*ਮੁੱਖ ਮੰਤਰੀ ਪੰਜਾਬੀਆਂ ਨੂੰ ਦੱਸਣ ਕਿ ਉਹ ਕੇਜਰੀਵਾਲ ਦੇ ਹਵਾਈ ਸਫਰ ਵਾਸਤੇ ਸਰਕਾਰੀ ਖਜ਼ਾਨੇ ਵਿਚੋਂ ਕਰੋੜਾਂ ਰੁਪਏ ਕਿਉਂ ਖਰਚ ਰਹੇ ਹਨ : ਅਕਾਲੀ ਦਲ*
*ਡਾ. ਦਲਜੀਤ ਸਿੰਘ ਚੀਮਾ ਨੇ ਫਿਕਸ ਵਿੰਗ ਹਵਾਈ ਜਹਾਜ਼ ਕਿਰਾਏ ’ਤੇ ਲੈਣ ਦੇ ਕਦਮ ਦੀ ਕੀਤੀ ਨਿਖੇਧੀ*
ਸਰਕਾਰ ਵੱਲੋਂ ਹੈਲੀਕਾਪਟਰ ਤੇ ਪ੍ਰਾਈਵੇਟ ਜੈਟਾਂ ’ਤੇ ਹਵਾਈ ਸਫਰ ਦੇ ਹੋਏ ਖਰਚ ਦੀ ਜਾਣਕਾਰੀ ਛੁਪਾਉਣ ਲਈ ਵੀ ਸਰਕਾਰ ਦੀ ਕੀਤੀ ਨਿਖੇਧੀ
ਚੰਡੀਗੜ੍ਹ, 19 ਅਕਤੂਬਰ : ਸ਼੍ਰੋਮਣੀ ਅਕਾਲੀ ਦਲ ਨੇ ਅੱਜ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਆਖਿਆ ਕਿ ਉਹ ਪੰਜਾਬੀਆਂ ਨੂੰ ਦੱਸਣ ਕਿ ਉਹ ਆਮ ਆਦਮੀ ਪਾਰਟੀ ਦੇ ਕਨਵੀਨਰ ਸ੍ਰੀ ਅਰਵਿੰਦ ਕੇਜਰੀਵਾਲ ਦੇ ਹਵਾਈ ਸਫਰ ਦੇ ਖਰਚ ਵਾਸਤੇ ਸੂਬੇ ਦੇ ਸਰਕਾਰੀ ਖਜ਼ਾਨੇ ਵਿਚੋਂ ਕਰੋੜਾਂ ਰੁਪਏ ਕਿਉਂ ਖਰਚ ਕਰ ਰਹੇ ਹਨ ਅਤੇ ਰਾਜ ਸਰਕਾਰ ਨੇ ਫਿਕਸ ਵਿੰਗ ਹਵਾਈ ਜਹਾਜ਼ ਖਰੀਦਣ ਦਾ ਫੈਸਲਾ ਕਿਉਂ ਕੀਤਾ ਹੈ ਜਦੋਂ ਕਿ ਇਸ ਕੋਲ ਪਹਿਲਾਂ ਹੀ ਹੈਲੀਕਾਪਟਰ ਮੌਜੂਦ ਹੈ।
ਇਥੇ ਜਾਰੀ ਕੀਤੇ ਇਕ ਬਿਆਨ ਵਿਚ ਸਾਬਕਾ ਮੰਤਰੀ ਡਾ. ਦਲਜੀਤ ਸਿੰਘ ਚੀਮਾ ਨੇ ਕਿਹਾ ਕਿ ਹੈਰਾਨੀ ਵਾਲੀ ਗੱਲ ਹੈ ਕਿ ਪੰਜਾਬ ਸਰਕਾਰ ਪਹਿਲਾਂ ਹੀ ਆਪ ਦੇ ਕਨਵੀਨਰ ਤੇ ਉਹਨਾਂ ਦੇ ਨਾਲ ਸਫਰ ਕਰਨ ਵਾਲਿਆਂ ਵਾਸਤੇ ਕਰੋੜਾਂ ਰੁਪਏ ਬਰਬਾਦ ਕਰ ਰਹੀ ਹੈ।
