*ਫਾਜ਼ਿਲਕਾ ਵਿਖੇ ਦਿਵਿਆਂਗ ਪ੍ਰਾਰਥੀਆਂ ਲਈ ਮਨਾਇਆ ਗਿਆ ਅੰਤਰਰਾਸ਼ਟਰੀ ਦਿਵਿਆਂਗਜਨ ਦਿਵਸ*
ਫਾਜ਼ਿਲਕਾ 9 ਦਸੰਬਰ
ਡਿਪਟੀ ਕਮਿਸ਼ਨਰ ਡਾ. ਸੇਨੂੰ ਦੁੱਗਲ ਦੇ ਦਿਸ਼ਾ- ਨਿਰਦੇਸ਼ਾ ਤਹਿਤ ਜ਼ਿਲ੍ਹਾ ਬਿਉਰੋ ਆਫ ਰੋਜ਼ਗਾਰ ਉਤਪਤੀ ਹੁਨਰ ਵਿਕਾਸ ਅਤੇ ਸਿਖਲਾਈ ਫਾਜ਼ਿਲਕਾ ਵਿਖੇ ਜ਼ਿਲ੍ਹਾ ਸਮਾਜਿਕ ਸੁਰੱਖਿਆ ਅਤੇ ਇਸਤਰੀ ਤੇ ਬਾਲ ਵਿਕਾਸ ਵਿਭਾਗ ਫਾਜ਼ਿਲਕਾ ਦੇ ਸਹਿਯੋਗ ਨਾਲ ਦਿਵਿਆਂਗ ਪ੍ਰਾਰਥੀਆਂ ਲਈ ਅੰਤਰਰਾਸ਼ਟਰੀ ਦਿਵਿਆਂਗਜਨ ਦਿਵਸ ਮਨਾਇਆ ਗਿਆ। ਇਹ ਜਾਣਕਾਰੀ ਦਿੰਦਿਆਂ ਜ਼ਿਲ੍ਹਾ ਰੋਜ਼ਗਾਰ ਉਤਪਤੀ ਹੁਨਰ ਵਿਕਾਸ ਅਤੇ ਸਿਖਲਾਈ ਅਫਸਰ ਫਾਜ਼ਿਲਕਾ ਹਰਪ੍ਰੀਤ ਸਿੰਘ ਨੇ ਦੱਸਿਆ ਕਿ ਅੱਜ ਦੇ ਇਸ ਅੰਤਰਰਾਸ਼ਟਰੀ ਦਿਵਿਆਂਗਜਨ ਦਿਵਸ ਵਿੱਚ ਜ਼ਿਲ੍ਹੇ ਦੇ 34 ਦਿਵਿਆਂਗ ਪ੍ਰਾਰਥੀਆਂ ਨੇ ਹਿੱਸਾ ਲਿਆ।
ਪਲੇਸਮੈਂਟ ਅਫਸਰ ਰਾਜ ਸਿੰਘ ਨੇ ਦੱਸਿਆ ਕਿ ਇਸ ਦਿਵਸ ਮੌਕੇ ਜਿਲ੍ਹਾ ਰੋਜ਼ਗਾਰ ਅਤੇ ਕਾਰੋਬਾਰ ਬਿਉਰੋ ਫਾਜ਼ਿਲਕਾ ਵੱਲੋਂ ਦਿਵਿਆਂਗ ਪ੍ਰਾਰਥੀਆਂ ਨੂੰ ਸਰਕਾਰ ਵੱਲੋਂ ਦਿੱਤੀਆਂ ਜਾਣ ਵਾਲੀਆਂ ਸਹੂਲਤਾਂ ਜਿਵੇਂ ਕਿ ਆਨਲਾਈਨ ਰਜਿਸਟ੍ਰੇਸ਼ਨ, ਮੈਨੂਅਲ ਰਜਿਸਟ੍ਰੇਸ਼ਨ, ਸਵੈ-ਰੋਜ਼ਗਾਰ ਅਤੇ ਸਕਿੱਲ ਕੋਰਸਾਂ, ਪਲੇਸਮੈਂਟ ਕੈਂਪ/ਰੁਜ਼ਗਾਰ ਮੇਲੇ, ਮੁਫਤ ਇੰਟਰਨੈੱਟ ਸੇਵਾਵਾਂ ਆਦਿ ਬਾਰੇ ਜਾਣਕਾਰੀ ਦਿੱਤੀ ਗਈ ਹੈ। ਇਸ ਮੌਕੇ ਜ਼ਿਲ੍ਹਾ ਸਮਾਜਿਕ ਸੁਰੱਖਿਆ ਅਤੇ ਇਸਤਰੀ ਤੇ ਬਾਲ ਵਿਕਾਸ ਅਫਸਰ ਫਾਜ਼ਿਲਕਾ ਸ੍ਰੀਮਤੀ ਜਸਵੀਰ ਕੌਰ ਵੱਲੋਂ ਸਮੂਹ ਹਾਜ਼ਰੀਨ ਪ੍ਰਾਰਥੀਆਂ ਨੂੰ ਦੱਸਿਆ ਕਿ ਜਿਨ੍ਹਾਂ ਵਿਅਕਤੀਆਂ ਦੀ ਅਪੰਗਤਾ 50 ਪ੍ਰਤੀਸ਼ਤ ਜਾਂ ਇਸ ਤੋਂ ਵੱਧ ਅਤੇ ਆਮਦਨ 60 ਹਜ਼ਾਰ ਸਲਾਨਾ ਤੋਂ ਘੱਟ ਹੋਵੇ ਉਨ੍ਹਾਂ ਨੂੰ ਸਰਕਾਰ ਵੱਲੋਂ ਵਿੱਤੀ ਸਹਾਇਤਾ ਪ੍ਰਦਾਨ ਕੀਤੀ ਜਾਂਦੀ ਹੈ। ਉਨ੍ਹਾਂ ਦੱਸਿਆ ਕਿ ਪੇਂਡੂ ਅੰਗਹੀਣ ਵਿਦਿਆਰਥਣਾਂ ਜਿਨ੍ਹਾਂ ਦਾ 40 ਪ੍ਰਤੀਸ਼ਤ ਜਾਂ ਇਸ ਤੋਂ ਵੱਧ ਹੋਵੇ ਉਨ੍ਹਾਂ ਪਹਿਲੀ ਤੋਂ ਦਸਵੀਂ ਜਮਾਤ ਤੱਕ ਦੀਆਂ ਨੂੰ 2500 ਰੁਪਏ ਅਤੇ ਗਿਆਰਵੀਂ ਤੋਂ ਬਾਰਵੀਂ ਜਮਾਤ ਦੇ ਅੰਗਹੀਣ ਵਿਦਿਆਰਥਣਾਂ ਨੂੰ 3 ਹਜ਼ਾਰ ਸਲਾਨਾ ਸਕਾਲਰਸ਼ਿਪ ਪ੍ਰਦਾਨ ਕੀਤੀ ਜਾਂਦੀ ਹੈ। ਉਨ੍ਹਾਂ ਕਿਹਾ ਕਿ ਇੰਦਰਾ ਗਾਂਧੀ ਨੈਸ਼ਨਲ ਦਿਵਿਆਂਗ ਪੈਨਸ਼ਨ ਸਕੀਮ ਅਧੀਨ ਵਿੱਚ 300 ਰੁਪਏ ਦੀ ਵਿੱਤੀ ਸਹਾਇਤਾ ਦਿੱਤੀ ਜਾਂਦੀ ਹੈ।
ਇਸ ਮੌਕੇ ਸੁਖਚੈਨ ਸਿੰਘ, ਹਰਭਜਨ ਸਿੰਘ, ਨਵਨੀਤ ਕੌਰ, ਨੇਹਾ, ਕਰਮਜੀਤ ਕੌਰ, ਹੀਨਾ, ਮਿਨਾਕਸ਼ੀ, ਰਜਨੀ, ਸੰਦੀਪ ਕੌਰ ਅਤੇ ਸ਼ਿਖਾ ਅਹੂਜਾ ਸਮੇਤ ਵੱਖ-ਵੱਖ ਵਿਭਾਗਾਂ ਨੁੰਮਾਇੰਦੇ ਵੀ ਮੌਜੂਦ ਸਨ।