ਪੰਜਾਬੀ ਯੂਨੀਵਰਸਟੀ ਦੇ ਮੋਹਾਲੀ ਸਥਿਤ ਕੇਂਦਰ ਵਿੱਚ 33 ਨਵੇਂ ਸ਼ਾਰਟ ਟਰਮ ਕੋਰਸ ਸ਼ੁਰੂ
*ਪੰਜਾਬੀ ਯੂਨੀਵਰਸਿਟੀ ਵੱਲੋਂ ਸ਼ੁਰੂ ਕੀਤੇ ਨਵੇਂ ਕੋਰਸਾਂ ਨਾਲ਼ ਹੋਈ ਨਵੇਂ ਯੁੱਗ ਦੀ ਸ਼ੁਰੂਆਤ : ਕੁਲਤਾਰ ਸਿੰਘ ਸੰਧਵਾਂ
*ਪੰਜਾਬ ਵਿਧਾਨ ਸਭਾ ਦੇ ਸਪੀਕਰ ਨੇ ਕੀਤਾ ਉਦਘਾਟਨ*
*ਚੰਡੀਗੜ੍ਹ, 20 ਅਪ੍ਰੈਲ:*
ਪੰਜਾਬੀ ਯੂਨੀਵਰਸਿਟੀ ਵੱਲੋਂ ਆਪਣੇ ਮੋਹਾਲੀ ਸਥਿਤ ਕੇਂਦਰ ਨੂੰ ਹੋਰ ਵਧੇਰੇ ਸਰਗਰਮ ਕਰਨ ਲਈ ਇੱਥੇ ਨਵੇਂ ਯੁੱਗ ਦੇ ਹਾਣੀ 33 ਨਵੇਂ ਸ਼ਾਰਟ ਟਰਮ ਕੋਰਸ ਸ਼ੁਰੂ ਕੀਤੇ ਗਏ ਹਨ ਜਿਨ੍ਹਾਂ ਦਾ ਉਦਘਾਟਨ ਅੱਜ ਪੰਜਾਬ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾਂ ਨੇ ਕੀਤਾ। ਇਹ ਕੋਰਸ ਸਬੁੱਧ ਫਾਊਂਡੇਸ਼ਨ ਦੇ ਸਹਿਯੋਗ ਨਾਲ ਸ਼ੁਰੂ ਕੀਤੇ ਗਏ ਹਨ। ਜ਼ਿਕਰਯੋਗ ਹੈ ਕਿ ਇਸ ਕੇਂਦਰ ਨੂੰ ਸਰਗਰਮ ਕਰਨ ਦੇ ਪੜਾਅ ਵਜੋਂ ਪਿਛਲੇ ਦਿਨੀਂ ਇਸ ਦਾ ਨਾਮ ਬਦਲ ਕੇ ‘ਪੰਜਾਬੀ ਯੂਨੀਵਰਸਿਟੀ ਸੈਂਟਰ ਫਾਰ ਐਮਰਜਿੰਗ ਐਂਡ ਇਨੋਵੇਟਿਵ ਟੈਕਨਾਲੋਜੀ, ਮੋਹਾਲੀ’ ਕਰ ਦਿੱਤਾ ਗਿਆ ਸੀ। ਇਸੇ ਦਿਸ਼ਾ ਵਿੱਚ ਹੁਣ ਮਸਨੂਈ ਬੁੱਧੀ (ਆਰਟੀਫੀਸ਼ੀਅਲ ਇੰਟੈਲੀਜੈਂਸ) ਅਤੇ ਡੈਟਾ ਸਾਇੰਸ ਨਾਲ ਸੰਬੰਧਤ ਇਹ ਨਵੇਂ ਕੋਰਸ ਸ਼ੁਰੂ ਕੀਤੇ ਗਏ ਹਨ।
