ਪੰਜਾਬ
ਤਸਵੀਰ ਦੇ ਬਹਾਨੇ ਸੰਗੀਤ ਮਾਰਤੰਡ ਜਸਵੰਤ ਭੰਵਰਾ ਜੀ ਨੂੰ ਯਾਦ ਕਰਦਿਆਂ
ਗੁਰਭਜਨ ਗਿੱਲ
ਪੰਜਾਬੀ ਕਹਾਣੀ, ਪਾਪੂਲਰ ਗੀਤਕਾਰੀ ਤੇ ਵਾਰਤਕ ਦੇ ਨਿਵੇਕਲੇ ਸਿਰਜਕ ਸ਼ਮਸ਼ੇਰ ਸਿੰਘ ਸੰਧੂ ਨੇ ਚੰਡੀਗੜ੍ਹੋਂ ਪੰਜਾਬੀ ਸੰਗੀਤ ਮਾਰਤੰਡ ਉਸਤਾਦ ਜਸਵੰਤ ਭੰਵਰਾ ਜੀ ਜੀ ਬਹੁਤ ਘੱਟ ਵੇਖੀ ਤਸਵੀਰ ਘੱਲੀ ਹੈ। ਕਮਾਲ ਹੈ।
1971 ਤੋਂ ਭੰਵਰਾ ਜੀ ਦੇ ਸਭ ਸਰੂਪ ਵੇਖੇ ਪਰ ਇਹ ਪਹਿਲੀ ਵਾਰ ਦਰਸ਼ਨ ਕੀਤੇ ਨੇ।
ਪੰਜਾਬੀ ਲੋਕ ਸੰਗੀਤ ਦੇ ਉਹ ਸਰਬ ਗਿਆਤਾ ਸਨ। ਧਰਤੀ ਦੇ ਅਸਲ ਸੰਗੀਤ ਦੇ ਪੇਸ਼ਕਾਰ। ਗੁਰਬਾਣੀ ਸੰਗੀਤ ਸੰਭਾਲ ਵਿੱਚ ਉਨ੍ਹਾਂ ਨੇ ਸੰਤ ਬਾਬਾ ਸੁੱਚਾ ਸਿੰਘ ਜਵੱਦੀ ਵਾਲਿਆਂ ਨੂੰ ਸਹਿਯੋਗ ਦੇ ਕੇ ਏਨਾ ਵੱਡਾ ਕਾਰਜ ਕੀਤਾ ਕਿ ਹੁਣ ਤੀਕ ਦੀ ਸਭ ਤੋਂ ਵੱਡੀ ਤੇ ਟਕਸਾਲੀ ਛਾਲ ਹੈ। ਗੁਣੀ ਜਨ ਸੰਗੀਤ ਵਾਦਕ, ਗਾਇਕ ਤੇ ਸੁਰ ਸ਼ਬਦ ਦੇ ਅੰਤਰ ਭੇਤੀ ਉਨ੍ਹਾਂ ਦੇ ਉਮਰ ਭਰ ਤੋਂ ਸੰਗੀ ਸਨ।
ਲੁਧਿਆਣਾ ਦੇ ਘੰਟਾ ਘਰ ਚੌਂਕ ਵਿੱਚ ਖ਼ਾਲਸਾ ਟੇਡਿੰਗ ਕੰਪਨੀ ਦੇ ਉੱਪਰ ਉਨ੍ਹਾਂ ਦਾ ਨੈਸ਼ਨਲ ਮਿਊਜ਼ਿਕ ਕਾਲਿਜ ਹੁੰਦਾ ਸੀ ਜਿੱਥੇ ਉਨ੍ਹਾਂ ਲੰਮਾ ਸਮਾਂ ਸੰਗੀਤ ਵਿੱਦਿਆ ਦਿੱਤੀ।
ਸੁਰਿੰਦਰ ਕੌਰ, ਪ੍ਰਕਾਸ਼ ਕੌਰ, ਕੇ ਪੰਨਾ ਲਾਲ, ਆਸਾ ਸਿੰਘ ਮਸਤਾਨਾ ਵਰਗੇ ਕਲਾਕਾਰ ਜਦ ਵੀ ਦਿੱਲੀਉ ਪੰਜਾਬ ਦੌਰੇ ਤੇ ਆਉਂਦੇ ਤਾਂ ਇੱਕ ਰਾਤ ਲਾਜ਼ਮੀ ਭੰਵਰਾ ਜੀ ਦੇ ਟਿਕਾਣੇ ਤੇ ਕੱਟਦੇ।
ਮੇਲੇ ਮਿੱਤਰਾਂ ਦੇ ਫ਼ਿਲਮ ਦਾ ਸੰਗੀਤ ਵੀ ਭੰਵਰਾ ਜੀ ਨੇ ਹੀ ਦਿੱਤਾ ਸੀ।
