ਨੈਸ਼ਨਲ ਹਾਈਵੇਅ-205ਕੇ ਦੇ ਰੂਪਨਗਰ-ਲੁਧਿਆਣਾ ਤੋਂ ਖਰੜ ਨੂੰ ਜੋੜਣ ਵਾਲੇ ਹਿੱਸੇ ਲਈ ਮੁਆਵਜ਼ੇ ਦੀ ਵੰਡ ਅਤੇ ਜ਼ਮੀਨ ਦੇ ਕਬਜ਼ੇ ਲਈ ਰਾਹ ਪੱਧਰਾ*
ਮੁੱਖ ਸਕੱਤਰ ਨੇ ਡਿਪਟੀ ਕਮਿਸ਼ਨਰਾਂ ਨੂੰ ਐਨ.ਐਚ.ਏ.ਆਈ. ਨੂੰ ਕਬਜ਼ਾ ਸੌਂਪਣ ਵਿੱਚ ਤੇਜ਼ੀ ਲਿਆਉਣ ਲਈ ਕਿਹਾ
ਚੰਡੀਗੜ੍ਹ, 21 ਨਵੰਬਰ:
ਮੁੱਖ ਮੰਤਰੀ ਭਗਵੰਤ ਮਾਨ ਦੇ ਠੋਸ ਯਤਨਾਂ ਨਾਲ, ਸੂਬਾ ਸਰਕਾਰ ਨੂੰ ਐਨ.ਐਚ-205ਕੇ ਦੇ ਰੂਪਨਗਰ-ਲੁਧਿਆਣਾ ਤੋਂ ਖਰੜ ਨੂੰ ਜੋੜਣ ਵਾਲੇ ਹਿੱਸੇ ਦੇ ਸਾਰੇ ਪੈਕੇਜਾਂ ਲਈ ਮੁਆਵਜ਼ੇ ਅਤੇ ਸੁਖਾਲੀ ਜ਼ਮੀਨ ਦੀ ਵੰਡ ਲਈ ਸੜਕੀ ਆਵਾਜਾਈ ਅਤੇ ਰਾਜਮਾਰਗ ਮੰਤਰਾਲੇ ਤੋਂ ਹਰੀ ਝੰਡੀ ਮਿਲ ਗਈ ਹੈ।
ਲੁਧਿਆਣਾ-ਰੂਪਨਗਰ ਹਾਈਵੇਅ ਦੀ ਜ਼ਮੀਨ ਐਕਵਾਇਰ ਕਰਨ ਸਬੰਧੀ ਮੁੱਖ ਸਕੱਤਰ ਵਿਜੈ ਕੁਮਾਰ ਜੰਜੂਆ ਦੀ ਪ੍ਰਧਾਨਗੀ ਵਿੱਚ ਹੋਈ ਮੀਟਿੰਗ ਦੌਰਾਨ ਅੱਜ ਇਹ ਦੱਸਿਆ ਗਿਆ ਕਿ ਇਸ ਮਹੱਤਵਪੂਰਨ ਪ੍ਰਾਜੈਕਟ ਲਈ ਜ਼ਮੀਨ ਦੀ ਵੰਡ ਅਤੇ ਕਬਜ਼ਾ ਸੌਂਪਣ ਲਈ ਰਾਹ ਪੱਧਰਾ ਕਰ ਦਿੱਤਾ ਗਿਆ ਹੈ। ਮੁੱਖ ਸਕੱਤਰ ਸ੍ਰੀ ਜੰਜੂਆ ਨੇ ਡਿਪਟੀ ਕਮਿਸ਼ਨਰਾਂ ਨੂੰ ਸਾਰੇ ਨੈਸ਼ਨਲ ਹਾਈਵੇਅ ਪ੍ਰੋਜੈਕਟਾਂ ਲਈ ਜ਼ਮੀਨ ਦਾ ਕਬਜ਼ਾ ਸੌਂਪਣ ਵਿੱਚ ਤੇਜ਼ੀ ਲਿਆਉਣ ਦੇ ਨਿਰਦੇਸ਼ ਦਿੱਤੇ ਕਿਉਂਕਿ ਇਹ ਮਹੱਤਵਪੂਰਨ ਪ੍ਰਾਜੈਕਟ ਨਾਲ ਸੂਬੇ ਦੀ ਆਰਥਿਕਤਾ ਨੂੰ ਹੋਰ ਹੁਲਾਰਾ ਦੇਣ ਵਾਲੇ ਹਨ।
ਲੋਕ ਨਿਰਮਾਣ (ਬੀ ਐਂਡ ਆਰ) ਵਿਭਾਗ ਦੇ ਸਕੱਤਰ ਨੀਲਕੰਠ ਐਸ. ਅਵਧ ਨੇ ਦੱਸਿਆ ਕਿ ਸਕੱਤਰ ਸੜਕੀ ਆਵਾਜਾਈ ਅਤੇ ਰਾਜਮਾਰਗ ਮੰਤਰਾਲੇ ਤੋਂ ਇੱਕ ਹਾਂ-ਪੱਖੀ ਹੁੰਗਾਰਾ ਪ੍ਰਾਪਤ ਹੋਇਆ ਹੈ ਅਤੇ ਕੰਮ ਵਿੱਚ ਤੇਜ਼ੀ ਲਿਆਉਣ ਲਈ ਕਿਹਾ ਗਿਆ ਹੈ।