ਮੋਹਾਲੀ ਵਿਖੇ ਇਸ ਕੇਂਦਰ ਵਿੱਚ ਰੱਖੇ ਗਏ ਵਿਸ਼ੇਸ਼ ਉਦਘਾਟਨੀ ਸੈਸ਼ਨ ਦੌਰਾਨ ਬੋਲਦਿਆਂ ਕੁਲਤਾਰ ਸਿੰਘ ਸੰਧਵਾਂ ਨੇ ਕਿਹਾ ਕਿ ਸਮੇਂ ਦੇ ਹਾਣ ਦੇ ਅਜਿਹੇ ਕੋਰਸਾਂ ਦੀ ਸ਼ੁਰੂਆਤ ਨਾਲ ਪੰਜਾਬ ਵਿੱਚ ਇੱਕ ਨਵੇਂ ਯੁੱਗ ਦੀ ਸ਼ੁਰੂਆਤ ਹੋ ਗਈ ਹੈ। ਉਨ੍ਹਾਂ ਕਿਹਾ ਕਿ ਉਹ ਤਕਨਾਲੌਜੀ ਜਿਸ ਨੇ ਨਵੇਂ ਯੁੱਗ ਦੀ ਸ਼ੁਰੂਆਤ ਕਰਨੀ ਹੈ, ਉਸ ਨਾਲ ਜੁੜਨਾ ਸਮੇਂ ਦੀ ਲੋੜ ਹੈ। ਇਸ ਲਈ ਇਹ ਸਾਰੇ ਕੋਰਸ ਲਾਭਦਾਇਕ ਸਿੱਧ ਹੋਣਗੇ। ਉਨ੍ਹਾਂ ਕਿਹਾ ਕਿ ਹੁਣ ਪੰਜਾਬ ਜਾਗ ਪਿਆ ਹੈ ਅਤੇ ਤਕਨੀਕ ਦੇ ਨਵੇਂ ਦੌਰ ਵਿੱਚ ਲੋੜੀਂਦੇ ਅਜਿਹੇ ਨਵੀਂ ਕਿਸਮ ਦੇ ਕੋਰਸ ਹੁਣ ਪੰਜਾਬ ਦੇ ਨੌਜਵਾਨਾਂ ਨੂੰ ਵਧੇਰੇ ਸਮਰੱਥ ਬਣਾਉਣਗੇ। ਉਨ੍ਹਾਂ ਕਿਹਾ ਕਿ ਪੰਜਾਬ ਵਿੱਚ ਹੁਣ ਸਹੀ ਅਰਥਾਂ ਵਿੱਚ ਸਿੱਖਿਆ ਦਾ ਦੌਰ ਸ਼ੁਰੂ ਹੋ ਚੁੱਕਾ ਹੈ।
ਉਨ੍ਹਾਂ ਕਿਹਾ ਕਿ ਉਹ ਪੰਜਾਬੀ ਯੂਨੀਵਰਸਿਟੀ ਦੀ ਇਸ ਨਿਵੇਕਲੀ ਪਹਿਲਕਦਮੀ ਬਾਰੇ ਪੰਜਾਬ ਦੇ ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਨਾਲ ਵੀ ਵਿਚਾਰ-ਚਰਚਾ ਕਰਨਗੇ ਤਾਂ ਕਿ ਇਸ ਦਿਸ਼ਾ ਵਿੱਚ ਹੋਰ ਵਧੇਰੇ ਸਮਰੱਥਾ ਸਹਿਤ ਕੰਮ ਕੀਤਾ ਜਾ ਸਕੇ।
ਵਾਈਸ ਚਾਂਸਲਰ ਪ੍ਰੋ. ਅਰਵਿੰਦ ਨੇ ਇਸ ਮੌਕੇ ਬੋਲਦਿਆਂ ਕਿਹਾ ਕਿ ਪੰਜਾਬੀ ਯੂਨੀਵਰਸਿਟੀ ਨੇ ਜੇਕਰ ਸਹੀ ਅਰਥਾਂ ਵਿੱਚ ਨਵੇਂ ਸਮੇਂ ਦੇ ਹਾਣ ਦੀ ਬਣਨਾ ਹੈ ਤਾਂ ਲਾਜ਼ਮੀ ਹੈ ਕਿ ਅਜਿਹੇ ਨਵੇਂ ਕਦਮ ਉਠਾਉਣੇ ਪੈਣਗੇ। ਉਨ੍ਹਾਂ ਕਿਹਾ ਕਿ ਰਵਾਇਤੀ ਕਿਸਮ ਦੇ ਕੋਰਸਾਂ ਦੇ ਨਾਲ-ਨਾਲ ਹੁਣ ਸਾਨੂੰ ਅਜਿਹੇ ਨਿਵੇਕਲੀ ਕਿਸਮ ਦੇ ਪ੍ਰੋਗਰਾਮ ਵੀ ਲਾਜ਼ਮੀ ਰੂਪ ਵਿੱਚ ਸ਼ੁਰੂ ਕਰਨੇ ਪੈਣਗੇ। ਇਸ ਮੌਕੇ ਉਨ੍ਹਾਂ ਯੂਨੀਵਰਸਿਟੀ ਵੱਲੋਂ ਪਹਿਲਾਂ ਸ਼ੂਰੂ ਕੀਤੇ ਗਏ ਪੰਜ ਸਾਲਾ ਇੰਟੀਗਰੇਟਿਡ ਕੋਰਸਾਂ ਦਾ ਵੀ ਜ਼ਿਕਰ ਕੀਤਾ ਅਤੇ ਵੱਖ-ਵੱਖ ਮੰਤਵਾਂ ਲਈ ਸਥਾਪਿਤ ਕੀਤੇ ਕੁੱਝ ਅਕਾਦਮਿਕ ਕੇਂਦਰਾਂ ਬਾਰੇ ਵੀ ਗੱਲ ਕੀਤੀ। ਇੱਕ ਟਿੱਪਣੀ ਦੌਰਾਨ ਉਨ੍ਹਾਂ ਕਿਹਾ ਕਿ ਹੁਣ ਯੂਨੀਵਰਸਿਟੀ ਦੀਆਂ ਪ੍ਰਯੋਗਸ਼ਾਲਾਵਾਂ ਵਿੱਚ ਪੰਜਾਹ ਸਾਲ ਪਹਿਲਾਂ ਕੀਤੇ ਜਾਣ ਵਾਲੇ ਪ੍ਰਯੋਗਾਂ ਦੇ ਸਹਾਰੇ ਕੰਮ ਨਹੀਂ ਚਲਾਇਆ ਜਾ ਸਕਦਾ ਬਲਕਿ ਹਰ ਖੇਤਰ ਵਿੱਚ ਹਰ ਪੱਖੋਂ ਅਪਡੇਟ ਹੋਣ ਦੀ ਲੋੜ ਹੈ। ਉਨ੍ਹਾਂ ਤਕਨਾਲੌਜੀ ਦੇ ਸਰੂਪ ਬਾਰੇ ਗੱਲ ਕਰਦਿਆਂ ਕਿਹਾ ਕਿ ਤਕਨਾਲੌਜੀ ਦਾ ਖੇਤਰ ਬਹੁਤ ਤੇਜ਼ ਰਫ਼ਤਾਰ ਨਾਲ ਬਦਲਦਾ ਹੈ। ਇਸ ਲਈ ਇਨ੍ਹਾਂ ਨਵੇਂ ਸ਼ੁਰੂ ਕੀਤੇ ਜਾਣ ਵਾਲੇ ਕੋਰਸਾਂ ਦਾ ਪਾਠਕ੍ਰਮ ਨਿਰੰਤਰ ਤੌਰ ਉੱਤੇ ਬਦਲਿਆ ਜਾਂਦਾ ਰਹੇਗਾ।