ਮੈਨੂੰ ਮਾਣ ਹਾਸਲ ਹੈ ਕਿ ਮੇਰੇ ਕੁਝ ਗੀਤਾਂ ਦੀਆਂ ਬੰਦਸ਼ਾਂ ਉਨ੍ਹਾਂ ਤਿਆਰ ਕੀਤੀਆਂ ਜਿੰਨ੍ਹਾਂ ਚੋਂ ਦੂਰਦਰਸ਼ਨ ਦੀ ਦਸਤਾਵੇਜ਼ੀ ਫ਼ਿਲਮ ਫੁਲਕਾਰੀ ਲਈ
ਨਰਿੰਦਰ ਬੀਬਾ ਦੀ ਆਵਾਜ਼ ਵਿੱਚ ਵੀਰ ਮੇਰੇ ਨੇ ਕੁੜਤੀ ਦਿੱਤੀ, ਭਾਬੋ ਨੇ ਫੁਲਕਾਰੀ ਚੇ ਜਸਬੀਰ ਜੱਸੀ ਦੀ ਆਵਾਜ਼ ਵਿੱਚ ਰੀਕਾਰਡ ਹੋਇਆ ਗੀਤ ਸੁਣ ਪਰਦੇਸੀ ਢੋਲਾ ਵੇ ਵਾਗਾਂ ਵਤਨਾਂ ਨੂੰ ਮੋੜ ਹੈ। ਜੱਸੀ ਵਾਲਾ ਗੀਤ ਤਾਂ ਉਨ੍ਹਾਂ ਸਰੂਪ ਬੱਲ ਨੂੰ ਕਰ ਕੇ ਦਿੱਤਾ ਸੀ ਜੋ ਉਸ ਤੋ ਜੱਸੀ ਕੋਲ ਪਹੁੰਚਿਆ।
ਕਿਸੇ ਵੇਲੇ ਐੱਚ ਐੱਮ ਵੀ ਰੀਕਾਰਡਿੰਗ ਕੰਪਨੀ ਇਥੇ ਹੀ ਪੰਜਾਬੀ ਲੋਕ ਸੰਗੀਤ ਦੀ ਆਡੀਸ਼ਨ ਕਰਦੀ ਸੀ।
ਸੈਂਕੜੇ ਗਾਇਕ ਇਥੋਂ ਸੰਗੀਤ ਸਿੱਖ ਕੇ ਪਰਵਾਨ ਚੜ੍ਹੇ। ਹਰਚਰਨ ਗਰੇਵਾਲ, ਰਾਜਿੰਦਰ ਰਾਜਨ,ਰਮੇਸ਼ ਰੰਗੀਲਾ, ਸੁਦੇਸ਼ ਕਪੂਰ, ਮੁਹੰਮਦ ਸਦੀਕ, ਕੇ ਦੀਪ, ਜਗਮੋਹਨ ਕੌਰ, ਸੁਰਿੰਦਰ ਸ਼ਿੰਦਾ, ਸੁਰਜੀਤ ਮਾਧੋਪੁਰੀ,ਕਰਨੈਲ ਗਿੱਲ, ਕਰਮਜੀਤ ਗਰੇਵਾਲ,ਹੰਸ ਰਾਜ ਹੰਸ,ਲਾਭ ਜੰਜੂਆ, ਸੱਯਦਾ ਬਾਨੋ, ਅਸ਼ੋਕ ਚੰਚਲ,ਮਹਿੰਦਰ ਸੇਠੀ,ਭਗਵੰਤ ਸਿੰਘ ਕਾਲਾ, ਸਰਦੂਲ ਸਿਕੰਦਰ, ਗ਼ਮਦੂਰ ਸਿੰਘ ਅਮਨ, (ਕ੍ਰਿਸ਼ਨ)ਦਲਜੀਤ ਕੈਸ, ਮਨਮੋਹਨ ਵਾਰਿਸ, ਸੰਗਤਾਰ ਤੇ ਕਮਲ ਹੀਰ ਭਰਾ, ਰੁਪਿੰਦਰ ਰੂਪੀ, ਡਾਃ ਸੁਖਨੈਨ ਰਾਜਿੰਦਰ ਮਲਹਾਰ, ਰਵਿੰਦਰ ਛਾਬੜਾ, ਸਰੂਪ ਬੱਲ, ਸੁਖਨੰਦਨ ਹੋਠੀ,ਮੰਨਾ ਢਿੱਲੋਂ ਸਮੇਤ ਕਈ ਹੋਰ ਗਾਇਕ ਕਿਸੇ ਨਾ ਕਿਸੇ ਰੂਪ ਵਿੱਚ ਉਨ੍ਹਾਂ ਤੋਂ ਸਿੱਖਦੇ ਰਹੇ। ਨੈਸ਼ਨਲ ਮਿਊਜ਼ਿਕ ਕਾਲਿਜ ਬੰਦ ਕਰਕੇ ਉਹ ਲੰਮਾ ਸਮਾਂ ਸਰਾਭਾ ਨਗਰ ਲੁਧਿਆਣਾ ਵਾਲੇ ਘਰ ਵਿੱਚ ਵੀ ਸੰਗੀਤ ਸਬਕ ਦਿੰਦੇ ਰਹੇ। 