾਤ ਦੇ ਲੋਕ 27 ਸਾਲਾਂ ਤੋਂ ਸੱਤਾ ’ਤੇ ਕਾਬਜ਼ ਭਾਜਪਾ ਦਾ ਸਿਆਸੀ ਕਿਲ੍ਹਾ ਢਹਿ-ਢੇਰੀ ਕਰਕੇ ਦਿੱਲੀ ਤੇ ਪੰਜਾਬ ਵਾਲਾ ਇਤਿਹਾਸ ਦੁਹਰਾਉਣਗੇ-ਭਗਵੰਤ ਮਾਨ
ਊਂਝਾ (ਗੁਜਰਾਤ), 17 ਅਕਤੂਬਰ:
ਗੁਜਰਾਤ ਵਿਚ ਆਮ ਆਦਮੀ ਪਾਰਟੀ ਦੇ ਹੱਕ ਵਿਚ ਚੱਲ ਰਹੀ ਲਹਿਰ ਦਾ ਜ਼ਿਕਰ ਕਰਦੇ ਹੋਏ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਅੱਜ ਕਿਹਾ ਕਿ ਅਗਾਮੀ ਵਿਧਾਨ ਸਭਾ ਚੋਣਾਂ ਵਿਚ ਸੂਬੇ ਦੇ ਆਮ ਲੋਕ ਪਿਛਲੇ 27 ਸਾਲਾਂ ਤੋਂ ਸੱਤਾ ਉਤੇ ਕਾਬਜ਼ ਭਾਜਪਾ ਦਾ ਸਿਆਸੀ ਕਿਲ੍ਹਾ ਢਹਿ-ਢੇਰੀ ਕਰਕੇ ਦਿੱਲੀ ਤੇ ਪੰਜਾਬ ਵਾਲਾ ਇਤਿਹਾਸ ਦੁਹਰਾਉਣਗੇ।
ਅੱਜ ਇੱਥੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨਾਲ ਲੋਕਾਂ ਦੇ ਮੁਖਾਤਬ ਹੁੰਦੇ ਹੋਏ ਭਗਵੰਤ ਮਾਨ ਨੇ ਕਿਹਾ, “ਭਾਰਤੀ ਜਨਤਾ ਪਾਰਟੀ 27 ਸਾਲਾਂ ਤੋਂ ਗੁਜਰਾਤ ਵਿਚ ਸਰਕਾਰ ਚਲਾ ਰਹੀ ਹੈ ਪਰ ਇੱਥੋਂ ਦੇ ਲੋਕ ਸਿੱਖਿਆ ਤੇ ਸਿਹਤ ਵਰਗੀਆਂ ਆਮ ਸਹੂਲਤਾਂ ਨੂੰ ਤਰਸ ਰਹੇ ਹਨ। ਮੈਂ ਯਕੀਨ ਨਾਲ ਕਹਿ ਸਕਦਾ ਹਾਂ ਕਿ ਹੁਣ ਸੂਬੇ ਦੀ ਜਨਤਾ ਜਾਗ ਉੱਠੀ ਹੈ ਅਤੇ ਅਗਾਮੀ ਵਿਧਾਨ ਸਭਾ ਚੋਣਾਂ ਵਿਚ ਭਾਰਤੀ ਜਨਤਾ ਪਾਰਟੀ ਨੂੰ ਸਬਕ ਸਿਖਾਉਣ ਲਈ ਤਿਆਰ ਬੈਠੀ ਹੈ। ਇਸ ਸੂਬੇ ਵਿਚ ਵੀ ਦਿੱਲੀ ਤੇ ਪੰਜਾਬ ਵਾਂਗ ਬਦਲਾਅ ਦੀ ਹਨੇਰੀ ਵਗ ਰਹੀ ਹੈ। ਅਸੀਂ ਗੁਜਰਾਤ ਸਮੇਤ ਦੇਸ਼ ਭਰ ਵਿਚ ਝਾੜੂ ਨਾਲ ਸਿਆਸੀ ਖੇਤਰ ਵਿਚ ਫੈਲੀ ਹੋਈ ਗੰਦਗੀ ਸਾਫ ਕਰਾਂਗੇ।”