ਵਿਚਾਰ-ਵਟਾਂਦਰੇ ਵਿੱਚ ਭਾਗ ਲੈਂਦਿਆਂ ਡਿਪਟੀ ਕਮਿਸ਼ਨਰ ਲੁਧਿਆਣਾ ਸੁਰਭੀ ਮਲਿਕ ਨੇ ਦੱਸਿਆ ਕਿ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਜ਼ਮੀਨਾਂ ਨੂੰ ਕਬਜ਼ੇ ਵਿੱਚ ਲੈਣ ਲਈ ਲਗਾਤਾਰ ਯਤਨ ਕੀਤੇ ਜਾ ਰਹੇ ਹਨ। ਪੈਕੇਜ-1 ਤਹਿਤ 37.70 ਕਿਲੋਮੀਟਰ ਜ਼ਮੀਨ ਵਿੱਚੋਂ 18.90 ਕਿਲੋਮੀਟਰ ਦਾ ਕਬਜ਼ਾ ਪਹਿਲਾਂ ਹੀ ਲੈ ਲਿਆ ਗਿਆ ਹੈ। ਉਨ੍ਹਾਂ ਅੱਗੇ ਦੱਸਿਆ ਕਿ ਅਗਲੇ ਹਫ਼ਤੇ ਦੇ ਅੰਦਰ- ਅੰਦਰ 70ਫੀਸਦ ਜ਼ਮੀਨ ਦਾ ਕਬਜ਼ਾ ਨੈਸ਼ਨਲ ਹਾਈਵੇ ਅਥਾਰਟੀ ਆਫ ਇੰਡੀਆ (ਐਨ.ਐਚ.ਏ.ਆਈ.) ਨੂੰ ਸੌਂਪ ਦਿੱਤਾ ਜਾਵੇਗਾ। ਇਸ ਤੋਂ ਬਾਅਦ ਪੈਕੇਜ-2 ਅਧੀਨ ਜ਼ਮੀਨ ਦਾ ਕਬਜ਼ਾ ਲਿਆ ਜਾਵੇਗਾ।
ਇਸੇ ਤਰ੍ਹਾਂ ਡਿਪਟੀ ਕਮਿਸ਼ਨਰ ਰੂਪਨਗਰ ਪ੍ਰੀਤੀ ਯਾਦਵ ਨੇ ਵੀ ਜਾਣਕਾਰੀ ਦਿੰਦਿਆਂ ਦੱਸਿਆ ਕਿ ਪੈਕੇਜ-3 ਤਹਿਤ 36.26 ਕਿਲੋਮੀਟਰ ਵਿੱਚੋਂ 13 ਕਿਲੋਮੀਟਰ ਦਾ ਕਬਜ਼ਾ ਪਹਿਲਾਂ ਹੀ ਐਨ.ਐਚ.ਏ.ਆਈ. ਨੂੰ ਸੌਂਪਿਆ ਜਾ ਚੁੱਕਾ ਹੈ ਅਤੇ ਅਗਲੇ ਹਫਤੇ ਤੱਕ 80 ਫੀਸਦੀ ਜ਼ਮੀਨ ਐਨ.ਐਚ.ਏ.ਆਈ. ਨੂੰ ਸੌਂਪ ਦਿੱਤੀ ਜਾਵੇਗੀ। ਡਿਪਟੀ ਕਮਿਸ਼ਨਰ ਐਸ.ਏ.ਐਸ ਨਗਰ ਅਮਿਤ ਤਲਵਾੜ ਨੇ ਦੱਸਿਆ ਕਿ ਪੈਕੇਜ-3 ਤਹਿਤ ਅਗਲੇ ਹਫ਼ਤੇ ਤੱਕ 80 ਫੀਸਦੀ ਜ਼ਮੀਨ ਸੌਂਪ ਦਿੱਤੀ ਜਾਵੇਗੀ।
ਇਸ ਦੌਰਾਨ ਮੁੱਖ ਸਕੱਤਰ ਨੇ ਐਨ.ਐਚ.ਏ.ਆਈ. ਦੇ ਨੁਮਾਇੰਦਿਆਂ ਨੂੰ ਕੰਮ ਵਾਲੀ ਜਗ੍ਹਾਂ ’ਤੇ ਹੋਰ ਮਨੁੱਖੀ ਸ਼ਕਤੀ ਅਤੇ ਮਸ਼ੀਨਰੀ ਜੁਟਾਉਣ ਲਈ ਕਿਹਾ।
———