1984 ਵਿੱਚ ਮੈਂ ਉਨ੍ਹਾਂ ਨੂੰ ਪ੍ਰਿੰਸੀਪਲ ਭੈਣ ਜੀ ਹਰਮੀਤ ਕੌਰ ਦੇ ਕਹਿਣ ਤੇ ਰਾਮਗੜੀਆ ਗਰਲਜ਼ ਕਾਲਿਜ ਮਿੱਲਰ ਗੰਜ ਲੁਧਿਆਣਾ ਵਿੱਚ ਸੰਗੀਤ ਅਗਵਾਈ ਲਈ ਬੇਨਤੀ ਕਰਕੇ ਲੈ ਗਿਆ। ਇਥੇ ਉਨ੍ਹਾਂ ਦੇ ਹੀ ਪ੍ਰਤਾਪ ਸਦਕਾ ਹੁਣ ਵੀ ਸੰਗੀਤ ਸਿਖਰਾਂ ਕਾਇਮ ਹਨ।
ਗੁਰਬਾਣੀ ਸੰਗੀਤ ਵਿੱਚ ਵੀ ਪ੍ਰਿੰਸੀਪਲ ਸੁਖਵੰਤ ਸਿੰਘ ਜਵੱਦੀ, ਮਨਜੀਤ ਸਿੰਘ ਬੰਬਈ ਵਾਲੇ, ਸੰਤ ਨਿਰੰਜਨ ਸਿੰਘ ਜਵੱਦੀ, ਬਾਬਾ ਜ਼ੋਰਾ ਸਿੰਘ ਧਰਮਕੋਟ, ਭਾਈ ਕੁਲਦੀਪ ਸਿੰਘ ਹਜ਼ੂਰੀ ਰਾਗੀ ਦਰਬਾਰ ਸਾਹਿਬ ਤੇ ਅਨੇਕਾਂ ਹੋਰ।
ਪ੍ਰਸਿੱਧ ਹੋਟਲ ਕਾਰੋਬਾਰੀ ਤੇ ਵਾਇਲਨ ਵਾਦਕ ਸਃ ਨ ਸ ਨੰਦਾ ਨੇ ਇੱਕ ਵਾਰ ਦੱਸਿਆ ਕਿ ਮੈਂ ਤੇ ਗ਼ਜ਼ਲ ਗਾਇਕ ਜਗਜੀਤ ਸਿੰਘ ਵੀ ਨੈਸ਼ਨਲ ਮਿਉਜ਼ਿਕ ਕਾਲਿਜ ਚ ਸਿੱਖਦੇ ਰਹੇ ਹਾਂ।
ਉਸਤਾਦ ਲਾਲ ਚੰਦ ਯਮਲਾ ਜੱਟ ਭਾਈ ਬਲਬੀਰ ਸਿੰਘ ਹਜ਼ੂਰੀ ਰਾਗੀ, ਦਲੀਪ ਸਿੰਘ ਜੀ ਤਬਲਾ ਵਾਦਕ,ਪ੍ਰੋਃ ਕਰਤਾਰ ਸਿੰਘ, ਰੌਸ਼ਨ ਸਾਗਰ, ਸਾਗਰ ਮਸਤਾਨਾ, ਪ੍ਰਿੰਸੀਪਲ ਹਰਚੰਦ ਸਿੰਘ ਰਾਗੀ, ਪੂਰਨ ਸ਼ਾਹਕੋਟੀ ਸਭ ਵੱਡੇ ਛੋਟੇ ਭਰਾਵਾਂ ਵਰਗੇ ਸਨ। ਬਹੁਤ ਕੁਝ ਮੈ ਅੱਖੀਂ ਵੇਖਿਆ ਹੈ। ਕਿਉਂਕਿ ਭੰਵਰਾ ਜੀ ਦੀ ਜੀਵਨ ਸਾਥਣ ਬੀਬੀ ਸੁਰਜੀਤ ਕੌਰ ਨੂਰ ਕਾਰਨ ਪੰਜਾਬੀ ਸਾਹਿੱਤ ਸਭਾ ਲੁਧਿਆਣਾ ਦੀਆਂ ਮਾਸਿਕ ਇਕੱਤਰਤਾਵਾਂ 1975 ਤੀਕ ਨੈਸ਼ਨਲ ਮਿਊਜ਼ਿਕ ਕਾਲਿਜ ਵਿੱਚ ਹੀ ਹੁੰਦੀਆਂ ਸਨ। ਉਦੋਂ ਪੰਜਾਬੀ ਭਵਨ ਅਜੇ ਪੂਰਾ ਉੱਸਰਿਆ ਨਹੀਂ ਸੀ।
