ਪੰਜਾਬ
ਦਿ ਰੌਇਲ ਗਰੁੱਪ ਆਫ਼ ਕਾਲਜਿਜ਼ ਬੋੜਾਵਾਲ ਵਿਖੇ ਕਰਵਾਇਆ ਡਿਗਰੀ ਵੰਡ ਸਮਾਰੋਹ
ਇਲਾਕੇ ਦੀ ਮਾਣਮੱਤੀ ਵਿੱਦਿਅਕ ਸੰਸਥਾ ਦਿ ਰੌਇਲ ਗਰੁੱਪ ਆਫ਼ ਕਾਲਜਿਜ਼, ਬੋੜਾਵਾਲ ਨੇ ਵਿੱਦਿਆ ਦੇ ਖੇਤਰ ਵਿਚ ਇਕ ਹੋਰ ਮਹੱਤਵਪੂਰਨ ਉਪਲਬਧੀ ਕਰਦਿਆਂ ਬੀ.ਏ,ਐੱਮ.ਏ. ਪੰਜਾਬੀ, ਅੰਗਰੇਜ਼ੀ, ਇਤਿਹਾਸ, ਬੀ.ਲਿਬ,ਐੱਮ.ਲਿਬ, ਐੱਮ.ਐੱਸ.ਸੀ-ਆਈ.ਟੀ,ਬੀ.ਐੱਸ.ਸੀ,ਦੇ ਪਾਸ ਆਊਟ ਵਿਦਿਆਰਥੀਆਂ ਨੂੰ ਡਿਗਰੀ ਵੰਡ ਸਮਾਰੋਹ ਲਈ ਤੀਸਰੀ ਕਨਵੋਕੇਸ਼ਨ ਕਰਵਾਈ ਗਈ।ਇਸ ਸਮਾਰੋਹ ਦੇ ਮੁੱਖ ਮਹਿਮਾਨ ਪ੍ਰੋ.(ਡਾ.) ਰਵਿੰਦਰ ਕੁਮਾਰ ਕੋਹਲੀ,ਵਾਇਸ ਚਾਂਸਲਰ,ਐਮਿਟੀ ਯੂਨੀਵਰਸਿਟੀ, ਮੁਹਾਲੀ ਨੇ 100 ਤੋਂ ਵੱਧ ਵਿਦਿਆਰਥੀਆਂ ਨੂੰ ਡਿਗਰੀਆਂ ਦੀ ਵੰਡ ਕੀਤੀ।
ਕਾਲਜ ਪ੍ਰਿੰਸੀਪਲ ਡਾ.ਕੁਲਵਿੰਦਰ ਸਿੰਘ ਸਰਾਂ ਨੇ ਮੁੱਖ ਮਹਿਮਾਨ ਪ੍ਰੋ.(ਡਾ਼) ਰਵਿੰਦਰ ਕੁਮਾਰ ਕੋਹਲੀ ਨੂੰ ਖੁਸ਼ ਆਮਦੀਦ ਕਹਿੰਦਿਆਂ ਉਹਨਾਂ ਦੀ ਬਹੁਪੱਖੀ ਸ਼ਖ਼ਸੀਅਤ ਬਾਰੇ ਜਾਣੂ ਕਰਵਾਇਆ ਅਤੇ ਨਾਲ ਹੀ ਉਹਨਾਂ ਨੂੰ ਕਾਲਜ ਦੀਆਂ ਵਿੱਦਿਅਕ ਅਤੇ ਸੱਭਿਆਚਾਰਕ ਗਤੀਵਿਧੀਆਂ ਬਾਰੇ ਵੀ ਜਾਣਕਾਰੀ ਦਿੱਤੀ। ਡਾ਼ ਕੋਹਲੀ ਨੇ ਆਪਣੇ ਸੰਬੋਧਨ ਵਿੱਚ ਨਿਮਰਤਾ, ਹਲੀਮੀ, ਦਇਆ, ਮਨੁੱਖੀ ਭਾਈਚਾਰੇ ਨੂੰ ਪਹਿਲ ਦੇਣ ਦੀ ਪੁਰਜ਼ੋਰ ਅਪੀਲ ਕੀਤੀ ਤੇ ਕਿਹਾ ਕਿ ਦੂਜਿਆਂ ਦਾ ਪਿੱਛਾ ਕਰਨ ਦੀ ਬਜਾਇ ਖੁਦ ਨਵੀਆਂ ਪੈੜਾਂ ਪਾਉਣ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ।
