ਘਰ, ਪਰਿਵਾਰ ਤੇ ਰੁਜਗਾਰ ਦੇ ਹੁੰਦਿਆਂ ਕੋਈ ਵਿਦੇਸ਼ ਕਿਉਂ ਜਾਵੇ : ਪੰਜਾਬ ਸਰਕਾਰ ਵੱਲੋ ਰੁਜਗਾਰ ਦੇ ਦਿੱਤੇ ਜਾ ਰਹੇ ਮੌਕਿਆਂ ਨੇ ਨਵੀਂ ਉਮੀਦ ਜਗਾਈ
ਚੰਡੀਗੜ੍ਹ, 25 ਅਪ੍ਰੈਲ-
ਘਰ, ਪਰਿਵਾਰ ਅਤੇ ਰੁਜਗਾਰ ਦੇ ਹੁੰਦਿਆਂ ਭਲਾ ਕੋਈ ਦੇਸ਼ ਕਿਉਂ ਛੱਡੇ, ਇਥੇ ਮਿਊਂਸੀਪਲ ਭਵਨ ਵਿਖੇ ਕਰਵਾਏ ਵਿਸ਼ੇਸ਼ ਸਮਾਗਮ ਦੌਰਾਨ ਨਿਯੁਕਤੀ ਪੱਤਰ ਹਾਸਿਲ ਕਰਨ ਵਾਲੇ 408 ਨੌਜਵਾਨਾਂ ਦੀਆਂ ਇਹ ਭਾਵਨਾਵਾਂ ਸਨ। ਪੰਜਾਬ ਸਰਕਾਰ ਵੱਲੋਂ ਵੱਧ ਤੋਂ ਵੱਧ ਨੌਜਵਾਨਾਂ ਨੂੰ ਰੁਜਗਾਰ ਮੁਹੱਇਆ ਕਰਨ ਦੀ ਮੁਹਿੰਮ ਤਹਿਤ ਇੰਨ੍ਹਾਂ ਨੌਜਵਾਨਾਂ ਦੀ ਸਥਾਨਕ ਸਰਕਾਰਾਂ, ਆਮ ਰਾਜ ਪ੍ਰਬੰਧ, ਲੋਕ ਨਿਰਮਾਣ ਅਤੇ ਤਕਨੀਕੀ ਸਿੱਖਿਆ ਤੇ ਉਦਯੋਗਿਕ ਸਿਖਲਾਈ ਵਿਭਾਗਾਂ ਵਿੱਚ ਵੱਖ-ਵੱਖ ਅਹੁਦਿਆਂ ਲਈ ਨਿਯੁਕਤੀ ਕੀਤੀ ਗਈ ਹੈ।
ਆਮ ਰਾਜ ਪ੍ਰਬੰਧ ਵਿਭਾਗ ਵਿੱਚ ਬਤੌਰ ਕਲਰਕ ਨਿਯੁਕਤੀ ਪੱਤਰ ਲੈਣ ਮੌਕੇ ਪਟਿਆਲਾ ਤੋਂ ਤਨਵੀਜੋਤ ਨੇ ਕਿਹਾ ਕਿ ਉਨ੍ਹਾਂ ਲਈ ਮਾਣ ਦੀ ਗੱਲ ਹੈ ਕਿ ਉਹ ਸੂਬੇ ਨੂੰ ਆਪਣੀਆਂ ਸੇਵਾਵਾਂ ਦੇ ਸਕਣਗੇ। ਉਨ੍ਹਾਂ ਕਿਹਾ ਕਿ ਪਹਿਲਾਂ ਉਹ ਕਨੇਡਾ ਜਾਂ ਕਿਸੇ ਹੋਰ ਵਿਕਸਤ ਦੇਸ਼ ਜਾਣ ਦੀ ਸੋਚ ਰਹੇ ਸਨ ਪਰ ਹੁਣ ਉਹ ਆਪਣਿਆਂ ਦੇ ਨਜਦੀਕ ਹੀ ਰਹਿ ਸਕਣਗੇ। ਤਨਵੀਜੋਤ ਨੇ ਕਿਹਾ ਕਿ ਇਹ ਮੌਕਾ ਮਿਲਣ ਕਾਰਨ ਉਨ੍ਹਾਂ ਪੱਕਾ ਫੈਸਲਾ ਕਰ ਲਿਆ ਹੈ ਕਿ ਉਹ ਆਪਣਾ ਜੀਵਨ ਹੁਣ ਪੰਜਾਬ ਨੂੰ ਸੇਵਾਵਾਂ ਦੇਣ ਲਈ ਸਮੱਰਪਿਤ ਕਰਨਗੇ। ਉਨ੍ਹਾਂ ਪੰਜਾਬ ਸਰਕਾਰ ਵੱਲੋਂ ਰੁਜਗਾਰ ਮੁਹੱਈਆ ਕਰਵਾਉਣ ਲਈ ਚਲਾਈ ਗਈ ਮੁਹਿੰਮ ਦੀ ਤਾਰੀਫ ਕਰਦਿਆਂ ਕਿਹਾ ਕਿ ਇਸ ਨਾਲ ਨੌਜਵਾਨਾਂ ਵਿੱਚ ਨਵੀਂ ਆਸ ਬੱਝੀ ਹੈ।
ਪਿੰਡ ਖਨਾਲ ਕਲਾਂ ਜਿਲ੍ਹਾ ਸੰਗਰੂਰ ਦੇ ਕਰਮਜੀਤ ਸਿੰਘ ਨੇ ਵੀ ਆਮ ਰਾਜ ਪ੍ਰਬੰਧ ਵਿਭਾਗ ਵਿੱਚ ਬਤੌਰ ਕਲਰਕ ਨਿਯੁਕਤੀ ਪੱਤਰ ਲੈਣ ਉਪਰੰਤ ਅਜਿਹੇ ਹੀ ਵਿਚਾਰ ਪ੍ਰਗਟ ਕਰਦਿਆਂ ਆਪਣੇ ਸਾਥੀ ਨੌਜਵਾਨਾਂ ਨੂੰ ਵੀ ਅਪੀਲ ਕੀਤੀ ਕਿ ਉਹ ਵਿਦੇਸ਼ ਜਾਣ ਨਾਲੋਂ ਵੱਧ ਤਰਜੀਹ ਇਥੇ ਰਹਿੰਦਿਆਂ ਹੀ ਰੁਜਗਾਰ ਪ੍ਰਾਪਤੀ ਨੂੰ ਦੇਣ। ਉਨ੍ਹਾਂ ਕਿਹਾ ਕਿ ਉਹ ਵੀ ਪਹਿਲਾਂ ਵਿਦੇਸ਼ ਜਾ ਕੇ ਆਪਣਾ ਭਵਿੱਖ ਬਨਾਉਣ ਬਾਰੇ ਸੋਚ ਰਿਹਾ ਸੀ ਪਰ ਰਹਿਣਾ ਇਥੇ ਹੀ ਚਾਹੁੰਦਾ ਸੀ। ਕਰਮਜੀਤ ਨੇ ਕਿਹਾ ਕਿ ਹੁਣ ਪੰਜਾਬ ਸਰਕਾਰ ਵੱਲੋਂ ਉਸ ਨੂੰ ਰੁਜਗਾਰ ਦਿੱਤੇ ਜਾਣ ਕਾਰਨ ਉਹ ਆਪਣੇ ਦਿਲ ਦੀ ਇੱਛਾ ਮੁਤਾਬਕ ਆਪਣੇ ਪਰਿਵਾਰ ਕੋਲ ਰਹਿ ਕੇ ਵਧੀਆ ਜੀਵਨ ਗੁਜਾਰ ਸਕੇਗਾ।
ਸਿਰਫ ਤਨਵੀਜੋਤ ਅਤੇ ਕਰਮਜੀਤ ਸਿੰਘ ਹੀ ਨਹੀਂ ਨਿਯੁਕਤੀ ਪੱਤਰ ਵੰਡ ਸਮਾਗਮ ਦੌਰਾਨ ਹਾਜਰ ਲਗਭਗ ਸਾਰੇ ਨੌਜਵਾਨਾਂ ਦੀ ਇਹੀ ਰਾਏ ਸੀ। ਨੌਜਵਾਨਾਂ ਦਾ ਮੰਨਣਾ ਸੀ ਕਿ ਆਪਣੇ ਮਾਂ-ਬਾਪ ਦੀ ਕਮਾਈ ਵਿਦੇਸ਼ ਵਿੱਚ ਲਗਾਉਣ ਉਪਰੰਤ ਉਮਰ ਦਾ ਇੱਕ ਵੱਡਾ ਹਿੱਸਾ ਉਥੇ ਘਰ ਬਨਾਉਣ ਅਤੇ ਸਥਾਪਤ ਹੋਣ ਵਿੱਚ ਗੁਜਰ ਜਾਂਦਾ ਹੈ। ਉਨ੍ਹਾਂ ਦਾ ਕਹਿਣਾ ਸੀ ਕਿ ਵਿਦੇਸ਼ ਜਾਣ ਨਾਲੋਂ ਲੱਖ ਗੁਣਾ ਬੇਹਤਰ ਹੈ ਜੇਕਰ ਇਥੇ ਪੰਜਾਬ ਵਿੱਚ ਹੀ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵੱਲੋਂ ਰੁਜਗਾਰ ਦੇ ਸਥਾਪਤ ਕੀਤੇ ਜਾ ਰਹੇ ਮੌਕਿਆਂ ਦਾ ਲਾਹਾ ਲਿਆ ਜਾਵੇ।