*36,000 ਕੱਚੇ ਮੁਲਾਜ਼ਮਾਂ ਨੂੰ ਪੱਕੇ ਕਰਨ ਦੀ ਪ੍ਰਕਿਰਿਆ ਵੀ ਸ਼ੁਰੂ : : ਭਗਵੰਤ ਮਾਨ
*ਗੁਜਰਾਤ ਦੇ ਲੋਕ 27 ਸਾਲ ਦੇ ਭ੍ਰਿਸ਼ਟ ਰਾਜ ਨੂੰ ਖਤਮ ਕਰਕੇ ਨਵੇਂ ਸਿਆਸੀ ਦੌਰ ਦੀ ਕਰਨਗੇ ਸ਼ੁਰੂਆਤ: ਭਗਵੰਤ ਮਾਨ*
-ਕਿਹਾ, ‘ਆਪ’ ਕਿਸੇ ਦੀ ‘ਬੀ’ ਟੀਮ ਨਹੀਂ, ਅਸੀਂ ਗੁਜਰਾਤ ਦੇ ਲੋਕਾਂ ਸਮੇਤ 130 ਕਰੋੜ ਭਾਰਤੀਆਂ ਦੀ ਪਾਰਟੀ ਹਾਂ
-ਗੁਜਰਾਤ ਵਾਸੀਆਂ ਨੇ ਬਦਲਾਅ ਲਿਆਉਣ ਲਈ ਆਪਣਾ ਮਨ ਬਣਾ ਲਿਆ ਹੈ: ਭਗਵੰਤ ਮਾਨ
-ਮੁੱਖ ਮੰਤਰੀ ਮਾਨ ਦਾ ਕਾਂਗਰਸ ‘ਤੇ ਨਿਸ਼ਾਨਾ, ‘ਕਾਂਗਰਸ ਚੇਂਜ (ਬਦਲਾਅ) ਨਹੀਂ, ਐਕਸਚੇਂਜ ਪਾਰਟੀ ਹੈ
ਚੰਡੀਗੜ੍ਹ, ਪੰਚਮਹਲ (ਗੁਜਰਾਤ): 28 ਅਕਤੂਬਰ
ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਕਿ ਗੁਜਰਾਤ ਦੇ ਲੋਕ ਪਿਛਲੇ 27 ਸਾਲਾਂ ਤੋਂ ਸੱਤਾ ‘ਤੇ ਕਾਬਜ਼ ਭਾਜਪਾ ਦੇ ਸਿਆਸੀ ਕਿਲੇ ਨੂੰ ਢਾਹ ਕੇ ਰਾਜਨੀਤੀ ਦੇ ਨਵੇਂ ਯੁੱਗ ਦੀ ਸ਼ੁਰੂਆਤ ਕਰਨਗੇ ਅਤੇ ਆਉਣ ਵਾਲੀਆਂ ਵਿਧਾਨ ਸਭਾ ਚੋਣਾਂ ਵਿੱਚ ਆਮ ਆਦਮੀ ਪਾਰਟੀ (ਆਪ) ਦੀ ਵੱਡੀ ਜਿੱਤ ਯਕੀਨੀ ਬਣਾਉਣਗੇ।
ਸ਼ੁੱਕਰਵਾਰ ਨੂੰ ਗੁਜਰਾਤ ਦੇ ਪੰਚਮਹਲ ਵਿਖੇ ਇੱਕ ਵਿਸ਼ਾਲ ਇਕੱਠ ਨੂੰ ਸੰਬੋਧਨ ਕਰਦਿਆਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਕਿ ਇਹ ਸਪੱਸ਼ਟ ਹੈ ਕਿ ਗੁਜਰਾਤ ਦੇ ਲੋਕਾਂ ਨੇ ਭਾਜਪਾ ਨੂੰ ਸੱਤਾ ਤੋਂ ਲਾਂਭੇ ਕਰਕੇ ‘ਆਪ’ ਦੇ ਹੱਕ ਵਿੱਚ ਫਤਵਾ ਦੇਣ ਦਾ ਮਨ ਬਣਾ ਲਿਆ ਹੈ।
