ਪੰਜਾਬ
ਜ਼ਿਲ੍ਹੇ ਦੇ ਸਰਕਾਰੀ ਸਕੂਲਾਂ ਵਿੱਚ ‘ਸਾਹਿਬਜਾਦਿਆਂ ਦੀ ਸ਼ਹਾਦਤ’ ਨੂੰ ਸਮਰਪਿਤ ਗਤੀਵਿਧੀਆਂ ਅਤੇ ਮੁਕਾਬਲੇ ਕਰਵਾਏ ਗਏ
ਚਿੱਤਰਕਾਰੀ, ਕਵਿਤਾ ਉਚਾਰਨ, ਪ੍ਰਸ਼ਨੋਤਰੀ ਆਦਿ ਮੁਕਾਬਲੇ ਕਰਵਾਏ
ਐੱਸ ਏ ਐੱਸ ਨਗਰ: ਮਿਤੀ 23 ਦਸੰਬਰ ()
ਸਿੱਖਿਆ ਮੰਤਰੀ ਪੰਜਾਬ ਹਰਜੋਤ ਸਿੰਘ ਬੈਂਸ ਦੀ ਅਗਵਾਈ ਵਿੱਚ ਸਕੂਲ ਸਿੱਖਿਆ ਵਿਭਾਗ ਪੰਜਾਬ ਅਤੇ ਐੱਸਸੀਈਆਰਟੀ ਪੰਜਾਬ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਅੱਜ ਜ਼ਿਲ੍ਹੇ ਦੇ ਸਮੂਹ ਸਰਕਾਰੀ ਪ੍ਰਾਇਮਰੀ, ਮਿਡਲ,ਹਾਈ ਅਤੇ ਸੀਨੀਅਰ ਸੈਕੰਡਰੀ ਸਕੂਲਾਂ ਵਿੱਚ ਸਾਹਿਬਜ਼ਾਦਿਆਂ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਗਤੀਵਿਧੀਆਂ ਅਤੇ ਮੁਕਾਬਲੇ ਕਰਵਾਏ ਗਏ।
ਜਾਣਕਾਰੀ ਦਿੰਦਿਆਂ ਡੀਈਓ ਸੈਕੰਡਰੀ ਬਲਜਿੰਦਰ ਸਿੰਘ ਅਤੇ ਡੀਈਓ ਐਲੀਮੈਂਟਰੀ ਅਸ਼ਵਨੀ ਕੁਮਾਰ ਦੱਤਾ ਨੇ ਸਾਂਝੇ ਤੌਰ ਤੇ ਦੱਸਿਆ ਕਿ ਵਿਭਾਗ ਦੁਆਰਾ ਮਿਲੇ ਦਿਸ਼ਾ-ਨਿਰਦੇਸ਼ਾਂ ਤਹਿਤ ਅੱਜ ਸਮੂਹ ਸਰਕਾਰੀ ਸਕੂਲਾਂ ਵਿੱਚ ਸਾਹਿਬਜ਼ਾਦਿਆਂ ਦੀ ਸ਼ਹਾਦਤ ਨੂੰ ਸਮਰਪਿਤ ਗਤੀਵਿਧੀਆਂ ਅਤੇ ਮੁਕਾਬਲੇ ਕਰਵਾਏ ਗਏ। ਇਹ ਪ੍ਰੋਗਰਾਮ ਵਿਭਾਗ ਦੁਆਰਾ ਮਨਾਉਣ ਦਾ ਮਕਸਦ ਬੱਚਿਆਂ ਵਿੱਚ ਧਰਮ ਦੀ ਰਾਖੀ ਲਈ ਸ਼ਹੀਦਾਂ ਨੂੰ ਸ਼ਰਧਾਂਜਲੀ ਭੇਂਟ ਕਰਨ ਦੇ ਨਾਲ਼ ਉਹਨਾਂ ਦੀਆਂ ਕੁਰਬਾਨੀਆਂ ਨੂੰ ਯਾਦ ਕਰਦਿਆਂ ਆਪਣੇ ਇਰਾਦਿਆਂ ਨੂੰ ਦ੍ਰਿੜ ਕਰਵਾਉਣਾ ਹੈ। ਉਹਨਾਂ ਛੋਟੇ ਸਾਹਿਬਜ਼ਾਦਿਆਂ ਤੋਂ ਸੇਧ ਲੈਣਾ ਹੈ ਜਿਨ੍ਹਾਂ ਨੇ ਛੋਟੀ ਉਮਰ ਵਿੱਚ ਹੀ ਵੱਡੀ ਕੁਰਬਾਨੀ ਕੀਤੀ ਹੈ ਤਾਂ ਕਿ ਜ਼ੁਲਮ ਦੇ ਖਿਲਾਫ ਖੜ੍ਹਨਾ ਸਿਖਾਇਆ ਜਾ ਸਕੇ। ਇਸ ਮੌਕੇ ਸਕੂਲਾਂ ਵਿੱਚ ਸਵੇਰ ਤੋਂ ਹੀ ਪ੍ਰਾਥਨਾ ਸਭਾ ਵਿੱਚ ਬੱਚਿਆਂ ਦੁਆਰਾ ਕਵਿਤਾ ਉਚਾਰਨ, ਸ਼ਬਦ ਗਾਇਨ, ਨਾਟਕ ਆਦਿ ਗਤੀਵਿਧੀਆਂ ਕਰਵਾਈਆਂ।
