ਪੰਜਾਬ

1173 ਕਿਲੋਮੀਟਰ ਲੰਬਾਈ ਵਾਲੇ 15 ਗਰੀਨਫੀਲਡ ਐਕਸਪ੍ਰੈਸ ਵੇਅ ਤੇ 436 ਕਿਲੋਮੀਟਰ ਲੰਬਾਈ ਵਾਲੇ 9 ਬਰਾਊਨਫੀਲਡ ਐਕਸਪ੍ਰੈਸ ਦੀ ਹੋਣੀ ਹੈ ਉਸਾਰੀ: ਵਿਜੈ ਕੁਮਾਰ ਜੰਜੂਆ

ਮੁੱਖ ਸਕੱਤਰ ਨੇ ਸੂਬੇ ਵਿੱਚ ਕੌਮੀ ਮਾਰਗਾਂ ਤੇ ਰੇਲਵੇ ਪ੍ਰਾਜੈਕਟਾਂ ਲਈ ਰਹਿੰਦੇ ਕੰਮ ਜਲਦ ਪੂਰਾ ਕਰਨ ਦੇ ਦਿੱਤੇ ਆਦੇਸ਼

ਮੁੱਖ ਸਕੱਤਰ ਨੇ ਉਚ ਅਧਿਕਾਰੀਆਂ ਤੇ ਸਮੂਹ ਡੀਸੀਜ਼ ਨਾਲ ਪ੍ਰਾਜੈਕਟਾਂ ਲਈ ਜ਼ਮੀਨ ਐਕਵਾਇਰ ਦੇ ਕੰਮ ਦੀ ਕੀਤੀ ਸਮੀਖਿਆ

ਚੰਡੀਗੜ, 25 ਮਈ

ਪੰਜਾਬ ਦੇ ਮੁੱਖ ਸਕੱਤਰ ਵਿਜੈ ਕੁਮਾਰ ਜੰਜੂਆ ਨੇ ਵੀਰਵਾਰ ਨੂੰ ਸੂਬੇ ਵਿੱਚ ਬਣਨ ਵਾਲੇ ਕੌਮੀ ਮਾਰਗਾਂ ਅਤੇ ਰੇਲਵੇ ਪ੍ਰਾਜੈਕਟਾਂ ਦੇ ਕੰਮ ਦੀ ਸਮੀਖਿਆ ਕਰਦੇ ਰਹਿੰਦੇ ਕੰਮ ਜਲਦ ਪੂਰਾ ਕਰਨ ਦੇ ਆਦੇਸ਼ ਦਿੱਤੇ। ਕੌਮੀ ਹਾਈਵੇਜ਼ ਅਥਾਰਟੀ (ਐਨ.ਐਚ.ਏ.ਆਈ.) ਦੇ ਚੱਲ ਰਹੇ ਪ੍ਰਾਜੈਕਟਾਂ ਦੀ ਸਮੀਖਿਆ ਕਰਦਿਆਂ ਸਮੂਹ ਡਿਪਟੀ ਕਮਿਸ਼ਨਰਾਂ ਨੂੰ ਜ਼ਮੀਨ ਐਕਵਾਇਰ ਦੀ ਪ੍ਰਕਿਰਿਆ ਤੁਰੰਤ ਮੁਕੰਮਲ ਕਰਨ ਅਤੇ ਸਬੰਧਤ ਵਿਅਕਤੀਆਂ ਨੂੰ ਮੁਆਵਜ਼ਾ ਅਦਾ ਕਰਨ ਤਾਂ ਜੋ ਮਾਰਗਾਂ ਦੀ ਉਸਾਰੀ ਸਮੇਂ ਸਿਰ ਹੋ ਸਕੇ।

