ਪੰਜਾਬ

*ਪੈਨਸ਼ਨਰਜ਼ ਦਿਵਸ ਮੌਕੇ ਮੋਹਾਲੀ ਵਿੱਚ ਪੈਨਸ਼ਨਰਜ਼ ਵੈੱਲਫ਼ੇਅਰ ਐਸੋਸੀਏਸ਼ਨ ਵੱਲੋਂ ਸਮਾਗਮ*

ਮੋਹਾਲੀ, 15 ਦਸੰਬਰ
ਪੈਨਸ਼ਨਰ ਵੈੱਲਫ਼ੇਅਰ ਐਸੋਸੀਏਸ਼ਨ ਦੀ ਜ਼ਿਲ੍ਹਾ ਮੋਹਾਲੀ ਯੂਨਿਟ ਵੱਲੋਂ ਅੱਜ ਪੈਨਸ਼ਨਰਜ਼ ਦਿਵਸ ਮੌਕੇ ਸੈਕਟਰ 71 ਸਥਿਤ ਕਮਿਊਨਿਟ ਸੈਂਟਰ ਵਿਖੇ ਪ੍ਰੋਗਰਾਮ ਕਰਵਾਇਆ ਗਿਆ ਜਿਸ ਵਿੱਚ ਮੋਹਾਲੀ, ਖਰੜ, ਡੇਰਾਬੱਸੀ ਅਤੇ ਚੰਡੀਗੜ੍ਹ ਯੂਨਿਟ ਦੇ ਸਰਗਰਮ ਪੈਨਸ਼ਨਰ ਸ਼ਾਮਿਲ ਹੋਏ।
ਐਸੋਸੀਏਸ਼ਨ ਦੇ ਪ੍ਰਧਾਨ ਕਰਮ ਸਿੰਘ ਧਨੋਆ ਦੀ ਅਗਵਾਈ ਹੇਠ ਕਰਵਾਏ ਪ੍ਰੋਗਰਾਮ ਵਿੱਚ ਮੁੱਖ ਮਹਿਮਾਨ ਡਾ. ਸੰਨੀ ਆਹਲੂਵਾਲੀਆ ਚੇਅਰਮੈਨ ਵਾਟਰ ਸਪਲਾਈ ਤੇ ਸੀਵਰੇਜ ਬੋਰਡ, ਵਿਸ਼ੇਸ਼ ਮਹਿਮਾਨ ਸ਼ਵਿੰਦਰ ਸਿੰਘ ਛਿੰਦਾ ਚੇਅਰਮੈਨ ਪੰਜਾਬ ਐਗਰੋ ਇੰਸਟਰੀਜ਼ ਕਾਰਪੋਰੇਸ਼ਨ, ਮੁੱਖ ਬੁਲਾਰਾ ਗੁਰਮੇਲ ਸਿੰਘ ਸਿੱਧੂ ਸ਼ਾਮਿਲ ਹੋਏ।
ਸਮਾਗਮ ਨੂੰ ਸੰਬੋਧਨ ਕਰਦਿਆਂ ਮੁੱਖ ਮਹਿਮਾਨ ਡਾ. ਸੰਨੀ ਆਹਲੂਵਾਲੀਆ, ਸ਼ਵਿੰਦਰ ਸਿੰਘ ਛਿੰਦਾ ਅਤੇ ਗੁਰਮੇਲ ਸਿੰਘ ਸਿੱਧੂ ਨੇ ਕਿਹਾ ਕਿ ਮੁੱਖ ਮੰਤਰੀ ਪੰਜਾਬ ਸ੍ਰ. ਭਗਵੰਤ ਮਾਨ ਦੀ ਅਗਵਾਈ ਵਾਲੀ ਆਮ ਆਦਮੀ ਪਾਰਟੀ ਦੀ ਸਰਕਾਰ ਹੋਰਨਾਂ ਵਰਗਾਂ ਸਮੇਤ ਮੁਲਾਜ਼ਮ ਅਤੇ ਪੈਨਸ਼ਨਰਾਂ ਦੀਆਂ ਮੰਗਾਂ ਲਈ ਪੂਰੀ ਸੁਹਿਰਦਤਾ ਨਾਲ ਕੰਮ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਹਾਲੇ ਸਰਕਾਰ ਬਣੀ ਨੂੰ ਮਹਿਜ਼ 8 ਕੁ ਮਹੀਨੇ ਦਾ ਸਮਾਂ ਹੋਇਆ ਹੈ ਜਿਸ ਦੌਰਾਨ ਸਰਕਾਰ ਆਪਣੇ ਵਾਅਦਿਆਂ ਮੁਤਾਬਕ ਇੱਕ-ਇੱਕ ਕਰਕੇ ਕੰਮ ਕਰਦੀ ਜਾ ਰਹੀ ਹੈ। ਇਸ ਲਈ ਪੈਨਸ਼ਨਰ ਵਰਗ ਨੂੰ ਚਾਹੀਦਾ ਹੈ ਕਿ ਉਹ ਆਪਣੀਆਂ ਮੰਗਾਂ ਲਈ ਥੋੜ੍ਹਾ ਸਮਾਂ ਸਰਕਾਰ ਨੂੰ ਜ਼ਰੂਰ ਦੇਣ।
ਐਸੋਸੀਏਸ਼ਨ ਦੇ ਪ੍ਰਧਾਨ ਕਰਮ ਸਿੰਘ ਧਨੋਆ ਸਮੇਤ ਹੋਰਨਾਂ ਬੁਲਾਰਿਆਂ ਨੇ ਸੰਬੋਧਨ ਕਰਦਿਆਂ ਕਿਹਾ ਕਿ ਪੈਨਸ਼ਨਰਾਂ ਦੀਆਂ ਮੰਗਾਂ ਵਿੱਚ ਤਨਖਾਹ ਕਮਿਸ਼ਨ ਨੂੰ ਸੰਪੂਰਨ ਰੂਪ ਵਿੱਚ ਲਾਗੂ ਕਰਵਾਉਣਾ ਜਿਵੇਂ ਕਿ ਤਨਖਾਹ ਕਮਿਸ਼ਨ ਦੀ ਸਿਫਾਰਿਸ਼ ਅਨੁਸਾਰ 1 ਜਨਵਰੀ 2016 ਤੋਂ ਪਹਿਲੇ ਪੈਨਸ਼ਨਰਾਂ ਨੂੰ 2.59 ਦਾ ਫੈਕਟਰ ਦਿੱਤਾ ਗਿਆ ਹੈ ਪ੍ਰੰਤੂ 29 ਅਕਤੂਬਰ 2021 ਦੇ ਨੋਟੀਫਿਕੇਸ਼ਨ ਮੁਤਾਬਕ 113 ਪ੍ਰਤੀਸ਼ਤ ਪਲੱਸ 15 ਪ੍ਰਤੀਸ਼ਤ ਵਾਧਾ ਦਿੱਤਾ ਗਿਆ ਹੈ ਜੋ ਕਿ 2.44.95 ਬਣਦਾ ਹੈ। ਨੋਸ਼ਨਲ ਪੈਨਸ਼ਨ ਪੇ-ਕਮਿਸ਼ਨ ਨੇ ਸਿਫਾਰਿਸ਼ ਕੀਤੀ ਹੈ ਜਿਸ ਦਾ ਡਰਾਫ਼ਟ 4 ਅਗਸਤ 2022 ਨੂੰ ਪੈਨਸ਼ਨਰਜ਼ ਫਰੰਟ ਵੱਲੋਂ ਬਣਾ ਕੇ ਦਿੱਤਾ ਗਿਆ ਸੀ। ਚਾਰ ਮਹੀਨੇ ਤੋਂ ਵੀ ਵੱਧ ਸਮਾਂ ਹੋ ਜਾਣ ’ਤੇ ਹਾਲੇ ਤੱਕ ਨੋਸ਼ਨਲ ਪੈਨਸ਼ਨ ਨੋਟੀਫਾਈ ਨਹੀਂ ਕੀਤੀ ਗਈ। ਇਸ ਤੋਂ ਇਲਾਵਾ ਕੈਸ਼ਲੈੱਸ ਹੈਲਥ ਸਕੀਮ, ਬੁਢਾਪਾ ਭੱਤੇ ਨੂੰ ਟਰੈਵਲ ਕਨਸੈਸ਼ਨ ਵਿੱਚ ਸ਼ਾਮਿਲ ਕਰਨਾ, 1 ਜੁਲਾਈ 2015 ਤੋਂ  31 ਦਸੰਬਰ 2015 ਤੱਕ ਦੇ ਡੀ.