ਤਸਵੀਰ ਦੇ ਬਹਾਨੇ ਕਿੰਨੀਆਂ ਯਾਦਾਂ ਫਿਰ ਪੁੰਗਰ ਪਈਆਂ।
ਧੰਨਵਾਦ ਸ਼ਮਸ਼ੇਰ ਦਾ।
ਪਿੱਛੋਂ ਸੁੱਝੀ
1986 ਚ ਰਾਮਗੜੀਆ ਕਾਲਿਜ ਵਿੱਚ ਪੰਜਾਬ ਯੂਨੀਵਰਸਿਟੀ ਯੂਥ ਫੈਸਟੀਵਲ ਚੱਲ ਰਿਹਾ ਸੀ।
ਕਾਲਿਜ ਦੇ ਲਾਅਨ ਵਿੱਚ ਭੁੰਜੇ ਬਹਿ ਕੇ ਅਸੀਂ ਕੁਝ ਦੋਸਤ ਭੰਵਰਾ ਸਾਹਿਬ , ਪ੍ਰੋਃ ਕਰਤਾਰ ਸਿੰਘ ਤੇ ਡਾਃ ਆਤਮਜੀਤ ਨਾਟਕਕਾਰ ਦੀ ਸੰਗਤ ਮਾਣ ਰਹੇ ਸਾਂ। ਪ੍ਰੋਃ ਮ ਸ ਚੀਮਾ ਵੀ ਸਾਡੇ ਚ ਆਣ ਬੈਠੇ ਤੇ ਭੰਵਰਾ ਜੀ ਨੂੰ ਸੰਬੋਧਿਤ ਹੋ ਕੇ ਬੋਲੇ, ਭਮਰਾ ! ਤੁਸੀਂ ਮਿਸਤਰੀਆਂ ਨੇ ਸੰਗੀਤ ਦੇ ਖੇਤਰ ਚ ਕਮਾਲਾਂ ਕੀਤੀਆਂ ਨੇ। ਉਨ੍ਹਾਂ ਰਾਮਗੜੀਆ ਭਾਈਚਾਰੇ ਦੇ ਕੁਝ ਸਿਰਕੱਢ ਨਾਮ ਗਿਣਾਏ।
ਭੰਵਰਾ ਜੀ ਬੋਲੇ,
ਚੀਮਾ ਜੀ ਤੁਹਾਡੇ ਬਾਰੇ ਆਮ ਧਾਰਨਾ ਹੈ ਕਿ ਤੁਸੀਂ ਤਾਂ ਬੰਦੇ ਦੀ ਤੋਰ ਵੇਖ ਕੇ ਪਿੰਡ, ਭਾਈਚਾਰਾ ਤੇ ਨਾਨਕੇ ਦਾਦਕੇ ਦੇਸ ਦੇਂਦੇ ਓ, ਪਰ ਅੱਜ ਭੁਲੇਖਾ ਖਾ ਗਏ।
ਮੈਂ ਸੰਗੀਤ ਸਾਧਕ ਜ਼ਰੂਰ ਹਾਂ, ਜ਼ਾਤ ਗੋਤ ਤੋਂ ਪਰੇਡੇ ਪਰ ਜਨਮ ਜ਼ਾਤ ਮੈ ਖ਼ਾਨਦਾਨੀ ਮਾਨ ਜੱਟ ਹਾਂ, ਖਮਾਣੋਂ(ਲੁਧਿਆਣਾ) ਤੋਂ। ਏਸੇ ਕਰਕੇ ਕਦੇ ਕਦੇ ਵਿਗੜ ਜਾਂਦਾ ਹਾਂ ਤੇ ਨਫ਼ੇ ਨੁਕਸਾਨ ਦੀ ਪ੍ਰਵਾਹ ਨਹੀਂ ਕਰਦਾ। ਮੇਰੇ ਸੰਗੀਤ ਉਸਤਾਦ ਗਿਆਨੀ ਸੰਪੂਰਨ ਸਿੰਘ ਜੀ ਸਨ ਤਲਵੰਡੀ ਘਰਾਣੇ ‘ਚੋਂ।
ਚੀਮਾ ਸਾਹਿਬ ਪਹਿਲੀ ਵਾਰ ……. ਸਾਡੇ ਸਾਹਮਣੇ ਧੋਖਾ ਖਾ ਗਏ ਸਨ।