ਅੱਜ ਇਥੇ ਸਬੰਧਤ ਵਿਭਾਗਾਂ ਦੇ ਉਚ ਅਧਿਕਾਰੀਆਂ, ਐਨ.ਐਚ.ਏ.ਆਈ. ਦੇ ਅਧਿਕਾਰੀਆਂ ਅਤੇ ਜ਼ਿਲਿਆਂ ਦੇ ਡਿਪਟੀ ਕਮਿਸ਼ਨਰਾਂ ਨਾਲ ਮੀਟਿੰਗ ਦੌਰਾਨ ਸ੍ਰੀ ਜੰਜੂਆ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਸੂਬੇ ਵਿੱਚ ਚੱਲ ਰਹੇ ਕੌਮੀ ਪ੍ਰਾਜੈਕਟਾਂ ਨੂੰ ਸਮੇਂ ਸਿਰ ਮੁਕੰਮਲ ਕਰਨ ਦੇ ਨਿਰਦੇਸ਼ਾਂ ਦੇ ਚੱਲਦਿਆਂ ਇਨ੍ਹਾਂ ਨੂੰ ਮੁਕੰਮਲ ਕੀਤਾ ਜਾਵੇ ਅਤੇ ਇਸ ਮਾਮਲੇ ਵਿੱਚ ਕੋਈ ਢਿੱਲ-ਮੱਠ ਬਰਦਾਸ਼ਤ ਨਹੀਂ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਸੂਬੇ ਦੇ ਕਿਸਾਨਾਂ ਨੂੰ ਮੁਆਵਜ਼ੇ ਦੇ ਰੂਪ ਵਿੱਚ 15 ਹਜ਼ਾਰ ਕਰੋੜ ਰੁਪਏ ਦੀ ਰਾਸ਼ੀ ਮਿਲਣੀ ਹੈ ਅਤੇ 40 ਹਜ਼ਾਰ ਕਰੋੜ ਰੁਪਏ ਦੀ ਲਾਗਤ ਦੀਆਂ ਸੜਕਾਂ ਦੀ ਉਸਾਰੀ ਹੋਣੀ ਹੈ। ਨਵੇਂ ਐਕਸਪ੍ਰੈਸ ਵੇਅ ਬਣਨ ਨਾਲ ਸੂਬੇ ਵਿੱਚ ਵਿਕਾਸ ਦੀ ਰਫਤਾਰ ਹੋਰ ਤੇਜ਼ ਹੋਵੇਗੀ ਅਤੇ ਨਿਵੇਸ਼ਕਾਂ ਨੂੰ ਵੱਡਾ ਹੁਲਾਰਾ ਮਿਲੇਗਾ।

ਮੁੱਖ ਸਕੱਤਰ ਨੇ ਜ਼ਿਲਾ ਵਾਰ ਸਮੀਖਿਆ ਕਰਦਿਆਂ ਹਰ ਪ੍ਰਾਜੈਕਟ ਦੇ ਅਸਲ ਕੰਮ ਦਾ ਜਾਇਜ਼ਾ ਲਿਆ ਅਤੇ ਇਨ੍ਹਾਂ ਨੂੰ ਮੁਕੰਮਲ ਕਰਨ ਦੇ ਨਿਰਦੇਸ਼ ਦਿੱਤੇ। ਇਸ ਦੌਰਾਨ ਜਿਹੜੇ ਵਿਭਾਗ ਨਾਲ ਸਬੰਧਤ ਕੋਈ ਦਿੱਕਤ ਆਉਂਦੀ ਸੀ ਤਾਂ ਉਸ ਨੂੰ ਇਹ ਦੂਰ ਕਰਨ ਲਈ ਆਖਿਆ। ਉਨ੍ਹਾਂ ਮਾਲ ਵਿਭਾਗ ਤੇ ਡਿਪਟੀ ਕਮਿਸ਼ਨਰਜ਼ ਨੂੰ ਲੋੜ ਮੁਤਾਬਕ ਅਧਿਕਾਰੀਆਂ ਦੀ ਤਾਇਨਾਤੀ ਕਰਨ ਅਤੇ ਐਨ.ਐਚ.ਏ.ਆਈ. ਨੂੰ ਉਨ੍ਹਾਂ ਨਾਲ ਸਬੰਧਤ ਬਚੇ ਕੰਮਾਂ ਨੂੰ ਪੂਰਾ ਕਰਨ ਲਈ ਵੀ ਆਖਿਆ।