ਵਿਰੋਧੀ ਪਾਰਟੀਆਂ ਵੱਲੋਂ ਲੋਕਾਂ ਨੂੰ ਦਿਖਾਏ ਜਾ ਰਹੇ ਸਬਜ਼ਬਾਗ ਦਾ ਜ਼ਿਕਰ ਕਰਦੇ ਹੋਏ ਭਗਵੰਤ ਮਾਨ ਨੇ ਕਿਹਾ, “ਸਾਡੇ ਵਿਰੋਧੀ ਅੱਛੇ ਦਿਨ ਲਿਆਉਣ ਦਾ ਝੂਠਾ ਵਾਅਦਾ ਕਰਦੇ ਹਨ ਅਤੇ ਦਿਨ ਵਿਚ ਸੁਪਨੇ ਦਿਖਾਉਂਦੇ ਹਨ ਪਰ ਆਮ ਆਦਮੀ ਪਾਰਟੀ ਸੱਚੇ ਦਿਨ ਲਿਆਉਣ ਦੀ ਗਾਰੰਟੀ ਦਿੰਦੀ ਹੈ।” ਸਮੇਂ ਸਮੇਂ ਦੀਆਂ ਸਰਕਾਰਾਂ ਪੰਜ ਸਾਲਾ ਯੋਜਨਾਵਾਂ ਦੀ ਆੜ ਵਿਚ ਲੋਕਾਂ ਨੂੰ ਮੂਰਖ ਬਣਾਉਂਦੀਆਂ ਰਹੀਆਂ ਹਨ ਜਦਕਿ ਹਕੀਕਤ ਇਹ ਹੈ ਕਿ ਲੋਕ ਅਜੇ ਵੀ ਮਿਆਰੀ ਸਿੱਖਿਆ ਤੇ ਸਿਹਤ ਸਹੂਲਤਾਂ ਤੋਂ ਵਾਂਝੇ ਹਨ ਕਿਉਂਕਿ ਇਹ ਲੋਕ ਕਦੇ ਵੀ ਨਹੀਂ ਚਾਹੁੰਦੇ ਕਿ ਗਰੀਬ ਦਾ ਬੱਚਾ ਚੰਗੀ ਸਿੱਖਿਆ ਹਾਸਲ ਕਰਕੇ ਤਰੱਕੀ ਕਰੇ।
ਆਮ ਲੋਕਾਂ ਲਈ ਆਮ ਆਦਮੀ ਪਾਰਟੀ ਦੀ ਸਰਕਾਰ ਦਾ ਨਾਅਰਾ ਦਿੰਦੇ ਹੋਏ ਭਗਵੰਤ ਮਾਨ ਨੇ ਕਿਹਾ ਕਿ ਪੰਜਾਬ ਵਿਚ 117 ਵਿਧਾਨ ਸਭਾ ਹਲਕਿਆਂ ਵਿੱਚੋਂ 92 ਵਿਧਾਇਕ ਆਮ ਆਦਮੀ ਪਾਰਟੀ ਦੇ ਜਿੱਤ ਕੇ ਆਏ ਹਨ ਜੋ ਸਧਾਰਨ ਘਰਾਂ ਨਾਲ ਸਬੰਧ ਰੱਖਦੇ ਹਨ। ਇਨ੍ਹਾਂ 92 ਵਿਧਾਇਕਾਂ ਵਿੱਚੋਂ ਉਨ੍ਹਾਂ ਸਮੇਤ 82 ਵਿਧਾਇਕ ਪਹਿਲੀ ਵਾਰ ਵਿਧਾਇਕ ਬਣੇ ਹਨ। ਉਨ੍ਹਾਂ ਕਿਹਾ ਕਿ ਸਾਡੀ ਪਾਰਟੀ ਵਿਚ ਲੋਕ ਸੇਵਾ ਪ੍ਰਤੀ ਸਮਰਪਣ ਭਾਵਨਾ ਨੂੰ ਯੋਗਤਾ ਮੰਨਿਆ ਜਾਂਦਾ ਹੈ ਜਦਕਿ ਵਿਰੋਧੀ ਪਾਰਟੀਆਂ ਵਿਚ ਪਰਿਵਾਰਵਾਦ ਤੇ ਨਿੱਜਪ੍ਰਸਤੀ ਨੂੰ ਤਰਜੀਹ ਦਿੱਤੀ ਜਾਂਦੀ ਹੈ।
ਇਕੱਠ ਵਿਚ ਵੱਡੀ ਗਿਣਤੀ ਵਿਚ ਸ਼ਾਮਲ ਔਰਤਾਂ ਨੂੰ ਸੰਬੋਧਿਤ ਹੁੰਦਿਆਂ ਮੁੱਖ ਮੰਤਰੀ ਨੇ ਕਿਹਾ ਮਹਿੰਗਾਈ ਦੀ ਸਭ ਤੋਂ ਵੱਧ ਮਾਰ ਔਰਤਾਂ ਨੂੰ ਪਈ ਹੈ ਕਿਉਂਕਿ ਸਾਰੀਆਂ ਵਸਤਾਂ ਉਤੇ ਟੈਕਸ ਲਾ ਦਿੱਤਾ ਗਿਆ ਹੈ, ਇੱਥੋਂ ਤੱਕ ਕਿ ਪਰਾਂਠੇ ਉਤੇ ਵੀ 18 ਫੀਸਦੀ ਜੀ.ਐਸ.ਟੀ. ਲਾ ਦਿੱਤਾ ਗਿਆ ਹੈ। ਉਨ੍ਹਾਂ ਕਿਹਾ ਕਿ ਜੇਕਰ ਭਾਜਪਾ ਸਰਕਾਰ ਏਸੇ ਰਫ਼ਤਾਰ ਨਾਲ ਟੈਕਸ ਲਾਉਂਦੀ ਰਹੀ ਤਾਂ ਉਹ ਦਿਨ ਦੂਰ ਨਹੀਂ ਜਦੋਂ ਸਾਹ ਲੈਣ ਉਤੇ ਵੀ ਟੈਕਸ ਲੱਗ ਜਾਵੇਗਾ।