ਉਹਨਾਂ ਕਿਹਾ ਕਿ ਪੰਜਾਬ ਵਿਚ ਫਿਕਸ ਵਿੰਗ ਵਾਲੇ ਹਵਾਈ ਜਹਾਜ਼ ਦੀ ਕੋਈ ਲੋੜ ਨਹੀਂ ਹੈ ਕਿਉਂਕਿ ਇਸਦਾ ਭੁਗੌਲਿਕ ਖੇਤਰ ਬਹੁਤ ਛੋਟਾ ਹੈ ਅਤੇ ਇਸਦੀ ਵਰਤੋਂ ਪੰਜਾਬ ਤੋਂ ਬਾਹਰ ਸ੍ਰੀ ਕੇਜਰੀਵਾਲ ਦੇ ਚੋਣ ਪ੍ਰਚਾਰ ਵਾਸਤੇ ਹੋਰ ਰਾਜਾਂ ਦੇ ਦੌਰੇ ਕਰਨ ਵੇਲੇ ਕੀਤੀ ਜਾਵੇਗੀ। ਉਹਨਾਂ ਕਿਹਾ ਕਿ ਪੰਜਾਬ ਸਰਕਾਰ ਨੇ ਮੌਜੂਦਾ ਸਮੇਂ ਵਿਚ ਪ੍ਰਾਈਵੇਟ ਜੈਟ ਕਿਰਾਏ ’ਤੇ ਲੈ ਰੱਖੇ ਹਨ ਜਿਹਨਾਂ ਦੀ ਕੀਮਤ 44 ਲੱਖ ਰੁਪਏ ਤੇ 55 ਲੱਖ ਰੁਪਏ ਪ੍ਰਤੀ ਦੌਰਾ ਸ੍ਰੀ ਕੇਜਰੀਵਾਲ ਦੇ ਗੁਜਰਾਤ ਚੋਣਾਂ ਲਈ ਪ੍ਰਚਾਰ ਵਾਸਤੇ ਖਰਚ ਕਰਨੀ ਪੈਂਦੀ ਹੈ। ਉਹਨਾਂ ਕਿਹਾ ਕਿ ਆਪ ਦੇ ਕਨਵੀਨਰ ਦੇਸ਼ ਭਰ ਵਿਚ ਘੁੰਮਣਾ ਚਾਹੁੰਦੇ ਹਨ ਅਤੇ ਸ੍ਰੀ ਭਗਵੰਤ ਮਾਨ ਨੇ ਪੰਜਾਬੀਆਂ ਵੱਲੋਂ ਇਸਦਾ ਬਿੱਲ ਮਾਰਨ ਦੀ ਜ਼ਿੰਮੇਵਾਰੀ ਚੁੱਕੀ ਹੈ।
ਡਾ. ਚੀਮਾ ਨੇ ਮੁੱਖ ਮੰਤਰੀ ਨੂੰ ਆਖਿਆ ਕਿ ਉਹ 10 ਸੀਟਾਂ ਵਾਲਾ ਇਕ ਸਾਲ ਵਾਸਤੇ ਡੈਸਾਲਟ ਫੈਲਕਨ 2000 ਫਿਕਸ ਵਿੰਗ ਹਵਾਈ ਜਹਾਜ਼ ਇਕ ਸਾਲ ਵਾਸਤੇ ਕਿਰਾਏ ’ਤੇ ਲੈਣ ਦਾ ਆਪਣਾ ਫੈਸਲਾ ਵਾਪਸ ਲੈਣ। ਉਹਨਾਂ ਕਿਹਾ ਕਿ ਪੈਸੇ ਦੀ ਇਹ ਬਰਾਬਾਦੀ ਨਹੀਂ ਕੀਤੀ ਜਾ ਸਕਦੀ ਕਿਉਂਕਿ ਰਾਜ ਦੇ ਕਿਸਾਨਾਂ ਨੂੰ ਫਸਲਾਂ ਦੇ ਹੋਏ ਨੁਕਸਾਨ ਦਾ ਮੁਆਵਜ਼ਾ ਹਾਲੇ ਤੱਕ ਨਹੀਂ ਮਿਲਿਆ, ਕਮਜ਼ੋਰ ਵਰਗਾਂ ਨੁੰ ਸਮਾਜ ਭਲਾਈ ਸਕੀਮਾਂ ਦੇ ਲਾਭ ਨਹੀਂ ਮਿਲੇ ਤੇ ਨੌਜਵਾਨਾਂ ਨੂੰ ਨੌਕਰੀਆਂ ਦੇਣ ਤੋਂ ਨਾਂਹ ਕੀਤੀ ਜਾ ਰਹੀਹੈ। ਉਹਨਾਂ ਕਿਹਾ ਕਿ ਇੰਨਾ ਹੀ ਨਹੀਂ ਬਲਕਿ ਆਪ ਸਰਕਾਰ ਨੇ ਸਰਕਾਰੀ ਹੈਲੀਕਾਪਟਰ ਰਾਹੀਂ ਸਫਰ ’ਤੇ ਕਰੋੜਾਂ ਰੁਪਏ ਖਰਚ ਕੀਤੇ ਹਨ। ਉਹਨਾਂ ਕਿਹਾ ਕਿ ਫਿਕਸ ਵਿੰਗ ਹਵਾਈ ਜਹਾਜ਼ ਕਿਰਾਏ ’ਤੇ ਲੈਣ ਨਾਲ ਇਹ ਭਾਰ ਹੋਰ ਜ਼ਿਆਦਾ ਵੱਧ ਜਾਵੇਗਾ।
ਡਾ. ਚੀਮਾ ਨੇ ਜ਼ੋਰ ਦੇ ਕੇ ਕਿਹਾ ਕਿ ਆਮ ਆਦਮੀ ਪਾਰਟੀ ਆਪਣੇ ਅਸਲ ਰੰਗ ਵਿਖਾ ਰਹੀ ਹੈ। ਉਹਨਾਂ ਕਿਹਾ ਕਿ ਇਹ ਉਹੀ ਪਾਰਟੀ ਹੈ ਜਿਸਦਾ ਮੁਖੀ ਵੈਗਨ ਆਰ ਕਾਰ ਰਾਹੀਂ ਸਫਰ ਕਰਨ ਦਾ ਡਰਾਮਾ ਕਰਦਾ ਸੀ। ਉਹਨਾਂ ਕਿਹਾ ਕਿ ਪੰਜਾਬ ਦੇ ਮੁੱਖ ਮੰਤਰੀ ਨੂੰ ਉਹਨਾਂ ਦੀ ਸਾਦਗੀ ਦੀਆਂ ਅਖੌਤੀ ਕਹਾਣੀਆਂ ਦੱਸਣ ਦਾ ਪੂਰਾ ਚਾਅ ਹੈ। ਉਹਨਾਂ ਕਿਹਾ ਕਿ ਇਹ ਉਹੀ ਲੋਕ ਹਨ ਜਿਹਨਾਂ ਨੇ ਪ੍ਰਾਈਵੇਟ ਹਵਾਈ ਜਹਾਜ਼ ਕਿਰਾਏ ’ਤੇ ਲਏ ਹਨ ਤੇ ਇਹ ਇਕ ਥਾਂ ਤੋਂ ਦੂਜੀ ਥਾਂ ਗੇੜੇ ’ਤੇ ਗੇੜੇ ਮਾਰ ਰਹੇ ਹਨ ਤੇ ਇਹਨਾਂ ਨੂੰ ਸਰਕਾਰੀ ਖਜ਼ਾਨੇ ’ਤੇ ਪੈ ਰਹੇ ਭਾਰ ਦੀ ਕੋਈ ਪਰਵਾਹ ਨਹੀਂ ਹੈ।
ਡਾ. ਚੀਮਾ ਨੇ ਆਪ ਸਰਕਾਰ ਵੱਲੋਂ ਮੁੱਖ ਮੰਤਰੀ ਦੇ ਸਰਕਾਰੀ ਹੈਲੀਕਾਪਟਰ ਦੇ ਨਾਲ ਨਾਲ ਪ੍ਰਾਈਵੇਟ ਚਾਰਟਡ ਹਵਾਈ ਜਹਾਜ਼ਾਂ ’ਤੇ ਹੋਏ ਖਰਚ ਦਾ ਵੇਰਵਾ ਸੁਰੱਖਿਆ ਚਿੰਤਾਵਾਂ ਦੇ ਬਹਾਨੇ ਪਰਦੇ ਵਿਚ ਰੱਖਣ ਦੀ ਵੀ ਨਿਖੇਧੀ ਕੀਤੀ। ਉਹਨਾਂ ਕਿਹਾ ਕਿ ਇਹ ਜਾਣਕਾਰੀ ਪਹਿਲਾਂ ਕਦੇ ਵੀ ਲੁਕਾ ਕੇ ਨਹੀਂ ਰੱਖੀ ਗਈ ਸੀ ਤੇ ਅਸਲੀਅਤ ਇਹ ਹੈ ਕਿ ਆਪ ਸਰਕਾਰ ਹੁਣ ਇਸਨੁੰ ਇਸ ਵਾਸਤੇ ਪਰਦੇ ਵਿਚ ਰੱਖ ਰਹੀਹੈ ਜਿਸ ਤੋਂ ਸਪਸ਼ਟ ਹੈ ਕਿ ਉਹ ਸਹੂਲਤ ਦੀ ਦੁਰਵਰਤੋਂ ਕਰ ਰਹੇ ਹਨ। ਅਕਾਲੀ ਆਗੂ ਨੇ ਮੁੱਖ ਮੰਤਰੀ ਵੱਲੋਂ ਸਰਕਾਰੀ ਹੈਲੀਕਾਪਟਰ ਦੀ ਵਰਤੋਂ ਹਿਮਾਚਲ ਪ੍ਰਦੇਸ਼ ਵਿਚ ਚੋਣ ਪ੍ਰਚਾਰ ਵਾਸਤੇ ਕਰਨ ਦੀ ਵੀ ਨਿਖੇਧੀ ਕੀਤੀ।