ਪੰਜਾਬ

ਚੰਡੀਗੜ੍ਹ ਟਰਾਂਸਪੋਰਟ ਵਿਭਾਗ ਅਤੇ ਬੈਂਕਾਂ ਤੋਂ ਪ੍ਰੇਸ਼ਾਨ ਸੀ.ਟੀ.ਯੂ. ਪੈਨਸ਼ਨਰਾਂ ਵੱਲੋਂ ਭਰ੍ਹਵੀਂ ਮੀਟਿੰਗ

ਸੀ.ਟੀ.ਯੂ. ਪੈਨਸ਼ਨਰਾਂ ਦੀਆਂ ਮੰਗਾਂ ਦੇ ਹੱਲ ਲਈ ਡਾਇਰੈਕਟਰ ਵੱਲੋਂ ਫਿਰ ਮਿਲਿਆ ਭਰੋਸਾ, ਪੈਨਸ਼ਨਰਾਂ ਵੱਲੋਂ ਸੰਘਰਸ਼ ਦਾ ਅਲਟੀਮੇਟਮ

ਚੰਡੀਗੜ੍ਹ, 22 ਦਸੰਬਰ
ਯੂ.ਟੀ. ਚੰਡੀਗੜ੍ਹ ਗੌਰਮਿੰਟ ਪੈਨਸ਼ਨਰਜ਼ ਐਸੋਸੀਏਸ਼ਨ ਵੱਲੋਂ ਪੈਨਸ਼ਨਰਾਂ ਦੀਆਂ ਪਿਛਲੇ ਲੰਬੇ ਸਮੇਂ ਤੋਂ ਲਮਕਦੀਆਂ ਆ ਰਹੀਆਂ ਮੰਗਾਂ ਨੂੰ ਲੈ ਇੱਕ ਭਰ੍ਹਵੀਂ ਮੀਟਿੰਗ ਸੈਕਟਰ 17 ਚੰਡੀਗੜ੍ਹ ਵਿਖੇ ਹੋਈ ਜਿਸ ਵਿੱਚ ਵੱਡੀ ਗਿਣਤੀ ਵਿੱਚ ਪੈਨਸ਼ਨਰਾਂ ਨੇ ਸ਼ਮੂਲੀਅਤ ਕਰਦਿਆਂ ਯੂ.ਟੀ. ਪ੍ਰਸ਼ਾਸਨ, ਟਰਾਂਸਪੋਰਟ ਵਿਭਾਗ ਦੇ ਅਧਿਕਾਰੀਆਂ ਅਤੇ ਚੰਡੀਗੜ੍ਹ ਵਿਚਲੇ ਬੈਂਕਾਂ ਦੇ ਅਧਿਕਾਰੀਆਂ ਖਿਲਾਫ਼ ਨਾਅਰੇਬਾਜ਼ੀ ਵੀ ਕੀਤੀ।
ਮੀਟਿੰਗ ਨੂੰ ਸੰਬੋਧਨ ਕਰਦਿਆਂ ਐਸੋਸੀਏਸ਼ਨ ਦੇ ਪ੍ਰਧਾਨ ਜਗਦੀਸ਼ ਸਿੰਘ ਸਰਾਓ, ਜਨਰਲ ਸਕੱਤਰ ਨਰਿੰਦਰ ਸਿੰਘ ਜਵਾਹਰਪੁਰ, ਸਰਪ੍ਰਸਤ ਮੋਹਿੰਦਰ ਸਿੰਘ ਅਟਵਾਲ, ਕਾਨੂੰਨੀ ਸਲਾਹਕਾਰ ਰਾਜ ਕੁਮਾਰ, ਮੀਤ ਪ੍ਰਧਾਨ ਸ਼ਕਤੀ ਕੁਮਾਰ ਆਦਿ ਨੇ ਕਿਹਾ ਕਿ ਸੀ.ਟੀ.ਯੂ. ਵਿੱਚੋਂ 1 ਜਨਵਰੀ 2016 ਤੋਂ ਬਾਅਦ ਸੇਵਾਮੁਕਤ ਹੋਏ ਕਰਮਚਾਰੀਆਂ ਦੀ ਹਾਲੇ ਤੱਕ ਪੈਨਸ਼ਨ ਸੋਧੀ ਨਹੀਂ ਗਈ। ਉਨ੍ਹਾਂ ਦੇ ਬਕਾਇਆਂ ਦੇ ਬਿੱਲ ਵੀ ਮਹਿਕਮੇ ਵੱਲੋਂ ਗਲਤ ਬਣਾਏ ਗਏ ਜਿਸ ਕਰਕੇ ਉਹ ਬਿਲ ਖਜ਼ਾਨੇ ਵਿੱਚੋਂ ਕਈ ਵਾਰ ਵਾਪਿਸ ਜਾ ਚੁੱਕੇ ਹਨ। ਇਸੇ ਤਰ੍ਹਾਂ ਜਿਹੜੇ ਪੈਨਸ਼ਨਰ ਇੱਕ-ਇੱਕ ਸਾਲ ਜਾਂ ਦੋ ਸਾਲ ਦਾ ਵਾਧਾ ਲੈ ਕੇ ਸੇਵਾਮੁਕਤ ਹੋਏ ਹਨ, ਉਨ੍ਹਾਂ ਵੱਲੋਂ ਨਿਰਧਾਰਿਤ ਪ੍ਰੋਫਾਰਮੇ ਉਤੇ ਦਿੱਤੀਆਂ ਹੋਈਆਂ ਅਰਜ਼ੀਆਂ ’ਤੇ ਵੀ ਕੋਈ ਕਾਰਵਾਈ ਨਹੀਂ ਹੋਈ। ਇਸ ਸਬੰਧੀ ਜਦੋਂ ਸੀ.ਟੀ.ਯੂ. ਦੇ ਡਾਇਰੈਕਟਰ ਨਾਲ 26 ਜੁਲਾਈ 2022 ਨੂੰ ਮੁਲਾਕਾਤ ਕੀਤੀ ਗਈ ਅਤੇ ਉਨ੍ਹਾਂ ਵੱਲੋਂ ਦਿੱਤੇ ਭਰੋਸੇ ਉਪਰੰਤ ਵੀ ਕੋਈ ਕਾਰਵਾਈ ਅਮਲ ਵਿੱਚ ਨਹੀਂ ਲਿਆਂਦੀ ਗਈ।
