ਜਲੰਧਰ ਜਿੱਤ ਭਗਵੰਤ ਮਾਨ ਸਰਕਾਰ ਦੀਆਂ ਨੀਤੀਆਂ ਉਤੇ ਮੋਹਰ : ਗੁਰਮੇਲ ਸਿੱਧੂ
ਚੰਡੀਗੜ੍ਹ, 13 ਮਈ
ਜਲੰਧਰ ਜ਼ਿਮਨੀ ਚੋਣ ਵਿੱਚ ਹੋਈ ਜਿੱਤ ਭਗਵੰਤ ਮਾਨ ਸਰਕਾਰ ਦੀਆਂ ਲੋਕ ਹਿਤੈਸ਼ੀ ਨੀਤੀਆਂ ਉਤੇ ਮੋਹਰ ਲੱਗੀ ਹੈ ਅਤੇ ਆਮ ਆਦਮੀ ਪਾਰਟੀ ਨੇ 2024 ਵਿੱਚ ਹੋਣ ਜਾ ਰਹੀਆਂ ਲੋਕ ਸਭਾ ਚੋਣਾਂ ਦਾ ਸੈਮੀ ਫਾਈਨਲ ਮੈਚ ਜਿੱਤ ਲਿਆ ਹੈ। ਇਸ ਦੇ ਨਾਲ ਹੀ ਜਲੰਧਰ ਹਲਕੇ ਦੇ ਲੋਕਾਂ ਨੇ ਵਿਰੋਧੀ ਪਾਰਟੀਆਂ ਨੂੰ ਕਰਾਰੀ ਹਾਰ ਦੇ ਕੇ ਸ਼ੀਸ਼ਾ ਦਿਖਾ ਦਿੱਤਾ ਹੈ।
ਉਕਤ ਵਿਚਾਰਾਂ ਦਾ ਪ੍ਰਗਟਾਵਾ ਆਮ ਆਦਮੀ ਪਾਰਟੀ ਦੇ ਮੁਲਾਜ਼ਮ ਵਿੰਗ ਦੇ ਸੂਬਾ ਸੀਨੀਅਰ ਮੀਤ ਪ੍ਰਧਾਨ ਗੁਰਮੇਲ ਸਿੰਘ ਸਿੱਧੂ ਨੇ ਅੱਜ ਇੱਥੇ ਜਾਰੀ ਇੱਕ ਪ੍ਰੈੱਸ ਬਿਆਨ ਰਾਹੀਂ ਕੀਤਾ। ਉਨ੍ਹਾਂ ਕਿਹਾ ਕਿ ਮਾਨ ਸਰਕਾਰ ਨੇ ਲੋਕਪੱਖੀ ਕੰਮ ਕਰਕੇ ਨਵੇਂ ਕੀਰਤੀਮਾਨ ਸਿਰਜੇ ਹਨ ਜਿਵੇਂ ਕਿ ਕਿਸਾਨਾਂ ਮੌਸਮੀ ਮਾਰ ਕਰਕੇ ਮੁਆਵਜ਼ਾ ਦੇਣਾ, ਮੂੰਗੀ ਦੀ ਫ਼ਸਾਲ ’ਤੇ ਐਮ.ਐਸ.ਪੀ., ਨਹਿਰੀ ਪਾਣੀ ’ਤੇ ਪਹਿਰਾ, ਗੰਨੇ ਦੀ ਪਿਛਲੀ ਪੂਰੀ ਅਦਾਇਗੀ ਦੇਸ਼ ਭਰ ਵਿੱਚੋਂ ਗੰਨੇ ਦਾ ਸਭ ਤੋਂ ਵੱਧ ਭਾਅ, ਫਸਲਾਂ ਦੀ ਮੰਡੀਆਂ ਵਿੱਚੋਂ ਚੁਕਵਾਈ, 29 ਹਜ਼ਾਰ ਮੁਲਾਜ਼ਮਾਂ ਦੀ ਨਵੀਂ ਸਰਕਾਰੀ ਭਰਤੀ ਬਿਨਾ ਸਿਫਾਰਿਸ਼ ਤੇ ਬਿਨਾ ਰਿਸ਼ਵਤ, ਸੂਬੇ ਵਿੱਚ ਰਿਸ਼ਵਤ ਨੂੰ ਨੱਥ, ਬਿਜਲੀ ਦੇ ਬਿਲ ਮੁਆਫ਼, ਸਮੁੱਚੇ ਵਿਭਾਗਾਂ ਦੇ ਦਫ਼ਤਰੀ ਕੰਮਾਂ ਵਿੱਚ ਤੇਜ਼ੀ, ਉਦਯੋਗ ਨੂੰ ਨਵੀਂ ਨੀਤੀਆਂ ਤਹਿਤ ਉਤਸ਼ਾਹਿਤ ਕਰਨਾ, ਵਿੱਦਿਆ ਦੇ ਖੇਤਰ ਵਿੱਚ ਕ੍ਰਾਂਤੀਕਾਰੀ ਸ਼ੁਰੂਆਤ, ਸਿਹਤ ਵਿਭਾਗ ਨੂੰ ਪਹਿਲ, ਲੋਕਾਂ ਲਈ ਸਰਕਾਰੀ ਖੱਡਾਂ ਵਿੱਚੋਂ ਮਾਈਨਿੰਗ, ਬੇਲੋੜੇ ਲੁੱਟ ਕੇਂਦਰ ਟੋਲ ਬੰਦ ਕਰਨੇ, ਕੱਚੇ ਮੁਲਾਜ਼ਮ ਪੱਕੇ ਕਰਨੇ, ਰਜਿਸਟਰੀ ਦਰਾਂ ਘੱਟ ਕਰਨਾ, ਵਿਧਾਇਕਾਂ ਲਈ ਸਿਰਫ਼ ਇੱਕ ਪੈਨਸ਼ਨ, ਨਵੀਂ ਖੇਤੀ ਨੀਤੀ ਅਤੇ ਕਿਸਾਨ ਮਿਲਣੀ ਦਾ ਆਯੋਜਨ, ਮੁਲਾਜ਼ਮ ਬਦਲੀਆਂ ਵਿੱਚੋਂ ਭ੍ਰਿਸ਼ਟਾਚਾਰ ਖ਼ਤਮ ਆਦਿ ਅਨੇਕਾਂ ਲੋਕ ਪੱਖੀ ਕੰਮਾਂ ਦੀ ਲੰਬੀ ਸੂਚੀ ਹੈ।
ਸ੍ਰ. ਸਿੱਧੂ ਨੇ ਜਲੰਧਰ ਜ਼ਿਮਨੀ ਚੋਣ ਜਿੱਤ ਦੀ ਜਿੱਥੇ ਸਮੁੱਚੇ ਵਰਕਰਾਂ ਨੂੰ ਵੀ ਵਧਾਈ ਦਿੱਤੀ ਹੈ, ਉਥੇ ਹੀ ਵਿੱਤ ਮੰਤਰੀ ਐਡਵੋਕੇਟ ਹਰਪਾਲ ਸਿੰਘ ਚੀਮਾ ਨੂੰ ਬਤੌਰ ਇੰਚਾਰਜ ਇਸ ਜਿੱਤ ਲਈ ਵਧਾਈ ਦਿਤੀ।