ਪੰਜਾਬ
*ਪੰਜਾਬ ਦੇ ਸਰਕਾਰੀ ਸਕੂਲਾਂ ਵਿੱਚ ਪ੍ਰੀ-ਪ੍ਰਾਇਮਰੀ ਜਮਾਤਾਂ ਦੇ ਬੱਚਿਆਂ ਦੀਆਂ ਮਾਵਾਂ ਨੇ ਜਾਣੇ ਬੱਚਿਆਂ ਦੇ ਅਧਿਕਾਰ ਅਤੇ ਸੁਰੱਖਿਆ ਸੰਬੰਧੀ ਨੁਕਤੇ*
*ਵਿਭਾਗ ਵੱਲੋਂ ਇਸ ਸ਼ੈਸ਼ਨ ਦੀ ਤੀਜੀ ਮਦਰ ਵਰਕਸ਼ਾਪ ਦਾ ਸਫ਼ਲ ਆਯੋਜਨ*
ਐੱਸ.ਏ.ਐੱਸ. ਨਗਰ 8 ਦਸੰਬਰ ( )
ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਦੀ ਰਹਿਨੁਮਾਈ ਵਿੱਚ ਦਫ਼ਤਰ ਡਾਇਰੈਕਟਰ ਰਾਜ ਵਿੱਦਿਅਕ ਖੋਜ ਅਤੇ ਸਿਖਲਾਈ ਪ੍ਰੀਸ਼ਦ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਪੰਜਾਬ ਦੇ ਸਰਕਾਰੀ ਪ੍ਰਾਇਮਰੀ ਸਕੂਲਾਂ ਵਿੱਚ ਪੜ੍ਹ ਰਹੇ ਪ੍ਰੀ-ਪ੍ਰਾਇਮਰੀ ਜਮਾਤਾਂ ਦੇ ਬੱਚਿਆਂ ਦੀਆਂ ਮਾਵਾਂ ਨੂੰ ਬੱਚਿਆਂ ਦੇ ਅਧਿਕਾਰਾਂ ਸੰਬੰਧੀ ਜਾਣਕਾਰੀ ਦੇਣ ਲਈ ‘ਮਦਰ ਵਰਕਸ਼ਾਪ’ ਦਾ ਆਯੋਜਨ ਕੀਤਾ ਗਿਆ। ਇਸ ਸੰਬੰਧੀ ਜਾਣਕਾਰੀ ਦਿੰਦਿਆਂ ਡਾ. ਮਨਿੰਦਰ ਸਿੰਘ ਸਰਕਾਰੀਆ ਨੇ ਕਿਹਾ ਕਿ ਇਸ ਵਰਕਸ਼ਾਪ ਵਿੱਚ ਸਕੂਲ ਮੁਖੀਆਂ ਅਤੇ ਅਧਿਆਪਕਾਂ ਵੱਲੋਂ ਮਾਤਾਵਾਂ ਦਾ ਆਦਰ ਸ਼ਹਿਤ ਸਵਾਗਤ ਕੀਤਾ ਗਿਆ ਅਤੇ ਨਿਵੇਕਲੇ ਢੰਗਾਂ ਨਾਲ ਹਾਜ਼ਰੀ ਲਗਵਾਈ ਗਈ। ਸਿਖਲਾਈ ਵਰਕਸ਼ਾਪ ਦੌਰਾਨ ਸਮੂਹ ਬੱਚਿਆਂ ਦੀਆਂ ਮਾਵਾਂ ਨੂੰ ਪ੍ਰੀ-ਪ੍ਰਾਇਮਰੀ ਜਮਾਤਾਂ ਵਿੱਚ ਐੱਲ.ਕੇ.ਜੀ. ਅਤੇ ਯੂ.ਕੇ.ਜੀ. ਦੇ ਵਿਦਿਆਰਥੀਆਂ ਨੂੰ ਕਰਵਾਈਆਂ ਜਾਣ ਵਾਲੀਆਂ ਖੇਡ ਗਤੀਵਿਧੀਆਂ ਦੀ ਜਾਣਕਾਰੀ ਦਿੱਤੀ ਗਈ। ਇਸ ਸਿਖਲਾਈ ਵਰਕਸ਼ਾਪ ਦਾ ਮੁੱਖ ਉਦੇਸ਼ ਮਾਤਾਵਾਂ ਅਤੇ ਸਰਪ੍ਰਸਤਾਂ ਨੂੰ ਬੱਚਿਆਂ ਦੇ ਵੱਖ-ਵੱਖ ਅਧਿਕਾਰਾਂ ਅਤੇ ਬੱਚਿਆਂ ਦੀ ਸੁਰੱਖਿਆ ਸੰਬੰਧੀ ਨੁਕਤਿਆਂ ਬਾਰੇ ਜਾਣਕਾਰੀ ਦੇਣਾ ਸੀ।