ਉਨ੍ਹਾਂ ਕਿਹਾ ਕਿ ਵਿਰੋਧੀ ਧਿਰ ‘ਆਪ’ ਨੂੰ ਦੂਜਿਆਂ ਦੀ ‘ਬੀ’ ਟੀਮ ਦੱਸ ਕੇ ਬਦਨਾਮ ਕਰਨ ਦੀ ਕੋਸ਼ਿਸ਼ ਕਰ ਰਹੇ ਹਨ ਪਰ ‘ਆਪ’ ਗੁਜਰਾਤ ਦੇ ਲੋਕਾਂ ਦੀ ਅਤੇ 130 ਕਰੋੜ ਭਾਰਤੀਆਂ ਦੀ ਪਾਰਟੀ ਹੈ। ‘ਆਪ’ ਇਮਾਨਦਾਰ ਅਤੇ ਲੋਕ-ਪੱਖੀ ਰਾਜਨੀਤੀ ਨਾਲ ਸਿਸਟਮ ਵਿਚਲੀ ਦਹਾਕਿਆਂ ਪੁਰਾਣੀ ਗੰਦਗੀ ਸਾਫ਼ ਕਰਕੇ ਭਾਰਤ ਨੂੰ ਨੰਬਰ 1 ਬਣਾਉਣ ਵੱਲ ਅੱਗੇ ਵਧ ਰਹੀ ਹੈ।
ਸੂਬੇ ਵਿੱਚ ਆਮ ਲੋਕਾਂ ਦੀ ਤਰਸਯੋਗ ਹਾਲਤ ਲਈ ਭਾਜਪਾ ਦੀ ਆਲੋਚਨਾ ਕਰਦਿਆਂ ਭਗਵੰਤ ਮਾਨ ਨੇ ਕਿਹਾ ਕਿ ਭਾਜਪਾ ਨੇ ਸਿਰਫ਼ ਲੋਕਾਂ ਤੋਂ ਲੁੱਟਿਆ ਹੈ। ਲੋਕ ਸਿੱਖਿਆ ਅਤੇ ਸਿਹਤ ਵਰਗੀਆਂ ਬੁਨਿਆਦੀ ਸਹੂਲਤਾਂ ਤੋਂ ਵਾਂਝੇ ਸਨ। ਪਰ ਹੁਣ ਲੋਕ ਭਾਜਪਾ ਸਬਕ ਸਿਖਾਉਣ ਲਈ ਉਤਾਵਲੇ ਹਨ ਅਤੇ ਆਉਣ ਵਾਲੀਆਂ ਵਿਧਾਨ ਸਭਾ ਚੋਣਾਂ ਵਿੱਚ 27 ਸਾਲਾਂ ਦੇ ਘਿਨਾਉਣੇ ਸ਼ਾਸਨ ਨੂੰ ਵੋਟਰ 27 ਮਿੰਟਾਂ ਵਿੱਚ ਖ਼ਤਮ ਕਰ ਦੇਣਗੇ।
ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਗੁਜਰਾਤ ਵਿੱਚ ‘ਆਪ’ ਦੇ ਹੱਕ ਵਿੱਚ ਚਲ ਰਹੀ ਲਹਿਰ ਦਾ ਜ਼ਿਕਰ ਕਰਦਿਆਂ ਕਿਹਾ ਕਿ ਦਿੱਲੀ ਅਤੇ ਪੰਜਾਬ ਦੇ ਇਤਿਹਾਸ ਨੂੰ ਦੁਹਰਾਉਂਦੇ ਹੋਏ ਗੁਜਰਾਤ ਦੇ ਲੋਕ ਵੀ ਭਾਰੀ ਬਹੁਮਤ ਨਾਲ ‘ਆਪ’ ਦੀ ਸਰਕਾਰ ਬਣਾਉਣਗੇ।