ਸਬੁੱਧ ਫਾਊਂਡੇਸ਼ਨ ਦੇ ਸਹਿ-ਮੋਢੀ (ਕੋ-ਫਾਊਂਡਰ) ਸਰਬਜੋਤ ਸਿੰਘ ਨੇ ਇਸ ਮੌਕੇ ਆਪਣੀ ਸੰਸਥਾ ਦੇ ਸ਼ੁਰੂਆਤੀ ਪੜਾਅ ਅਤੇ ਇਸ ਦੇ ਕੰਮ ਕਰਨ ਦੇ ਤਰੀਕਿਆਂ ਅਤੇ ਕੰਮ ਦੀਆਂ ਕਿਸਮਾਂ ਬਾਰੇ ਵਿਸਥਾਰ ਵਿੱਚ ਦੱਸਿਆ। ਉਨ੍ਹਾਂ ਦੱਸਿਆ ਕਿ ਉਹ ਵਿਦੇਸ਼ ਤੋਂ ਇਸ ਤਕਨਾਲੌਜੀ ਦੀ ਸਿੱਖਿਆ ਹਾਸਿਲ ਕਰ ਕੇ ਆਏ ਸਨ। ਇੱਥੇ ਆ ਕੇ ਉਨ੍ਹਾਂ ਪੰਜਾਬ ਨੂੰ ਆਪਣੀ ਕਰਮ ਭੂਮੀ ਵਜੋਂ ਚੁਣਿਆ ਨਾ ਕਿ ਇਸ ਖੇਤਰ ਦੇ ਹੋਰਨਾਂ ਮਾਹਿਰਾਂ ਵਾਂਗ ਦੱਖਣੀ ਭਾਰਤ ਦੇ ਪ੍ਰਸਿੱਧ ਸ਼ਹਿਰਾਂ ਦਾ ਰੁਖ ਕੀਤਾ।
ਜ਼ਿਕਰਯੋਗ ਹੈ ਕਿ ਸਬੁੱਧ ਫਾਊਂਡੇਸ਼ਨ ਇੱਕ ਗ਼ੈਰ-ਮੁਨਾਫ਼ਾ ਸੰਸਥਾ ਹੈ ਜੋ ਡੈਟਾ ਵਿਗਿਆਨ ਦੇ ਖੇਤਰ ਵਿੱਚ ਕੰਮ ਕਰਦੀ ਹੈ। ਫਾਊਂਡੇਸ਼ਨ ਨੇ ਸਿਰਫ਼ ਪੰਜਾਬੀ ਯੂਨੀਵਰਸਿਟੀ ਨਾਲ ਹੀ ਨਹੀਂ ਬਲਕਿ ਉੱਤਰੀ ਭਾਰਤ ਦੇ ਸਰਕਾਰੀ ਅਦਾਰਿਆਂ ਗੁਰੂ ਨਾਨਕ ਦੇਵ ਯੂਨੀਵਰਸਿਟੀ, ਪੰਜਾਬ ਯੂਨੀਵਰਸਿਟੀ, ਪੰਜਾਬ ਇੰਜੀਨੀਅਰਿੰਗ ਕਾਲਜ, ਸੰਤ ਲੌਂਗੋਵਾਲ ਇੰਸਟੀਚਿਉਟ ਆਫ ਇੰਜੀਨੀਅਰਿੰਗ ਐਂਡ ਟਕਨਾਲੋਜੀ ਅਤੇ ਗੁਰੂ ਨਾਨਕ ਦੇਵ ਇੰਜੀਨੀਅਰਿੰਗ ਕਾਲਜ ਲੁਧਿਆਣਾ ਨਾਲ ਵੀ ਇਕਰਾਰਨਾਮੇ ਕੀਤੇ ਹੋਏ ਹਨ।