ਏ. ਦੇ ਬਕਾਏ ਨੂੰ ਜਨਰਲਾਈਜ਼ ਕਰਨਾ ਆਦਿ ਮੰਗਾਂ ਸ਼ਾਮਿਲ ਹਨ।
ਹੋਰ ਬੁਲਾਰਿਆਂ ਵਿੱਚ ਜਸਵੰਤ ਸਿੰਘ ਬਾਗੜੀ, ਦਰਸ਼ਨ ਸਿੰਘ ਪੱਤਲੀ, ਜਸਮੇਰ ਸਿੰਘ ਬਾਠ, ਹਰਮਿੰਦਰ ਸਿੰਘ ਸੈਣੀ, ਬਾਬੂ ਸਿੰਘ, ਨਰਿੰਦਰ ਸਿੰਘ ਜਵਾਹਰਪੁਰ, ਬਲਬੀਰ ਸਿੰਘ ਧਾਨੀਆਂ, ਗੁਰਦੀਪ ਸਿੰਘ, ਮਲਾਗਰ ਸਿੰਘ ਅਤੇ ਹਰਬੰਸ ਸਿੰਘ ਭੱਟੀ ਆਦਿ ਵੀ ਸ਼ਾਮਿਲ ਸਨ। ਅੱਜ ਦੇ ਪ੍ਰੋਗਰਾਮ ਦਾ ਮੰਚ ਸੰਚਾਲਨ ਜਗਦੀਸ਼ ਸਿੰਘ ਸਰਾਓ ਵੱਲੋਂ ਕੀਤਾ ਗਿਆ। ਸਮਾਗਮ ਵਿੱਚ ਡਾ. ਸੰਨੀ ਆਹਲੂਵਾਲੀਆ, ਸ਼ਵਿੰਦਰ ਸਿੰਘ ਛਿੰਦਾ, ਗੁਰਮੇਲ ਸਿੰਘ ਸਿੱਧੂ ਮੁਲਾਜ਼ਮ ਤੇ ਪੈਨਸ਼ਨਰ ਆਗੂ, ਦਰਸ਼ਨ ਸਿੰਘ ਪੱਤਲੀ ਅਤੇ ਡਾ. ਪ੍ਰਦੀਪ ਕੁਮਾਰ ਆਈ.ਵੀ. ਵਾਈ. ਹਸਪਤਾਲ ਦਾ ਸਨਮਾਨ ਕੀਤਾ ਗਿਆ।
ਅੰਤ ਵਿੱਚ ਪ੍ਰਧਾਨ ਕਰਮ ਸਿੰਘ ਧਨੋਆ ਵੱਲੋਂ ਸਮੂਹ ਸਨਮਾਨਿਤ ਆਗੂਆਂ ਅਤੇ ਆਏ ਪੈਨਸ਼ਨਰਾਂ ਦਾ ਧੰਨਵਾਦ ਕੀਤਾ ਗਿਆ।

Related Articles

Leave a Reply

Your email address will not be published. Required fields are marked *

Back to top button
error: Content is protected with Update Punjab Dot Com!!