ਉਨ੍ਹਾਂ ਇਹ ਵੀ ਕਿਹਾ ਕਿ ਸੀ.ਟੀ.ਯੂ. ਦੇ ਡਾਇਰੈਕਟਰ ਵੱਲੋਂ ਕੀਤੀ ਖਿਚਾਈ ਦੇ ਬਾਵਜੂਦ ਵੀ ਯੂਕੋ ਬੈਂਕ, ਪੰਜਾਬ ਨੈਸ਼ਨਲ ਬੈਂਕ, ਪੰਜਾਬ ਐਂਡ ਸਿੰਧ ਬੈਂਕ ਦੇ ਅਧਿਕਾਰੀਆਂ ਵੱਲੋਂ ਪੈਨਸ਼ਨਰਾਂ ਦੀ ਛੇਵੇਂ ਤਨਖਾਹ ਕਮਿਸ਼ਨ ਮੁਤਾਬਕ ਪੈਨਸ਼ਨ ਦੀ ਰਵੀਜ਼ਨ, ਮੈਡੀਕਲ ਭੱਤਾ ਆਦਿ ਦੀ ਅਦਾਇਗੀ ਨਹੀਂ ਕੀਤੀ ਜਾ ਰਹੀ।
ਮੀਟਿੰਗ ਵਿੱਚ ਆਮ ਆਦਮੀ ਪਾਰਟੀ ਦੇ ਮੁਲਾਜ਼ਮ ਵਿੰਗ ਦੇ ਸੂਬਾ ਸੀਨੀਅਰ ਮੀਤ ਪ੍ਰਧਾਨ ਗੁਰਮੇਲ ਸਿੰਘ ਸਿੱਧੂ ਸਮੇਤ ਪੈਨਸ਼ਨਰ ਆਗੂਆਂ ਵਿੱਚ ਪਿਸ਼ੌਰਾ ਸਿੰਘ, ਗੁਰਦੀਪ ਸਿੰਘ, ਰਾਜ ਕੁਮਾਰ ਸ਼ਰਮਾ, ਨਰਿੰਦਰ ਸਿੰਘ, ਹਰਜਿੰਦਰ ਸਿੰਘ ਆਦਿ ਨੇ ਵੀ ਆਪਣੇ ਵਿਚਾਰ ਰੱਖੇ।
ਡਾਇਰੈਕਟਰ ਟਰਾਂਸਪੋਰਟ ਨੂੰ ਮਿਲਿਆ ਪੈਨਸ਼ਨਰਾਂ ਦਾ ਵਫ਼ਦ :
ਐਸੋਸੀਏਸ਼ਨ ਦੇ ਪ੍ਰਧਾਨ ਜਗਦੀਸ਼ ਸਰਾਓ ਨੇ ਦੱਸਿਆ ਕਿ ਮੀਟਿੰਗ ਉਪਰੰਤ ਪੈਨਸ਼ਨਰ ਐਸੋਸੀਏਸ਼ਨ ਦਾ ਵਫ਼ਦ ਡਾਇਰੈਕਟਰ ਟਰਾਂਸਪੋਰਟ ਨੂੰ ਆਰ.ਐਲ.ਏ. ਦਫ਼ਤਰ ਵਿਖੇ ਮਿਲਿਆ ਜਿਨ੍ਹਾਂ ਨੇ ਅਕਾਉਂਟਸ ਅਫ਼ਸਰ-2 ਨੂੰ ਟੈਲੀਫੋਨ ਰਾਹੀਂ ਇੱਕ ਹਫ਼ਤੇ ਅੰਦਰ ਪੈਨਸ਼ਨਰਾਂ ਦੀਆ ਮੰਗਾਂ ਦੇ ਹੱਲ ਕਰਨ ਲਈ ਕਿਹਾ। ਇਸੇ ਦੌਰਾਨ ਐਸੋਸੀਏਸ਼ਨ ਦੇ ਆਗੂਆਂ ਨੇ ਚਿਤਾਵਨੀ ਵੀ ਦਿੱਤੀ ਕਿ ਜੇਕਰ ਸੀ.ਟੀ.ਯੂ. ਮਹਿਕਮੇ ਵੱਲੋਂ ਅਤੇ ਬੈਂਕਾਂ ਵੱਲੋਂ ਮੰਗਾਂ ਦਾ ਹੱਲ ਨਾ ਕੀਤਾ ਗਿਆ ਤਾਂ ਐਸੋਸੀਏਸ਼ਨ ਸੀ.ਟੀ.ਯੂ. ਦਫ਼ਤਰ ਅਤੇ ਸਬੰਧਿਤ ਬੈਂਕਾਂ ਜ਼ਬਰਦਸਤ ਰੋਸ ਪ੍ਰਦਰਸ਼ਨ ਕਰਨ ਲਈ ਮਜ਼ਬੂਰ ਹੋਵੇਗੀ।

Related Articles

Leave a Reply

Your email address will not be published. Required fields are marked *

Back to top button
error: Content is protected with Update Punjab Dot Com!!