ਬਹੁਤ ਸਾਰੇ ਸਕੂਲਾਂ ਵਿੱਚ ਪ੍ਰੋਜੈਕਟਰਾਂ ਤੇ ਸਾਹਿਬਜ਼ਾਦਿਆਂ ਸੰਬੰਧੀ ਡਾਕੂਮੈਂਟਰੀ ਫਿਲਮਾਂ ਵੀ ਦਿਖਾਈਆਂ ਗਈਆਂ। ਕੁਝ ਸਕੂਲਾਂ ਵਿੱਚ ਬੱਚਿਆਂ ਦੁਆਰਾ ਸਾਹਿਬਜ਼ਾਦਿਆਂ ਦੇ ਪਹਿਰਾਵੇ ਦੀ ਤਰ੍ਹਾਂ ਪਹਿਰਾਵੇ ਪਾਏ ਗਏ ਕੇਸਰੀ ਅਤੇ ਨੀਲੀਆਂ ਦਸਤਾਰਾਂ ਵੀ ਸਜਾਈਆਂ ਗਈਆਂ। ਬਹੁਤ ਸਾਰੇ ਸਕੂਲ ਅਧਿਆਪਕਾਂ ਨੇ ਗ੍ਰੀਨ ਬੋਰਡ ਤੇ ਰੰਗ ਬਿਰੰਗੇ ਚਾਕਾਂ ਨਾਲ ਸਾਹਿਬਜ਼ਾਦਿਆਂ ਦੇ ਸ਼ਹੀਦੀ, ਲੜਾਈਆਂ,ਠੰਡੇ ਬੁਰਜ ਦੀਆਂ ਬਹੁਤ ਸੁੰਦਰ ਤਸਵੀਰਾਂ ਬਣਾਈਆਂ ਗਈਆਂ। ਕੁਝ ਸਕੂਲਾਂ ਵਿੱਚ ਇਸ ਵੇਲੇ ਚਾਹ ਪਕੌੜਿਆਂ ਦਾ ਲੰਗਰ ਲਗਾਇਆ ਗਿਆ। ਇਸ ਮੌਕੇ ਡੀਈਓ ਸੈਕੰਡਰੀ ਬਲਜਿੰਦਰ ਸਿੰਘ ਨੇ ਸਰਕਾਰੀ ਮਾਡਲ ਸੀਨੀਅਰ ਸੈਕੰਡਰੀ ਸਕੂਲ ਖਰੜ ਅਤੇ ਘੜੂੰਆਂ, ਡੀਈਓ ਐਲੀਮੈਂਟਰੀ ਅਸ਼ਵਨੀ ਕੁਮਾਰ ਦੱਤਾ ਵੱਲੋਂ ਸਰਕਾਰੀ ਪ੍ਰਾਇਮਰੀ ਸਕੂਲ ਸਨੇਟਾ ਵਿਖੇ ਪਹੁੰਚ ਕੇ ਬੱਚਿਆਂ ਦੁਆਰਾ ਪੇਸ਼ ਕੀਤੇ ਗਏ ਪ੍ਰੋਗਰਾਮ ਵਿੱਚ ਸ਼ਿਰਕਤ ਕੀਤੀ।
ਡਿਪਟੀ ਡੀਈਓ ਸੈਕੰਡਰੀ ਡਾ.ਕੰਚਨ ਸ਼ਰਮਾਂ ਵੱਲੋਂ ਸੋਹਾਣਾ ਅਤੇ ਡਿਪਟੀ ਡੀਈਓ ਐਲੀਮੈਂਟਰੀ ਪਰਮਿੰਦਰ ਕੌਰ ਵੱਲੋਂ ਵੀ ਸਰਕਾਰੀ ਪ੍ਰਾਇਮਰੀ ਸਕੂਲ ਭਾਗੂਮਾਜਰਾ ਵਿਖੇ ਵਿਜ਼ਿਟ ਕਰਕੇ ਬੱਚਿਆਂ ਨਾਲ਼ ਪ੍ਰੋਜੈਕਟਰ ਤੇ ਸਾਹਿਬਜ਼ਾਦਾ ਸੰਬੰਧੀ ਫਿਲਮ ਦੇਖੀ ਗਈ। ਹੋਰ ਜਾਣਕਾਰੀ ਦਿੰਦਿਆਂ ਜ਼ਿਲ੍ਹਾ ਮੀਡੀਆ ਕੋਆਰਡੀਨੇਟਰ ਦੇਵ ਕਰਨ ਸਿੰਘ ਨੇ ਦੱਸਿਆ ਕਿ ਜ਼ਿਲ੍ਹੇ ਦੇ ਸਮੂਹ ਸਕੂਲਾਂ ਵਿੱਚ ਵਿਦਿਆਰਥੀਆਂ ਦੀਆਂ ਗਤੀਵਿਧੀਆਂ ਦੀਆਂ ਤਸਵੀਰਾਂ ਅਤੇ ਵੀਡੀਓ ਮਾਪਿਆਂ ਅਤੇ ਪਤਵੰਤਿਆਂ ਨਾਲ਼ ਸੋਸ਼ਲ ਮੀਡੀਆ ਤੇ ਵੀ ਪਾਈਆਂ ਗਈਆਂ।