ਮੁੱਖ ਮੰਤਰੀ ਨੇ ਕਿਹਾ ਕਿ ਰੈਲੀਆਂ ਵਿੱਚ ਭਾਰੀ ਭੀੜ ਇਸ ਗੱਲ ਦਾ ਪ੍ਰਮਾਣ ਹੈ ਕਿ ਗੁਜਰਾਤ ਵਿੱਚ ‘ਆਪ’ ਦੀ ਸਰਕਾਰ ਬਣੇਗੀ। ਸੂਬੇ ਵਿੱਚ ਪਾਰਟੀ ਨੂੰ ਮਿਲੇ ਭਰਵੇਂ ਹੁੰਗਾਰੇ ਤੋਂ ਭਾਜਪਾ ਘਬਰਾਈ ਹੋਈ ਹੈ। ‘ਆਪ’ ਦੀ ਸਰਕਾਰ ਬਣਨ ‘ਤੇ ਸੂਬੇ ‘ਚੋਂ ਭ੍ਰਿਸ਼ਟਾਚਾਰ ਨੂੰ ਖ਼ਤਮ ਕਰਨ ਦੀ ਗੱਲ ਦੁਹਰਾਉਂਦਿਆਂ ਉਨ੍ਹਾਂ ਕਿਹਾ ਕਿ ਵਿਦੇਸ਼ੀਆਂ ਨੇ ਭਾਰਤ ‘ਤੇ 200 ਸਾਲ ਰਾਜ ਕੀਤਾ ਪਰ ਉਨ੍ਹਾਂ ਨੂੰ ਇਹ ਦੇਖ ਕੇ ਵੀ ਸ਼ਰਮ ਮਹਿਸੂਸ ਹੋਈ ਹੋਵੇਗੀ ਕਿ ਉਹ ਵਰਤਮਾਨ ਸੱਤਾਧਾਰੀ ਲੀਡਰਾਂ ਦੀ ਲੁੱਟ ਦਾ ਮੁਕਾਬਲਾ ਨਹੀਂ ਕਰ ਸਕੇ।
ਲਗਾਤਾਰ ਕਾਂਗਰਸੀ ਵਿਧਾਇਕਾਂ ਵੱਲੋਂ ਭਾਜਪਾ ‘ਚ ਸ਼ਾਮਿਲ ਹੋਣ ‘ਤੇ ਨਿਸ਼ਾਨਾ ਸਾਧਦਿਆਂ ਮਾਨ ਨੇ ਕਿਹਾ ਕਿ ਕਾਂਗਰਸ ਚੇਂਜ (ਬਦਲਾਅ) ਨਹੀਂ ਸਗੋਂ ਐਕਸਚੇਂਜ (ਦਲ-ਬਦਲਣ ਵਾਲੀ) ਪਾਰਟੀ ਹੈ। ਕਾਂਗਰਸੀ ਆਗੂ ਦੂਜੀਆਂ ਪਾਰਟੀਆਂ ਵਿਚ ਸ਼ਾਮਲ ਹੋਣ ਲਈ ਕਾਹਲੇ ਹਨ ਕਿਉਂਕਿ ਉਨ੍ਹਾਂ ਨੂੰ ਪਤਾ ਹੈ ਕਿ ਦੇਸ਼ ਵਿਚ ਕਾਂਗਰਸ ਦਾ ਬੇੜਾ ਡੁੱਬ ਰਿਹਾ ਹੈ।
ਮੁੱਖ ਮੰਤਰੀ ਨੇ ਕਿਹਾ ਕਿ ਇਸ ਸਮੇਂ ਦੇਸ਼ ਸਿਆਸੀ ਬਦਲਾਅ ਦੇ ਕੰਢੇ ਖੜ੍ਹਾ ਹੈ ਅਤੇ ਲੋਕ ਰਵਾਇਤੀ ਪਾਰਟੀਆਂ ਕਾਂਗਰਸ ਅਤੇ ਭਾਜਪਾ ਤੋਂ ਅੱਗੇ ਵਿਕਲਪ ਦੇਖ ਰਹੇ ਹਨ। ਪਹਿਲਾਂ ਲੋਕਾਂ ਕੋਲ ਕੋਈ ਬਦਲ ਨਹੀਂ ਸੀ ਪਰ ਹੁਣ ਉਨ੍ਹਾਂ ਕੋਲ ਅਰਵਿੰਦ ਕੇਜਰੀਵਾਲ ਦੀ ਅਗਵਾਈ ਵਾਲੀ ਇਮਾਨਦਾਰ ਆਮ ਆਦਮੀ ਪਾਰਟੀ ਹੈ। ਉਨ੍ਹਾਂ ਕਿਹਾ ਕਿ ਦਿੱਲੀ ਅਤੇ ਪੰਜਾਬ ਵਾਂਗ ਗੁਜਰਾਤ ਵਿੱਚ ਵੀ ਬਦਲਾਅ ਦੀ ਹਵਾ ਚੱਲ ਰਹੀ ਹੈ। ‘ਆਪ’ ਗੁਜਰਾਤ ਸਮੇਤ ਦੇਸ਼ ਭਰ ਦੀ ਸਿਆਸਤ ‘ਚ ਫੈਲੀ ਗੰਦਗੀ ਨੂੰ ਝਾੜੂ ਨਾਲ ਸਾਫ਼ ਕਰੇਗੀ।
