ਪੰਜਾਬ
‘ਜੱਜ ਦਾ ਅਰਦਲੀ’ ਵਿਸ਼ਵ ਪੁਸਤਕ ਮੇਲੇ ‘ਤੇ ਅੰਗਰੇਜ਼ੀ ‘ਚ ਹੋਈ ਰਿਲੀਜ
ਨਵੀਂ ਦਿੱਲੀ—–ਦਿੱਲੀ ਦੇ ਪ੍ਰਗਤੀ ਮੈਦਾਨ ਵਿਚ ਭਾਰਤ ਸਰਕਾਰ ਦੇ ਨੈਸ਼ਨਲ ਬੁੱਕ ਟਰੱਸਟ ਆਫ ਇੰਡੀਆ ਵਲੋਂ ਲਗਾਏ ਗਏ ਵਿਸ਼ਵ ਪੁਸਤਕ ਮੇਲੇ ਦੇ ਦੂਸਰੇ ਦਿਨ ਪ੍ਰਸਿੱਧ ਪੰਜਾਬੀ ਲੇਖਕ ਨਿੰਦਰ ਘੁਗਿਆਣਵੀ ਦੀ ਬਹੁ ਚਰਚਿਤ ਕਿਤਾਬ ‘ਮੈਂ ਸਾਂ ਜੱਜ ਦਾ ਅਰਦਲੀ’ ਦਾ ਅੰਗ੍ਰੇਜ਼ੀ ਵਿਚ ਅਨੁਵਾਦ (i was ordaly judges) ਰਿਲੀਜ ਕੀਤਾ ਗਿਆ। ਇਸ ਮੌਕੇ ਮੁੱਖ ਮਹਿਮਾਨ ਵਜੋਂ ਦਿੱਲੀ ਹਾਈਕੋਰਟ ਦੇ ਸੀਨੀਅਰ ਜਸਟਿਸ ਮਾਣਯੋਗ ਸ੍ਰ ਤਲਵੰਤ ਸਿੰਘ ਨੇ ਸ਼ਮੂਲੀਅਤ ਕੀਤੀ ਤੇ ਸਾਬਕਾ ਜਸਟਿਸ ਸ਼੍ਰੀ ਪੀ ਐਸ ਤੇਜੀ ਪੁਲੀਸ ਸ਼ਿਕਾਇਤ ਨਿਵਾਰਣ ਅਥਾਰਟੀ ਦਿੱਲੀ ਦੇ ਚੇਅਰਮੈਨ ਤੇ ਜਸਟਿਸ ਏ ਕੇ ਤਿਆਗੀ ਵਿਸ਼ੇਸ ਮਹਿਮਾਨਾਂ ਦੇ ਰੂਪ ਵਿੱਚ ਸ਼ਾਮਿਲ ਹੋਏ। ਨੈਸ਼ਨਲ ਬੁੱਕ ਟਰੱਸਟ ਆਫ ਇੰਡੀਆ ਦੇ ਡਾਇਰੈਕਟਰ ਕਰਨਲ ਯੁਵਰਾਜ ਮਲਿਕ ਨੇ ਸਵਾਗਤੀ ਸ਼ਬਦ ਕਹਿੰਦਿਆਂ ਕਿਤਾਬ ਦੀ ਸਾਹਿਤਕ ਤੇ ਕਲਾਤਮਿਕ ਮਹੱਤਤਾ ਬਾਰੇ ਚਾਨਣਾ ਪਾਇਆ। ਮਾਣਯੋਗ ਜੱਜਾਂ ਵੱਲੋਂ ਕਿਤਾਬ ਰਿਲੀਜ ਕਰਨ ਦੀ ਰਸਮ ਸਾਂਝੇ ਤੌਰ ਉਤੇ ਅਦਾ ਕੀਤੀ ਗਈ। ਕਿਤਾਬ ਦੇ ਮੂਲ ਲੇਖਕ ਨਿੰਦਰ ਘੁਗਿਆਣਵੀ ਨੇ ਇਸ ਕਿਤਾਬ ਦੀ ਸਿਰਜਣਾ ਕਰਨ ਦੇ ਸਮੇਂ ਤੇ ਆਪਣੀ ਅਦਾਲਤੀ ਦੁਨੀਆਂ ਦੀਆਂ ਅਭੁੱਲ ਯਾਦਾਂ ਸਾਂਝੀਆਂ ਕੀਤੀਆਂ। ਸ਼੍ਰੀ ਘੁਗਿਆਣਵੀ ਨੇ ਤੂੰਬੀ ਨਾਲ ਆਪਣੇ ਉਸਤਾਦ ਲੋਕ ਗਾਇਕ ਯਮਲਾ ਜੱਟ ਨੂੰ ਚੇਤੇ ਕਰਦਿਆਂ ਗਾਇਨ ਵੀ ਪੇਸ਼ ਕੀਤਾ। ਉਘੇ ਵਿਦਵਾਨ ਡਾ ਸਚਿਦਾ ਨੰਦ ਮਿਸ਼ਰ ਨੇ ਕਿਤਾਬ ਦੇ ਅੰਗਰੇਜੀ ਅਨੁਵਾਦਕ ਪ੍ਰੋ ਪੀ ਐਸ ਰਮੰਨਾ ਨੂੰ ਵਧਾਈ ਦਿੱਤੀ ਤੇ ਇਸ ਪੁਸਤਕ ਨੂੰ ਆਮ ਪਾਠਕਾਂ ਦੀ ਪੁਸਤਕ ਆਖਿਆ। ਮਹਿਮਾਨ ਜੱਜਾਂ ਨੇ ਆਪੋ ਆਪਣੇ ਭਾਸ਼ਣ ਰਾਹੀਂ ਨਿੰਦਰ ਘੁਗਿਆਣਵੀ ਦੀ ਇਸ ਸਾਹਿਤਕ ਕਿਰਤ ਨੂੰ ਸਲਾਹੁੰਦਿਆਂ ਉਨਾਂ ਤੋਂ ਅਦਾਲਤੀ ਦੁਨੀਆਂ ਬਾਰੇ ਹੋਰ ਰਚਨਾਵਾਂ ਦੀ ਉਮੀਦ ਜਿਤਾਈ। ਮੰਚ ਸੰਚਾਲਨ ਡਾ ਕੁਲਬੀਰ ਗੋਜਰਾਂ ਨੇ ਕੀਤਾ। ਇਸ ਸਮੇਂ ਦਿੱਲੀ ਯੂਨਿਵਰਸਿਟੀ ਦੇ ਪੰਜਾਬੀ ਵਿਭਾਗ ਦੇ ਖੋਜਾਰਥੀ ਤੇ ਮੁਖੀ ਡਾ ਰਵੀ ਰਵਿੰਦਰ ਸਮੇਤ ਕਈ ਸ਼ਖਸ਼ੀਅਤਾਂ ਹਾਜਿਰ ਸਨ। ਧੰਨਵਾਦ ਕਰਨ ਦੀ ਰਸਮ ਐਡਵੋਕੇਟ ਦੀਪਾਲੀ ਸ਼ਰਮਾ ਨੇ ਨਿਭਾਈ।