ਪੰਜਾਬ
ਪੰਜਾਬ ਕਲਾ ਭਵਨ ਦੇ ਵਿਹੜੇ ਲੱਗੀਆਂ ਰੌਣਕਾਂ
ਚੰਡੀਗੜ੍ਹ: ਪੰਜਾਬ ਕਲਾ ਪਰਿਸ਼ਦ ਚੰਡੀਗੜ੍ਹ ਵਲੋਂ ਡਾ ਐਮ ਐਸ ਰੰਧਾਵਾ ਕਲਾ ਉਤਸਵ ਦੇ ਦੂਸਰੇ ਦਿਨ ਵੀ ਪੰਜਾਬ ਕਲਾ ਦੇ ਵਿਹੜੇ ਵਿਚ ਖੂਬ ਸਾਹਿਤਕ ਤੇ ਸਭਿਆਚਾਰਕ ਰੌਣਕਾਂ ਲੱਗੀਆਂ। ਦੁਪਿਹਰ ਨੂੰ ਹੋਏ ਸਾਹਿਤਕ ਸੈਮੀਨਾਰ ਵਿਚ ਵਿਦਵਾਨਾਂ ਨੇ ਸਾਹਿਤ ਦੀਆਂ ਵੱਖ ਵੱਖ ਵਿਧਾਵਾਂ ਬਾਰੇ ਚਰਚਾ ਕੀਤੀ। ਇਸ ਸੈਮੀਨਾਰ ਦੀ ਪ੍ਰਧਾਨਗੀ ਅਮਰਜੀਤ ਗਰੇਵਾਲ ਨੇ ਕਰਦਿਆਂ ਪੰਜਾਬੀ ਸਾਹਿਤ ਦੇ ਭਵਿੱਖ ਨੂੰ ਰੌਸ਼ਨ ਭਰਿਆ ਆਖਿਆ। ਪੰਜਾਬ ਕਲਾ ਪਰਿਸ਼ਦ ਦੇ ਚੇਅਰਮੈਨ ਡਾ ਸੁਰਜੀਤ ਪਾਤਰ ਨੇ ਵਿਦਵਾਨਾਂ ਵਲੋਂ ਕਹਾਣੀ, ਨਾਵਲ, ਨਾਟਕ, ਵਾਰਤਕ ਤੇ ਕਵਿਤਾ ਬਾਰੇ ਡੂੰਘੀਆਂ ਗੱਲਾਂ ਕਰਨ ਦੀ ਸਲਾਹੁਤਾ ਕੀਤੀ। ਜੇ ਬੀ ਸੇਖੋਂ ਨੇ ਪੰਜਾਬੀ ਨਾਵਲ ਦੀ ਅਜੋਕੀ ਸਥਿਤੀ ਬਾਰੇ ਦੱਸਿਆ। ਪੰਜਾਬ ਦੀ ਅਜੋਕੀ ਨਾਟਕ ਕਲਾ ਬਾਰੇ ਕੇਵਲ ਧਾਲੀਵਾਲ ਨੇ ਚਰਚਾ ਕੀਤੀ ਤੇ ਕਹਾਣੀ ਕਲਾ ਦੇ ਵੱਖ ਵੱਖ ਪੱਖਾਂ ਬਾਬਤ ਡਾ ਬਲਦੇਵ ਧਾਲੀਵਾਲ ਨੇ ਚਾਨਣਾ ਪਾਇਆ। ਪੰਜਾਬੀ ਵਾਰਤਕ ਬਾਰੇ ਡਾ ਰਜਿੰਦਰਪਾਲ ਬਰਾੜ ਨੇ ਰੌਚਿਕਤਾ ਭਰਪੂਰ ਗੱਲਾਂ ਕੀਤੀਆਂ। ਅਜੋਕੀ ਸ਼ਾਇਰੀ ਬਾਰੇ ਡਾ ਯੋਗਰਾਜ ਉਪ ਚੇਅਰਮੈਨ ਕਲਾ ਪਰਿਸ਼ਦ ਨੇ ਆਪਣਾ ਵਿਸਥਾਰਪੂਰਵਕ ਭਾਸ਼ਣ ਦਿੱਤਾ। ਮੰਚ ਸੰਚਾਲਨ ਦੀ ਜਿ਼ੰਮੇਵਾਰੀ ਪਰਿਸ਼ਦ ਦੇ ਸਕੱਤਰ ਡਾ ਲਖਵਿੰਦਰ ਜੌਹਲ ਨੇ ਨਿਭਾਈ। ਸਮਾਗਮ ਵਿਚ ਪਰਿਸ਼ਦ ਦੇ ਮੀਡੀਆ ਸਲਾਹਕਾਰ ਨਿੰਦਰ ਘੁਗਿਆਣਵੀ, ਕਹਾਣੀਕਾਰ ਹਰਪ੍ਰੀਤ ਸਿੰਘ ਚਨੂੰ, ਗੁਰਮੀਤ ਪਨਾਗ, ਪ੍ਰੋ ਦਿਲਬਾਗ, ਇੰਗਲੈਂਡ ਤੋਂ ਲੇਖਕ ਲੱਖਾ ਸਲੇਮਪੁਰੀ, ਹਰਦਿਆਲ ਥੂਹੀ, ਬਲਕਾਰ ਸਿੱਧੂ ਸਮੇਤ ਕਈ ਉਘੀਆਂ ਹਸਤੀਆਂ ਪੁੱਜੀਆਂ।
ਆਥਣ ਵੇਲੇ ਕਲਾ ਭਵਨ ਦੇ ਵਿਹੜੇ ਵਿਚ ਬਾਜੀਗਰਾਂ ਨੇ ਬਾਜੀ ਪਾਕੇ ਦਰਸ਼ਕਾਂ ਦਾ ਮਨ ਮੋਹਿਆ। ਇਸ ਉਪਰੰਤ ਹੋਏ ਕਵੀ ਦਰਬਾਰ ਵਿੱਚ ਪੰਜਾਬੀ ਦੇ ਨਾਮੀਂ ਸ਼ਾਇਰਾਂ ਨੇ ਸ਼ਿਰਕਤ ਕੀਤੀ, ਜਿੰਨੀ ਵਿਚ ਸੁਖਵਿੰਦਰ ਅੰਮ੍ਰਿਤ, ਗੁਰਮਿੰਦਰ ਕੌਰ ਸਿੱਧੂ, ਕੁਮਾਰ ਜਗਦੇਵ, ਬੂਟਾ ਸਿੰਘ ਚੌਹਾਨ, ਤਰਸੇਮ, ਜਗਦੀਪ,ਜਸ਼ਨਪਰੀਤ, ਲਿਲੀ ਸਵਰਨ, ਦਿਲਪ੍ਰੀਤ ਚਹਿਲ, ਰਣਧੀਰ ਦਿੜਬਾ, ਜਗਦੀਪ ਜਵਾਹਰਕਾ, ਨੇ ਆਪੋ ਆਪਣੀ ਸ਼ਾਇਰੀ ਪੇਸ਼ ਕੀਤੀ। ਸਭਨਾ ਲੇਖਕਾਂ ਨੂੰ ਕਿਤਾਬਾਂ ਦੇ ਸੈਟ ਭੇਟ ਕਰਕੇ ਸਨਮਾਨਿਆ ਗਿਆ। ਕਵੀ ਦਰਬਾਰ ਦਾ ਸੰਚਾਲਨ ਡਾ ਯੋਗਰਾਜ ਨੇ ਕੀਤਾ।