ਇਨ੍ਹਾਂ ਨਵੇਂ ਕੋਰਸਾਂ ਵਿੱਚ ਵਿਦਿਆਰਥੀਆਂ ਦੇ ਨਾਲ-ਨਾਲ ਕੰਮ ਕਰ ਰਹੇ ਪੇਸ਼ੇਵਰ ਅਤੇ ਕਾਰੋਬਾਰੀ ਲੋਕ ਵੀ ਦਾਖਲਾ ਲੈ ਸਕਦੇ ਹਨ। ਇਨ੍ਹਾਂ 33 ਸ਼ਾਰਟ-ਟਰਮ ਕੋਰਸਾਂ ਦੀ ਸਮੱਗਰੀ ਦੇ ਨਿਰਮਾਣ ਵਿੱਚ ਯੂਨੀਵਰਸਿਟੀ ਦੀ ਫ਼ੈਕਲਟੀ ਅਤੇ ਸਬੁੱਧ ਫਾਉਂਡੇਸ਼ਨ ਦੀ ਭਾਈਵਾਲੀ ਰਹੀ ਹੈ। ਯੂਨੀਵਰਸਿਟੀ ਫੈਕਲਟੀ ਨੇ ਇਨ੍ਹਾਂ ਕੋਰਸਾਂ ਲਈ ਲੋੜੀਂਦੇ ਖੇਤਰ ਵਿੱਚ ਆਪਣੇ ਆਪ ਨੂੰ ਅਪਡੇਟ ਕਰਨ ਲਈ ਬਕਾਇਦਾ ਛੇ ਹਫ਼ਤਿਆਂ ਦੀ ਸਿਖਲਾਈ ਪ੍ਰਾਪਤ ਕੀਤੀ ਹੈ ਅਤੇ ਪਾਠਕ੍ਰਮਾਂ ਲਈ ਲੋੜੀਂਦੀ ਸਮੱਗਰੀ ਦਾ ਨਿਰਮਾਣ ਕੀਤਾ ਹੈ। ਇਸ ਸਮੱਗਰੀ ਦਾ ਨਿਰਮਾਣ ਹਾਲੇ ਵੀ ਜਾਰੀ ਹੈ। ਇਨ੍ਹਾਂ ਕੋਰਸਾਂ ਦੀ ਸਮੱਗਰੀ ਨੂੰ ਤਕਨਾਲੋਜੀ ਵਿੱਚ ਆਉਣ ਵਾਲੇ ਬਦਲਾਅ ਦੇ ਅਨੁਸਾਰ ਨਵਿਆਉਣ ਦਾ ਟੀਚਾ ਮਿੱਥਿਆ ਗਿਆ ਹੈ।
ਮੋਹਾਲ਼ੀ ਵਿਚਲੇ ਕੇਂਦਰ ਤੋਂ ਕੋਆਰਡੀਨੇਟਰ ਡਾ. ਰੇਖਾ ਭਾਟੀਆ ਨੇ ਕੋਰਸਾਂ ਬਾਰੇ ਕੁੱਝ ਬੁਨਿਆਦੀ ਨੁਕਤੇ ਸਾਂਝੇ ਕਰਦਿਆਂ ਦੱਸਿਆ ਕਿ ਇਹ ਸਾਰੇ 33 ਕੋਰਸ ਵੱਖ-ਵੱਖ ਮਿਆਦ ਦੇ ਹਨ। ਇਹ ਮਿਆਦ ਇੱਕ ਹਫ਼ਤੇ ਤੋਂ ਸ਼ੁਰੂ ਹੋ ਕੇ ਬਾਰਾਂ ਹਫ਼ਤਿਆਂ ਤੱਕ ਹੈ। ਇਨ੍ਹਾਂ ਸ਼ਾਰਟ-ਟਰਮ ਕੋਰਸਾਂ ਵਿੱਚ ਮੁੱਖ ਤੌਰ ਉੱਤੇ ਪਾਈਥਨ ਪ੍ਰੋਗਰਾਮਿੰਗ, ਡੈਟਾ ਸਾਇੰਸ, ਮਸ਼ੀਨ ਲਰਨਿੰਗ, ਡੀਪ ਲਰਨਿੰਗ, ਸਰਟੀਫਿ਼ਕੇਟ ਇਨ ਡੈਟਾਇਕੂ, ਨੈਚੁਰਲ ਲੈਂਗੂਏਜ ਪ੍ਰੋਸੈਸਿੰਗ ਆਦਿ ਸ਼ਾਮਿਲ ਹਨ। ਇਨ੍ਹਾਂ ਕੋਰਸਾਂ ਵਿੱਚ 2,3,4 ਜਾਂ 