ਪੰਜਾਬ ਸਰਕਾਰ ਵੱਲੋਂ ਸ਼ੁਰੂ ਕੀਤੀਆਂ ਲੋਕ ਪੱਖੀ ਨੀਤੀਆਂ ਬਾਰੇ ਗੱਲ ਕਰਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਸੂਬਾ ਸਰਕਾਰ ਨੇ ਆਪਣੇ ਮੁਲਾਜ਼ਮਾਂ ਲਈ 2004 ਵਿੱਚ ਬੰਦ ਕੀਤੀ ਪੁਰਾਣੀ ਪੈਨਸ਼ਨ ਸਕੀਮ ਨੂੰ ਮੁੜ ਬਹਾਲ ਕਰ ਦਿੱਤਾ ਹੈ। ਇਸ ਤੋਂ ਇਲਾਵਾ ਛੇ ਫੀਸਦੀ ਮਹਿੰਗਾਈ ਭੱਤਾ (ਡੀ.ਏ.) ਦਿੱਤਾ ਜਾ ਰਿਹਾ ਤਾਂ ਜੋ ਮੁਲਾਜ਼ਮਾਂ ਨੂੰ ਲਗਾਤਾਰ ਵੱਧ ਰਹੀ ਮਹਿੰਗਾਈ ਤੋਂ ਰਾਹਤ ਦਿੱਤੀ ਜਾ ਸਕੇ।
ਇਸ ਤੋਂ ਇਲਾਵਾ ਸੂਬਾ ਸਰਕਾਰ ਵੱਲੋਂ ਪੰਜਾਬ ਵਿੱਚ ਚੁੱਕੇ ਗਏ ਕਈ ਹੋਰ ਲੋਕ ਪੱਖੀ ਪਹਿਲਕਦਮੀਆਂ ਬਾਰੇ ਦਸਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਸੂਬਾ ਸਰਕਾਰ ਨੇ ‘ਇੱਕ ਵਿਧਾਇਕ, ਇੱਕ ਪੈਨਸ਼ਨ’ ਬਿੱਲ ਲਾਗੂ ਕੀਤਾ ਜਿਸ ਅਨੁਸਾਰ ਹਰੇਕ ਵਿਧਾਇਕ ਨੂੰ ਸਿਰਫ਼ ਇੱਕ ਹੀ ਪੈਨਸ਼ਨ ਮਿਲੇਗੀ ਅਤੇ ਲੋਕਾਂ ਦੇ ਪੈਸੇ ਦੀ ਲੁੱਟ ਰੁਕੇਗੀ। ਉਨ੍ਹਾਂ ਕਿਹਾ ਕਿ ਇਸੇ ਤਰ੍ਹਾਂ ਸੂਬਾ ਸਰਕਾਰ ਨੇ ਮੈਰਿਟ ਦੇ ਆਧਾਰ ‘ਤੇ ਨੌਜਵਾਨਾਂ ਨੂੰ 17,000 ਤੋਂ ਵੱਧ ਸਰਕਾਰੀ ਨੌਕਰੀਆਂ ਦਿੱਤੀਆਂ ਹਨ ਅਤੇ 36,000 ਕੱਚੇ ਮੁਲਾਜ਼ਮਾਂ ਨੂੰ ਪੱਕੇ ਕਰਨ ਦੀ ਪ੍ਰਕਿਰਿਆ ਵੀ ਸ਼ੁਰੂ ਹੋ ਚੁੱਕੀ ਹੈ। ਹਾਲ ਹੀ ਵਿੱਚ ਸੂਬਾ ਸਰਕਾਰ ਨੇ 9000 ਦੇ ਕਰੀਬ ਮੁਲਾਜ਼ਮਾਂ ਦੀਆਂ ਸੇਵਾਵਾਂ ਰੈਗੂਲਰ ਕਰਨ ਲਈ ਨੋਟੀਫਿਕੇਸ਼ਨ ਵੀ ਜਾਰੀ ਕੀਤਾ ਹੈ।