ਇਸ ਵਰਕਸ਼ਾਪ ਦੌਰਾਨ ਵੱਖ-ਵੱਖ ਸਕੂਲਾਂ ਦੇ ਮੁਖੀਆਂ ਵੱਲੋਂ ਮਾਵਾਂ ਦੀ ਹਾਜ਼ਰੀ ਲਈ ਵਿਸ਼ੇਸ਼ ਆਕਰਸ਼ਣ ਵਾਲੇ ਚਾਰਟ ਤਿਆਰ ਕੀਤੇ ਗਏ। ਮਾਵਾਂ ਆਪਣੀ ਰੁਚੀ ਅਨੁਸਾਰ ਇਹਨਾਂ ਹਾਜ਼ਰੀ ਚਾਰਟਾਂ ‘ਤੇ ਆਪਣੀ ਮਰਜ਼ੀ ਨਲ ਕੁਝ ਵੀ ਲਿਖ ਜਾਂ ਬਣਾ ਕੇ ਹਾਜ਼ਰੀ ਲਗਾਈ। ਮਾਵਾਂ ਵੱਖ-ਵੱਖ ਗਤੀਵਿਧੀਆਂ ਕਰਕੇ ਆਪਣੀ ਜਾਣ-ਪਛਾਣ ਵੀ ਕਰਵਾਈ। ਇਸ ਵਰਕਸ਼ਾਪ ਵਿੱਚ ਮਾਵਾਂ ਨੂੰ ਬੱਚਿਆਂ ਦੇ ਅਧਿਕਾਰਾਂ ਸੰਬੰਧੀ ਕਾਨੂੰਨਾਂ, ਨੀਤੀਆਂ ਅਤੇ ਹੋਰ ਪ੍ਰੋਗਰਾਮਾਂ ਬਾਰੇ ਵੀ ਵਰਕਸ਼ਾਪ ਵਿੱਚ ਜਾਣਕਾਰੀ ਮੁਹੱਈਆ ਕਰਵਾਈ ਗਈ ਜਿਸ ਵਿੱਚ ਬੱਚਿਆਂ ਦੀ ਸੁਰੱਖਿਆਂ ਦੇ ਅਧਿਕਾਰ ਜਿਵੇਂ ਕਿ ਬਾਲ ਮਜ਼ਦੂਰੀ, ਤਸਕਰੀ, ਮਾਨਸਿਕ ਸੋਸ਼ਣ ਆਦਿ, ਬੱਚਿਆਂ ਦੇ ਵਿਕਾਸ ਸੰਬੰਧੀ ਅਧਿਕਾਰ ਜਿਵੇਂ ਕਿ ਸਿੱਖਿਆ ਅਤੇ ਮਨੋਰੰਜਨ ਸੰਬੰਧੀ, ਬੱਚਿਆਂ ਦੀ ਭਾਗੀਦਾਰੀ ਸੰਬੰਧੀ ਅਧਿਕਾਰ ਜਿਵੇਂ ਕਿ ਉਹਨਾਂ ਦੇ ਵਿਚਾਰ ਪ੍ਰਗਟਾਉਣ ਅਤੇ ਸੁਣਨ ਦਾ ਅਧਿਕਾਰ, ਭਰੁਣ ਹੱਤਿਆ ਸੰਬੰਧੀ ਜਾਗਰੂਕਤਾ, ਵਿਸ਼ੇਸ਼ ਲੋੜਾਂ ਵਾਲੇ ਬੱਚਿਆਂ ਦੇ ਅਧਿਕਾਰਾਂ ਬਾਰੇ ਵੀ ਚਰਚਾ ਕੀਤੀ।
ਬੱਚਿਆਂ ਨਾਲ ਸੰਬੰਧੀ ਮਿਡ-ਡੇ-ਮੀਲ ਸਕੀਮ, ਸਰਵ ਸਿੱਖਿਆ ਅਭਿਆਨ ਅਤੇ ਸਮੱਗਰ ਸਿੱਖਿਆ ਅਭਿਆਨ, ਰਾਸ਼ਟਰੀ ਪੇਂਡੂ ਸਿਹਤ ਮਿਸ਼ਨ, ਪਲਸ ਪੋਲੀਓ ਮੁਹਿੰਮ ਅਤੇ ਹੋਰ ਵਿਸ਼ੇਸ਼ ਜਾਣਕਾਰੀਆਂ ਵੀ ਸਾਂਝੀਆਂ ਕੀਤੀ। ਮਾਵਾਂ ਨੂੰ ਪੋਕਸੋ ਐਕਟ 2012 ਬਾਰੇ ਵੀ ਉਚੇਚੇ ਤੌਰ ‘ਤੇ ਬਹੁਤ ਸਾਰੀਆਂ ਗਤੀਵਿਧੀਆਂ ਕਰਵਾਈਆਂ ਗਈਆਂ ਜਿਸ ਨਾਲ ਛੋਟੇ-ਛੋਟੇ ਬੱਚਿਆਂ ਦੀਆਂ ਸਮੱਸਿਆਂਵਾਂ ਅਤੇ ਮਨੋਦਸ਼ਾ ਨੂੰ ਮਾਵਾਂ ਸੌਖੇ ਢੰਗ ਨਾਲ ਸਮਝ ਸਕਣਗੀਆਂ। ਇਸ ਵਰਕਸ਼ਾਪ ਦੌਰਾਨ ਪੋਕਸੋ ਐਕਟ 2012 ਸੰਬੰਧੀ ਇੱਕ ਦਸਤਾਵੇਜੀ ਫਿਲਮ ਵੀ ਮਾਵਾਂ ਨੂੰ ਸਕੂਲ ਵਿੱਚ ਦਿਖਾਈ ਗਈ।