ਪੰਜਾਬ ਵਿੱਚ ਆਮ ਆਦਮੀ ਸਰਕਾਰ ਦੀਆਂ ਮਿਸਾਲੀ ਪਹਿਲਕਦਮੀਆਂ ਗਿਣਾਉਂਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਪਹਿਲੀ ਜੁਲਾਈ ਤੋਂ ਪੰਜਾਬ ਸਰਕਾਰ ਹਰੇਕ ਬਿੱਲ ਉਤੇ ਲੋਕਾਂ ਨੂੰ 600 ਯੂਨਿਟ ਬਿਜਲੀ ਮੁਫ਼ਤ ਦੇ ਰਹੀ ਹੈ। ਉਨ੍ਹਾਂ ਕਿਹਾ ਕਿ ਇਸ ਦੇ ਨਤੀਜੇ ਵਜੋਂ ਕੁੱਲ 72.66 ਲੱਖ ਵਿੱਚੋਂ ਲਗਭਗ 50 ਲੱਖ ਘਰਾਂ ਨੂੰ ਸਤੰਬਰ ਮਹੀਨੇ ਦਾ ਬਿਜਲੀ ਦਾ ਬਿੱਲ ਜ਼ੀਰੋ ਆਇਆ ਹੈ, ਜੋ ਕੁੱਲ ਗਿਣਤੀ ਦਾ 68.81 ਫੀਸਦੀ ਬਣਦਾ ਹੈ। ਭਗਵੰਤ ਮਾਨ ਨੇ ਕਿਹਾ ਕਿ ਇਸੇ ਤਰ੍ਹਾਂ ਪਿਛਲੇ ਛੇ ਮਹੀਨਿਆਂ ਵਿੱਚ ਹੁਣ ਤੱਕ ਲਗਭਗ 20 ਹਜ਼ਾਰ ਨੌਜਵਾਨਾਂ ਨੂੰ ਸਰਕਾਰੀ ਨੌਕਰੀਆਂ ਮੁਹੱਈਆਂ ਕੀਤੀਆਂ ਗਈਆਂ ਹਨ ਅਤੇ ਕਈ ਵਿਭਾਗਾਂ ਵਿਚ ਭਰਤੀ ਜਾਰੀ ਹੈ। ਉਨ੍ਹਾਂ ਕਿਹਾ ਕਿ ਇਕ ਵਿਧਾਇਕ-ਇਕ ਪੈਨਸ਼ਨ ਦਾ ਕਾਨੂੰਨ ਪੰਜਾਬ ਵਿਚ ਲਾਗੂ ਕੀਤਾ ਚੁੱਕਾ ਹੈ ਜਿਸ ਨਾਲ ਹੁਣ ਇਕ ਤੋਂ ਵੱਧ ਵਾਰ ਵਿਧਾਇਕ ਚੁਣੇ ਜਾਣ ਉਤੇ ਵੀ ਇਕ ਪੈਨਸ਼ਨ ਹੀ ਮਿਲਦੀ ਹੈ।
ਸ਼ਹੀਦ ਸੈਨਿਕਾਂ ਦੀ ਲਾਮਿਸਾਲ ਕੁਰਬਾਨੀ ਦਾ ਜ਼ਿਕਰ ਕਰਦੇ ਹੋਏ ਮੁੱਖ ਮੰਤਰੀ ਨੇ ਕਿਹਾ ਕਿ ਪੰਜਾਬ ਵਿਚ ਸ਼ਹੀਦ ਸੈਨਿਕ ਦੇ ਦੇਸ਼ ਪ੍ਰਤੀ ਮਹਾਨ ਯੋਗਦਾਨ ਦੇ ਸਤਿਕਾਰ ਵਿਚ ਪਰਿਵਾਰ ਨੂੰ ਇਕ ਕਰੋੜ ਦੀ ਰਾਸ਼ੀ ਅਤੇ ਇਕ ਮੈਂਬਰ ਨੂੰ ਸਰਕਾਰੀ ਨੌਕਰੀ ਦਿੱਤੀ ਜਾਂਦੀ ਹੈ ਜਦਕਿ ਇਸ ਤੋਂ ਪਹਿਲਾਂ ਸਿਲਾਈ ਮਸ਼ੀਨਾਂ ਹੀ ਦਿੱਤੀਆਂ ਜਾਂਦੀਆਂ ਸਨ।