ਸ੍ਰੀ ਜੰਜੂਆ ਨੇ ਅੱਗੇ ਦੱਸਿਆ ਕਿ ਸੂਬੇ ਵਿੱਚ 15 ਗਰੀਨਫੀਲਡ ਐਕਸਪ੍ਰੈਸ ਵੇਅ ਬਣ ਰਹੇ ਹਨ ਜਿਨਾਂ ਦੀ ਲੰਬਾਈ 1173 ਕਿਲੋਮੀਟਰ ਹੈ ਅਤੇ 9 ਬਰਾਊਨਫੀਲਡ ਐਕਸਪ੍ਰੈਸ 436 ਕਿਲੋਮੀਟਰ ਦੀ ਲੰਬਾਈ ਦੇ ਬਣ ਰਹੇ ਹਨ। ਇਨ੍ਹਾਂ ਵਿੱਚ ਦਿੱਲੀ-ਅੰਮ੍ਰਿਤਸਰ-ਕੱਟੜਾ ਐਕਸਪ੍ਰੈਸ ਵੇਅ, ਅੰਮ੍ਰਿਤਸਰ-ਬਠਿੰਡਾ, ਲੁਧਿਆਣਾ-ਬਠਿੰਡਾ, ਮੁਹਾਲੀ-ਬਠਿੰਡਾ ਅਤੇ ਲੁਧਿਆਣਾ-ਰੋਪੜ, ਜਲੰਧਰ ਬਾਈਪਾਸ, ਅੰਮ੍ਰਿਤਸਰ ਬਾਈਪਾਸ, ਮੁਹਾਲੀ ਬਾਈਪਾਸ ਤੇ ਲੁਧਿਆਣਾ ਬਾਈਪਾਸ ਪ੍ਰਮੁੱਖ ਹਨ। ਮੀਟਿੰਗ ਵਿੱਚ ਟ੍ਰੈਫਿਕ ਪੁਲਿਸ ਵੱਲੋਂ ਉਠਾਏ ਮੁੱਦੇ ਉਤੇ ਮੁੱਖ ਸਕੱਤਰ ਨੇ ਅਥਾਰਟੀ ਅਧਿਕਾਰੀਆਂ ਨੂੰ ਆਖਿਆ ਕਿ ਨਵੇਂ ਮਾਰਗਾਂ ਵਿੱਚ ਟ੍ਰੈਫਿਕ ਦੀ ਵਿਵਸਥਾ ਸਥਾਨਕ ਲੋੜਾਂ ਨੂੰ ਦੇਖਦਿਆਂ ਕੀਤੀ ਜਾਵੇ ਤਾਂ ਜੋ ਬਾਅਦ ਵਿੱਚ ਲੋਕਾਂ ਨੂੰ ਮੁਸ਼ਕਲ ਨਾ ਆਵੇ।

ਮੀਟਿੰਗ ਵਿੱਚ ਵਿੱਤ ਕਮਿਸ਼ਨਰ ਮਾਲ ਕੇ.ਏ.ਪੀ.ਸਿਨਹਾ, ਵਧੀਕ ਮੁੱਖ ਸਕੱਤਰ ਜੰਗਲਾਤ ਵਿਕਾਸ ਗਰਗ, ਸਕੱਤਰ ਲੋਕ ਨਿਰਮਾਣ ਨੀਲ ਕੰਠ ਅਵਧ, ਐਨ.ਐਚ.ਏ.ਆਈ. ਦੇ ਸਲਾਹਕਾਰ ਹੁਸਨ ਲਾਲ, ਏ.ਡੀ.ਜੀ.ਪੀ. ਲਾਅ ਐਂਡ ਆਰਡਰ ਅਰਪਿਤ ਸ਼ੁਕਲਾ, ਏ.ਡੀ.ਜੀ.ਪੀ. ਟ੍ਰੈਫਿਕ ਏ.ਐਸ.ਰਾਏ, ਡਿਵੀਜ਼ਨਲ ਕਮਿਸ਼ਨਰ ਜਲੰਧਰ ਗੁਰਪ੍ਰੀਤ ਕੌਰ ਸਪਰਾ, ਡਿਵੀਜ਼ਨਲ ਕਮਿਸ਼ਨਰ ਰੋਪੜ ਇੰਦੂ ਮਲਹੋਤਰਾ ਤੇ ਐਨ.ਐਚ.ਆਰ.ਆਈ. ਦੇ ਪ੍ਰਾਜੈਕਟ ਡਾਇਰੈਕਟਰ ਵੀ ਹਾਜ਼ਰ ਸਨ। ਇਸ ਤੋਂ ਇਲਾਵਾ ਸਬੰਧਤ ਜ਼ਿਲ੍ਹਿਆਂ ਦੇ ਡਿਪਟੀ ਕਮਿਸ਼ਨਰ ਵੀਡਿਓ ਕਾਨਫਰੰਸਿੰਗ ਰਾਹੀਂ ਹਾਜ਼ਰ ਹੋਏ।

Related Articles

Leave a Reply

Your email address will not be published. Required fields are marked *

Back to top button
error: Content is protected with Update Punjab Dot Com!!