10 ਕ੍ਰੈਡਿਟ ਦੀ ਵਿਵਸਥਾ ਹੋਵੇਗੀ। ਪੰਜ ਕੋਰਸ ਇੱਕ ਸਾਲ ਦੀ ਮਿਆਦ ਦੇ ਵੀ ਚਲਾਏ ਜਾ ਰਹੇ ਹਨ ਜਿਨ੍ਹਾਂ ਵਿੱਚ ‘ਐਡਵਾਂਸਡ ਪ੍ਰੋਗਰਾਮ ਇਨ ਡੈਟਾ ਸਾਇੰਸ’, ‘ਐਡਵਾਂਸਡ ਪ੍ਰੋਗਰਾਮ ਇਨ ਬਿਜ਼ਨਿਸ ਐਨਾਲੈਟਿਕਸ’, ‘ਇੰਟਰਨੈੱਟ ਆਫ਼ ਥਿੰਗਜ਼’, ‘ਡਰੋਨ ਡਿਵੈਲਪੈਂਟ’ ਦੇ ਨਾਮ ਸ਼ਾਮਿਲ ਹਨ।
ਇੱਕ ਕੋਰਸ ਡੇਢ ਸਾਲ ਭਾਵ 18 ਮਹੀਨਆਂ ਦਾ ਹੈ ਜੋ ਡੈਟਾ ਵਿਗਿਆਨ ਦੀਆਂ ਗੁੰਝਲਦਾਰ ਪ੍ਰਣਾਲੀਆਂ ਦੀ ਵਰਤੋਂ ਨਾਲ਼ ਸੰਬੰਧਤ ਹੈ।ਇਹ ਸਾਰੇ ਕੋਰਸ ਸਵੇਰੇ ਅਤੇ ਸ਼ਾਮ ਦੋਨਾਂ ਬੈਚਾਂ ਵਿੱਚ ਚਲਾਏ ਜਾਣਗੇ। ਵਿਦਿਆਰਥੀਆਂ ਤੋਂ ਇਲਾਵਾ ਕੰਮ-ਕਾਜ ਕਰਨ ਵਾਲੇ ਪੇਸ਼ੇਵਰ ਲੋਕ ਵੀ ਇਨ੍ਹਾਂ ਕੋਰਸਾਂ ਵਿੱਚ ਦਾਖਲਾ ਲੈ ਸਕਣਗੇ।
ਇਸ ਪ੍ਰੋਗਰਾਮ ਵਿੱਚ ਡੀਨ ਅਕਾਦਮਿਕ ਮਾਮਲੇ ਡਾ. ਅਸ਼ੋਕ ਤਿਵਾੜੀ ਅਤੇ ਰਜਿਸਟਰਾਰ ਡਾ. ਨਵਜੋਤ ਕੌਰ, ਡੀਨ ਵਿਦਿਆਰਥੀ ਭਲਾਈ ਡਾ. ਅਨੁਪਮਾ, ਕਰੈੱਸਪ ਦੇ ਡਾਇਰੈਕਟਰ ਡਾ. ਹਿਮੇਂਦਰ ਭਾਰਤੀ, ਐੱਨ. ਐੱਸ. ਐੱਸ. ਕੋਆਰਡੀਨੇਟਰ ਡਾ. ਮਮਤਾ ਸ਼ਰਮਾ, ਡਾਇਰੈਕਟਰ ਯੁਵਕ ਭਲਾਈ ਡਾ. ਗਗਨਦੀਪ ਥਾਪਾ, ਸੀਨੀਅਰ ਪ੍ਰੋਫੈਸਰ ਗੁਰਪ੍ਰੀਤ ਸਿੰਘ ਲਹਿਲ ਤੋਂ ਇਲਾਵਾ ਪੰਜਾਬੀ ਯੂਨੀਵਰਸਿਟੀ ਤੋਂ ਵੱਖ-ਵੱਖ ਫ਼ੈਕਲਟੀਆਂ ਦੇ ਡੀਨ ਅਤੇ ਹੋਰ ਅਧਿਕਾਰੀ ਹਾਜ਼ਰ ਰਹੇ।