ਡਾ ਪਾਤਰ ਵੱਲੋਂ ਨਾਵਲਕਾਰ ਬੂਟਾ ਸਿੰਘ ਸ਼ਾਦ ਨੂੰ ਸ਼ਰਧਾਂਜਲੀ ਭੇਟ
ਚੰਡੀਗੜ੍ਹ-(ਨਿੰਦਰ ਘੁਗਿਆਣਵੀ)- ਪੰਜਾਬ ਕਲਾ ਪਰਿਸ਼ਦ ਚੰਡੀਗੜ੍ਹ ਵਲੋਂ ਪੰਜਾਬੀ ਦੇ ਉਘੇ ਨਾਵਲਕਾਰ ਬੂਟਾ ਸਿੰਘ ਸ਼ਾਦ ਦੇ ਵਿਛੋੜੇ ਉਤੇ ਡੂੰਘੇ ਦੁਖ ਦਾ ਪ੍ਰਗਟਾਵਾ ਕਰਦਿਆਂ ਪੰਜਾਬ ਕਲਾ ਪਰਿਸ਼ਦ ਦੇ ਚੇਅਰਮੈਨ ਡਾ ਸੁਰਜੀਤ ਪਾਤਰ ਨੇ ਉਨਾਂ ਦੇ ਪਰਿਵਾਰਕ ਮੈਂਬਰਾਂ ਨਾਲ ਹਮਦਰਦੀ ਪ੍ਰਗਟ ਕੀਤੀ ਹੈ। ਡਾ ਪਾਤਰ ਨੇ ਆਖਿਆ ਕਿ ਬੂਟਾ ਸਿੰਘ ਸ਼ਾਦ ਆਪਣੇ ਸਮਿਆਂ ਦਾ ਸਮਰੱਥ ਨਾਵਲਕਾਰ ਹੋਇਆ, ਜਿਸਨੇ ਆਮ ਪਾਠਕਾਂ ਦੇ ਦਿਲਾਂ ਨੂੰ ਆਪਣੇ ਨਾਵਲਾਂ ਨਾਲ ਛੂਹ ਕੇ ਰੱਖਿਆ। ਉਹ ਨਿਵੇਕਲੀ ਕਿਸਮ ਦੇ ਮਲਵੱਈ ਸਭਿਆਚਾਰ ਨੂੰ ਆਪਣੇ ਨਾਵਲਾਂ ਰਾਹੀਂ ਪੇਸ਼ ਕਰਨ ਵਾਲੇ ਸਿਰਮੌਰ ਨਾਵਲਕਾਰ ਸਨ। ਉਨਾਂ ਦੇ ਵਿਛੋੜੇ ਨਾਲ ਪੰਜਾਬੀ ਪਾਠਕ ਜਗਤ ਉਦਾਸ ਹੋਇਆ ਹੈ। ਚੇਅਰਮੈਨ ਡਾ ਸੁਰਜੀਤ ਪਾਤਰ ਦੇ ਨਾਲ ਪਰਿਸ਼ਦ ਦੇ ਉਪ ਚੇਅਰਮੈਨ ਡਾ ਯੋਗਰਾਜ ਤੇ ਸਕੱਤਰ ਡਾ ਲਖਵਿੰਦਰ ਜੌਹਲ ਨੇ ਵੀ ਬੂਟਾ ਸਿੰਘ ਸ਼ਾਦ ਨੂੰ ਸ਼ਰਧਾਂਜਲੀ ਭੇਟ ਕੀਤੀ ਤੇ ਕਿਹਾ ਕਿ ਸ਼ਾਦ ਵਰਗਾ ਨਾਵਲਕਾਰ ਪੰਜਾਬੀ ਨਾਵਲ ਖੇਤਰ ਦੀ ਇਕ ਅਨੋਖੀ ਪਛਾਣ ਤੇ ਪ੍ਰਾਪਤੀ ਸੀ। ਪੰਜਾਬ ਸਾਹਿਤ ਅਕਾਦਮੀ ਦੇ ਪ੍ਰਧਾਨ ਡਾ ਸਰਬਜੀਤ ਕੌਰ ਸੋਹਲ ਤੇ ਕਲਾ ਪਰਿਸ਼ਦ ਦੇ ਮੀਡੀਆ ਕੋਆਰਡੀਨੇਟਰ ਨਿੰਦਰ ਘੁਗਿਆਣਵੀ ਨੇ ਵੀ ਬੂਟਾ ਸਿੰਘ ਸ਼ਾਦ ਦੀ ਮੌਤ ਉਤੇ ਪਰਿਸ਼ਦ ਵਲੋਂ ਦੁਖ ਪ੍ਰਗਟ ਕੀਤਾ ਹੈ।