ਮੁੱਖ ਮਹਿਮਾਨ ਨੇ ਜਿੱਥੇ ਆਪਣੇ ਕਰ ਕਮਲਾਂ ਨਾਲ ਵਿਦਿਆਰਥੀਆਂ ਨੂੰ ਡਿਗਰੀਆਂ ਵੰਡੀਆਂ ਉਸ ਦੇ ਨਾਲ ਹੀ ਵਿੱਦਿਅਕ ਖੇਤਰ ਵਿਚ ਮੁਕਾਮ ਹਾਸਿਲ ਕਰਨ ਵਾਲੇ ਵਿਦਿਆਰਥੀਆਂ ਨੂੰ ਪ੍ਰਮਾਣ-ਪੱਤਰ ਅਤੇ ਤਮਗੇ ਦੇ ਕੇ ਸਨਮਾਨਿਤ ਕੀਤਾ।ਇਸ ਮੌਕੇ ਕਾਲਜ ਸਟਾਫ਼ ਦੇ ਉਹਨਾਂ ਮੈਂਬਰਾਂ ਨੂੰ ਵੀ ਸਨਮਾਨਿਤ ਕੀਤਾ ਗਿਆ ਜਿਨ੍ਹਾਂ ਨੇ ਕਾਲਜ ਪ੍ਰਤੀ ਆਪਣੀ ਪ੍ਰਤਿਬੱਧਤਾ ਅਤੇ ਜ਼ਿੰਮੇਵਾਰੀ ਨੂੰ ਬਾਖੂਬੀ ਨਿਭਾਇਆ ਹੈ।
ਡਾ.ਰਾਜਿੰਦਰ ਸਿੰਘ ਸੋਹਲ ਏ.ਆਈ.ਜੀ, ਪੰਜਾਬ ਪੁਲਿਸ ਨੇ ਹੋਣਹਾਰ ਵਿਦਿਆਰਥੀਆਂ ਨੂੰ ਮੁਬਾਰਕਬਾਦ ਦਿੱਤੀ। ਮੁੱਖ ਮਹਿਮਾਨ ਪ੍ਰੋ.(ਡਾ.) ਰਵਿੰਦਰ ਕੁਮਾਰ ਕੋਹਲੀ ਨੇ ਕਾਲਜ ਪ੍ਰਬੰਧਕ ਕਮੇਟੀ ਅਤੇ ਸਟਾਫ਼ ਦੁਆਰਾ ਕਾਲਜ ਪ੍ਰਤੀ ਨਿੱਠ ਕੇ ਕੀਤੀ ਮਿਹਨਤ ਦੀ ਸਰਾਹਨਾ ਕੀਤੀ ਅਤੇ ਕੁੱਝ ਪ੍ਰੇਰਨਾ ਦਾਇਕ ਕਹਾਣੀਆਂ ਦੀ ਉਦਾਹਰਣ ਦਿੰਦੇ ਹੋਏ ਕਿਹਾ ਕਿ ਆਤਮ ਵਿਸ਼ਵਾਸ ਜੇਕਰ ਸਾਡੇ ਵਿੱਚ ਹੈ ਤਾਂ ਅਸੀਂ ਕੁੱਝ ਵੀ ਹਾਸਿਲ ਕਰ ਸਕਦੇ ਹਾਂ।ਅਸਿ.ਪ੍ਰੋ.ਵਨੀਤਾ ਰਾਣੀ ਨੇ ਪ੍ਰੋਗਰਾਮ ਦੀ ਅਗਵਾਈ ਕੀਤੀ ਅਤੇ ਮੰਚ ਸੰਚਾਲਕ ਦੀ ਭੂਮਿਕਾ ਅਸਿ.ਪ੍ਰੋ.ਮਨਜਿੰਦਰ ਸਿੰਘ ਨੇ ਨਿਭਾਈ।ਡਾ.ਰਜਿੰਦਰ ਸਿੰਘ ਸੋਹਲ ਨੇ ਮੁੱਖ ਮਹਿਮਾਨ ਅਤੇ ਸਮੂਹ ਵਿਦਿਆਰਥੀਆਂ ਦਾ ਧੰਨਵਾਦ ਕੀਤਾ।