ਪੰਜਾਬ ਸਿਹਤ ਵਿਭਾਗ ਵੱਲੋਂ ਓਰਲ ਕੈਂਸਰ ਸਕਰੀਨਿੰਗ ਪ੍ਰੋਗਰਾਮ ਦੀ ਸ਼ੁਰੂਆਤ
ਨਵਾਂ ਸ਼ੁਰੂ ਕੀਤਾ ਓਰਲ ਕੈਂਸਰ ਸਕ੍ਰੀਨਿੰਗ ਪ੍ਰੋਗਰਾਮ ਜਾਨਾਂ ਬਚਾਉਣ ਵਿੱਚ ਹੋਵੇਗਾ ਸਹਾਈ ਨਕ: ਡਾ ਅਭਿਨਵ ਤ੍ਰਿਖਾ
ਚੰਡੀਗੜ੍ਹ: 20-04-2023:
ਪੰਜਾਬ ਦੇ ਸਿਹਤ ਅਤੇ ਪਰਿਵਾਰ ਭਲਾਈ ਵਿਭਾਗ ਨੇ ਜਨਤਕ ਸਿਹਤ ਸੰਸਥਾਵਾਂ ਵਿੱਚ ਮੂੰਹ ਦੇ ਕੈਂਸਰ ਦੇ ਮਰੀਜ਼ਾਂ ਦੀ ਜਾਂਚ ਕਰਨ ਲਈ ਇੱਕ ਨਵੀਂ ਪਹਿਲਕਦਮੀ ਸ਼ੁਰੂ ਕੀਤੀ। ਮਹਾਤਮਾ ਗਾਂਧੀ ਸਟੇਟ ਇੰਸਟੀਚਿਊਟ ਆਫ਼ ਪਬਲਿਕ ਐਡਮਿਨਿਸਟ੍ਰੇਸ਼ਨ ਚੰਡੀਗੜ੍ਹ ਵਿਖੇ ਦੰਦਾਂ ਦੇ ਡਾਕਟਰਾਂ ਅਤੇ ਈਐਨਟੀ ਸਰਜਨਾਂ ਦੀ ਸ਼ਮੂਲੀਅਤ ਵਾਲੇ ਇੱਕ ਸਿਖਲਾਈ ਸੈਸ਼ਨ ਦਾ ਆਯੋਜਨ ਕੀਤਾ ਗਿਆ। ਇਸ ਸਿਖਲਾਈ ਪ੍ਰੋਗਰਾਮ ਦਾ ਉਦਘਾਟਨ ਸਕੱਤਰ ਸਿਹਤ ਕਮ ਮਿਸ਼ਨ ਡਾਇਰੈਕਟਰ ਐਨ.ਐਚ.ਐਮ ਡਾ. ਅਭਿਨਵ ਤ੍ਰਿਖਾ ਨੇ ਕੀਤਾ, ਇਸ ਮੌਕੇ ਓਹਨਾਂ ਨਾਲ਼ ਡਾਇਰੈਕਟਰ ਸਿਹਤ ਅਤੇ ਪਰਿਵਾਰ ਭਲਾਈ ਡਾ. ਆਦਰਸ਼ਪਾਲ ਕੌਰ, ਡਾਇਰੈਕਟਰ ਸਿਹਤ ਸੇਵਾਵਾਂ (ਪਰਿਵਾਰ ਭਲਾਈ) ਡਾ. ਰਵਿੰਦਰ ਪਾਲ ਕੌਰ ਅਤੇ ਐਨ.ਐਚ.ਐਮ ਦੇ ਡਾਇਰੈਕਟਰ ਡਾ. ਐਸ.ਪੀ. ਸਿੰਘ ਵੀ ਸ਼ਾਮਲ ਸਨ।
ਇਸ ਨਵੀਂ ਪਹਿਲਕਦਮੀ ਬਾਰੇ ਜਾਣਕਾਰੀ ਦਿੰਦੇ ਹੋਏ ਡਾ: ਅਭਿਨਵ ਤ੍ਰਿਖਾ ਨੇ ਕਿਹਾ ਕਿ ਜਿਵੇਂ ਕਿ ਅਸੀਂ ਸਾਰੇ ਜਾਣਦੇ ਹਾਂ, ਸਾਡੇ ਦੇਸ਼ ਵਿੱਚ ਮੂੰਹ ਦਾ ਕੈਂਸਰ ਮਰਦਾਂ ਵਿੱਚ ਸਭ ਤੋਂ ਵੱਧ ਪ੍ਰਚਲਿਤ ਕੈਂਸਰ ਹੈ ਅਤੇ ਇਹ ਅੰਦਾਜ਼ਾ ਲਗਾਇਆ ਗਿਆ ਹੈ ਕਿ 2030 ਤੱਕ, ਹਰ ਸਾਲ ਮੂੰਹ ਦੇ ਕੈਂਸਰ ਦੇ ਅੰਦਾਜ਼ਨ 49,750 ਨਵੇਂ ਕੇਸ ਪਾਏ ਜਾਣਗੇ । ਇਨ੍ਹਾਂ ਚਿੰਤਾਜਨਕ ਅੰਕੜਿਆਂ ਨੂੰ ਧਿਆਨ ਵਿੱਚ ਰੱਖਦੇ ਹੋਏ, ਕੈਂਸਰ ਤੋਂ ਪਹਿਲਾਂ ਦੇ ਜਖਮਾਂ ਜਾਂ ਫਰੈਂਕ ਓਰਲ ਕੈਂਸਰ , ਤੋਂ ਪੀੜਤ ਮਰੀਜ਼ਾਂ ਦੀ ਜਲਦੀ ਜਾਂਚ ਅਤੇ ਪਤਾ ਲਗਾਉਣ ਦੇ ਨਾਲ-ਨਾਲ ਸਮੇਂ ਸਿਰ ਰੈਫਰ ਕਰਨ ਲਈ ਰਾਜ ਵਿੱਚ ਜਨਤਕ ਸਿਹਤ ਕਾਡਰ ਨੂੰ ਮਜ਼ਬੂਤ ਕਰਨ ਦੀ ਲੋੜ ਮਹਿਸੂਸ ਕੀਤੀ ਗਈ। “ਇਸ ਪ੍ਰੋਗਰਾਮ ਦੀ ਧਾਰਨਾ ਵਿੱਚ ਇੱਕ ਹੋਰ ਕਾਰਕ ਇਹ ਹੈ ਕਿ ਕੈਂਸਰ ਦੇ 80 ਪ੍ਰਤੀਸ਼ਤ ਕੇਸ ਦੂਜੇ ਜਾਂ ਤੀਜੇ ਪੜਾਅ ‘ਤੇ ਸਾਹਮਣੇ ਆਉਂਦੇ ਹਨ ਜਦੋਂ ਕੈਂਸਰ ਦਾ ਇਲਾਜ ਕਰਨਾ ਮੁਸ਼ਕਲ ਹੁੰਦਾ ਹੈ। ਇਸ ਪ੍ਰੋਗਰਾਮ ਤਹਿਤ ਪਹਿਲੀ ਸਟੇਜ ‘ਤੇ ਮੂੰਹ ਦੇ ਕੈਂਸਰ ਦਾ ਪਤਾ ਲਗਾਉਣਾ ਨਿਸ਼ਚਤ ਤੌਰ ‘ਤੇ ਕੈਂਸਰ ਦੇ ਇਲਾਜ ਵਿੱਚ ਇੱਕ ਵਰਦਾਨ ਸਾਬਤ ਹੋ ਸਕਦਾ ਹੈ। ”
ਆਪਣੇ ਸੰਬੋਧਨ ਦੀ ਸਮਾਪਤੀ ਵਿੱਚ ਡਾ: ਤ੍ਰਿਖਾ ਨੇ ਸਮੂਹ ਭਾਗੀਦਾਰਾਂ ਨੂੰ ਇਸ ਨਵੀਂ ਪਹਿਲਕਦਮੀ ਵਿੱਚ ਸਕਾਰਾਤਮਕ ਯੋਗਦਾਨ ਪਾਉਣ ਲਈ ਪ੍ਰੇਰਿਤ ਕੀਤਾ ਅਤੇ ਉਨ੍ਹਾਂ ਕਿਹਾ ਕਿ ਆਉਣ ਵਾਲੇ ਸਮੇਂ ਵਿੱਚ ਇਹ ਪ੍ਰੋਗਰਾਮ ਯਕੀਨੀ ਤੌਰ ‘ਤੇ ਸਾਰਥਕ ਨਤੀਜੇ ਪ੍ਰਾਪਤ ਕਰੇਗਾ ਅਤੇ ਪੰਜਾਬ ਵਿੱਚ ਮੂੰਹ ਦੇ ਕੈਂਸਰ ਦੀ ਦਰ ਘਟੇਗੀ ਅਤੇ ਇਸ ਕਾਰਨ ਹੋਣ ਵਾਲੀਆਂ ਮੌਤਾਂ ਨੂੰ ਰੋਕੇਗੀ। ਉਨ੍ਹਾਂ ਸਮੂਹ ਪੰਜਾਬ ਵਾਸੀਆਂ ਨੂੰ ਵੀ ਅਪੀਲ ਕੀਤੀ ਕਿ ਉਹ ਇੱਕ ਸਿਹਤਮੰਦ ਸਮਾਜ ਦੀ ਸਿਰਜਣਾ ਲਈ ਸ਼ਰਾਬ, ਤੰਬਾਕੂ ਅਤੇ ਹੋਰ ਨਸ਼ਿਆਂ ਦਾ ਤਿਆਗ ਕਰਕੇ ਸਿਹਤਮੰਦ ਜੀਵਨ ਵੱਲ ਕਦਮ ਵਧਾਉਣ।
ਇਸ ਮੌਕੇ ਡਾ: ਆਦਰਸ਼ਪਾਲ ਕੌਰ ਨੇ ਆਪਣੇ ਸੰਬੋਧਨ ਵਿੱਚ ਕਿਹਾ ਕਿ ਸ਼ਰਾਬ ਅਤੇ ਤੰਬਾਕੂ ਦੀ ਵਰਤੋਂ ਮੂੰਹ ਦੇ ਕੈਂਸਰ ਦੇ ਮੁੱਖ ਕਾਰਨਾਂ ਵਿੱਚੋਂ ਇੱਕ ਹੈ। ਇਸ ਪ੍ਰੋਗਰਾਮ ਵਿੱਚ ਭਾਗੀਦਾਰਾਂ ਵੱਲੋਂ ਸਮੇਂ ਸਿਰ ਸਕਰੀਨਿੰਗ ਲਈ ਕਦਮ ਚੁੱਕੇ ਜਾਣਗੇ, ਨਾਲ ਹੀ ਵਿਭਾਗ ਦੇ ਹੋਰ ਸਟਾਫ਼ ਮੈਂਬਰਾਂ ਨੂੰ ਵੀ ਆਉਣ ਵਾਲੇ ਸਮੇਂ ਵਿੱਚ ਸਿਖਲਾਈ ਦਿੱਤੀ ਜਾਵੇਗੀ ਅਤੇ ਆਮ ਲੋਕਾਂ ਨੂੰ ਸ਼ਰਾਬ ਅਤੇ ਤੰਬਾਕੂ ਦੇ ਨਸ਼ੇ ਵਿਰੁੱਧ ਜਾਗਰੂਕ ਕੀਤਾ ਜਾਵੇਗਾ।
ਡਾ. ਸਾਕੇਤ ਚੱਕਰਵਰਤੀ ਐਮ.ਡੀ.ਐਸ., ਡਾ. ਸੁਮਿਤ ਗੁਪਤਾ ਕੰਸਲਟੇਂਟ ਸਰਜੀਕਲ ਓਨਕੋਲੋਜੀ ਡੀ.ਐਮ.ਸੀ.ਐਚ., ਡਾ. ਆਨੰਦ ਗੁਪਤਾ ਐਸੋਸੀਏਟ ਪ੍ਰੋਫੈਸਰ ਜੀ.ਐਮ.ਸੀ.ਐਚ.-32, ਡਾ. ਨਵਜੋਤ ਕੌਰ ਸਹਾਇਕ ਪ੍ਰੋਫੈਸਰ ਈ.ਐਨ.ਟੀ.ਏਮਜ਼ ਮੋਹਾਲੀ ਮੁੱਖ ਬੁਲਾਰੇ ਸਨ ,ਜਿਨ੍ਹਾਂ ਨੇ ਮੂੰਹ ਦੇ ਕੈਂਸਰ ਦੀ ਜਾਂਚ ਦੇ ਨਾਲ-ਨਾਲ ਇਸ ਬਾਰੇ ਵਿਸਥਾਰ ਨਾਲ ਸਿਖਲਾਈ ਦਿੱਤੀ।
ਸਟੇਟ ਪ੍ਰੋਗਰਾਮ ਅਫਸਰ ਡਾ: ਸੰਦੀਪ ਸਿੰਘ ਗਿੱਲ ਨੇ ਅਧਿਕਾਰੀਆਂ ਅਤੇ ਸਾਰੇ ਭਾਗੀਦਾਰਾਂ ਦਾ ਧੰਨਵਾਦ ਕਰਦੇ ਹੋਏ ਸਿਖਲਾਈ ਦੀ ਸਮਾਪਤੀ ਕੀਤੀ।