ਪੰਜਾਬ
ਰਾਜੇਸ਼ ਬਾਘਾ ਨੇ ਬੀਤੇ ਦਿਨੀਂ ਸ੍ਰੀ ਖੁਰਾਲਗੜ ਸਾਹਿਬ ‘ਚ ਵਾਪਰੇ ਹਾਦਸੇ ਦੌਰਾਨ ਹੋਏ ਜ਼ਖਮੀਆਂ ਦਾ ਹਸਪਤਾਲ ਪੁੱਜ ਜਾਣਿਆ ਹਾਲਚਾਲ
ਚੰਡੀਗੜ੍ਹ, 23 ਮਈ ( ) : ਭਰਾਤੀ ਜਨਤਾ ਪਾਰਟੀ ਪੰਜਾਬ ਦੇ ਜਰਨਲ ਸਕੱਤਰ ਰਾਜੇਸ ਬਾਘਾ ਅਤੇ ਉਨ੍ਹਾਂ ਦੇ ਨਾਲ ਸ੍ਰੀਮਤੀ ਲਖਵਿੰਦਰ ਕੌਰ ਗਰਚਾ, ਅਸ਼ੋਕ ਬਾਠ ਜ਼ਿਲ੍ਹਾ ਪ੍ਰਧਾਨ ਨਵਾਂਸ਼ਹਿਰ ਭਾਜਪਾ, ਸਾਬਕਾ ਜ਼ਿਲਾ ਪ੍ਰਧਾਨ ਡਾ. ਪੂਨਮ ਮਾਣਿਕ, ਰਾਮ ਜੀ ਦਾਸ ਨੇ ਬੀਤੇ ਦਿਨੀਂ ਸ੍ਰੀ ਖੁਰਾਲਗੜ ਸਾਹਿਬ ਮੱਥਾ ਟੇਕਣ ਜਾ ਰਹੀ ਸੰਗਤ ਨਾਲ ਵਾਪਰੇ ਦਰਦਨਾਕ ਹਾਦਸੇ ਦੇ ਜ਼ਖਮੀ ਸ਼ਰਧਾਲੂਆਂ ਦਾ ਸਿਵਿਲ ਹਸਪਤਾਲ ਨਵਾਂਸ਼ਹਿਰ ਵਿਖੇ ਪੁੱਜ ਕੇ ਹਾਲਚਾਲ ਜਾਣਿਆ ਅਤੇ ਘਟਨਾ ਸੰਬੰਧੀ ਸਾਰੀ ਜਾਣਕਾਰੀ ਹਾਸਿਲ ਕੀਤੀ। ਉਹਨਾਂ ਇਸ ਘਟਨਾ ‘ਤੇ ਡੂੰਘੇ ਦੁੱਖ਼ ਦਾ ਪ੍ਰਗਟਾਵਾ ਕਰਦੇ ਹੋਏ ਤੇ ਹਰ ਸੰਭਵ ਮਦਦ ਦਾ ਭਰੋਸਾ ਦਿੱਤਾ। ਯਾਦ ਰਹੇ ਕਿ ਇਥੇ ਸੰਗਤ ਨੂੰ ਲਿਜਾ ਰਹੀ ਟਰੈਕਟਰ-ਟਰਾਲੀ ਪਲਟ ਗਈ ਸੀ ਅਤੇ ਇਸ ਦਰਦਨਾਕ ਹਾਦਸੇ ‘ਚ ਤਿੰਨ ਸ਼ਰਧਾਲੂਆਂ ਦੀ ਮੌਤ ਹੋ ਗਈ ਸੀ।
ਰਾਜੇਸ਼ ਬਾਘਾ ਨੇ ਪੰਜਾਬ ਦੇ ਮੁਖ ਮੰਤਰੀ ਭਗਵੰਤ ਸਿੰਘ ਮਾਨ ਤੋਂ ਮੰਗ ਕੀਤੀ ਕਿ ਇਸ ਹਾਦਸੇ ਵਿੱਚ ਆਪਣੀ ਜਾਣ ਗਵਾਉਣ ਵਾਲੇ ਹਰ ਮ੍ਰਿਤਕ ਦੇ ਪਰਿਵਾਰ ਨੂੰ 25-25 ਲੱਖ ਰੁਪਏ ਦੀ ਸਹਾਇਤਾ ਰਾਸ਼ੀ ਅਤੇ ਹਰ ਫੱਟੜ ਨੂੰ 5 ਲੱਖ ਰੁਪਏ ਦੀ ਸਹਾਇਤਾ ਰਾਸ਼ੀ ਦਿੱਤੀ ਜਾਵੇ। ਇਸ ਦੇ ਨਾਲ ਹੀ ਮ੍ਰਿਤਕਾਂ ਦੇ ਵਾਰਸਾਂ ਨੂੰ ਇਕ ਸਰਕਾਰੀ ਨੌਕਰੀ ਵੀ ਦਿੱਤੀ ਜਾਵੇ। ਬਾਘਾ ਨੇ ਕਿਹਾ ਕਿ ਬੜੇ ਦੁੱਖ਼ ਵਾਲੀ ਗੱਲ ਹੈ ਕਿ ਧਾਰਮਿਕ ਸਥਾਨਾਂ ‘ਤੇ ਜਾਣ ਵਾਲੀ ਸੰਗਤ ਬਿਲਕੁਲ ਵੀ ਸੁਰੱਖਿਅਤ ਨਹੀਂ ਹੈ। ਉਨ੍ਹਾਂ ਕਿਹਾ ਕਿ ਸ੍ਰੀ ਖੁਰਾਲਗੜ ਸਾਹਿਬ ਦੇ ਨੇੜੇ ਹੀ 30 ਬੈਡ ਦਾ ਕਮਿਊਨਟੀ ਹੈਲਥ ਸੈਂਟਰ ਹੋਣ ਦੇ ਬਾਵਜੂਦ ਅੱਜ ਲੋਕਾਂ ਦੇ ਕੰਮ ਨਹੀਂ ਆਇਆ। ਉਨ੍ਹਾਂ ਕਿਹਾ ਕਿ ਅਜਿਹਾ ਪਹਿਲੀ ਵਾਰ ਨਹੀਂ ਹੋਇਆ, ਇਸ ਤੋਂ ਪਹਿਲਾਂ ਵੀ ਜਦ ਵੀ ਕਦੀ ਇਸ ਇਲਾਕੇ ਵਿੱਚ ਕੋਈ ਸੜਕ ਹਾਦਸਾ ਵਾਪਰਦਾ ਹੈ ਤਾਂ ਇਹੋ ਕੁਝ ਹੁੰਦਾ ਹੈ। ਬਾਘਾ ਨੇ ਕਿਹਾ ਕਿ ਜਿਸ ਥਾਂ ‘ਤੇ ਅੱਜ ਇਹ ਹਾਦਸਾ ਵਾਪਰਿਆ ਉਸ ਦੀ ਉੱਚ ਪੱਧਰੀ ਜਾਂਚ ਹੋਣੀ ਚਾਹੀਦੀ ਹੈ।