ਪੰਜਾਬ
ਮੁਲਾਜ਼ਮ ਆਗੂਆਂ ਵੱਲੋਂ ਆਮ ਆਦਮੀ ਪਾਰਟੀ ਦੇ ਕਾਰਜਕਾਰੀ ਪ੍ਰਧਾਨ ਦਾ ਸਵਾਗਤ
ਚੰਡੀਗੜ੍ਹ, 16 ਜੂਨ:
ਆਮ ਆਦਮੀ ਪਾਰਟੀ ਦੀ ਹਾਈਕਮਾਂਡ ਵੱਲੋਂ ਹਲਕਾ ਬੁਢਲਾਡਾ ਦੇ ਵਿਧਾਇਕ ਪ੍ਰਿੰ. ਬੁੱਧ ਰਾਮ ਨੂੰ ਪਾਰਟੀ ਦਾ ਸੂਬਾ ਕਾਰਜਕਾਰੀ ਪ੍ਰਧਾਨ ਲਗਾਏ ਜਾਣ ਦੀ ਮੁਲਾਜ਼ਮ ਆਗੂਆਂ ਵੱਲੋਂ ਖੁਸ਼ੀ ਮਨਾਈ ਗਈ।
ਐਮ.ਐਲ.ਏ. ਹੋਸਟਲ ਵਿਖੇ ਪਹੁੰਚੇ ਮੁਲਾਜ਼ਮ ਆਗੂਆਂ ਵਿੱਚ ਸਾਬਕਾ ਪਿਸਕਾ ਪ੍ਰਧਾਨ ਜਗਦੇਵ ਕੌਲ, ਗੁਰਮੀਤ ਸਿੰਘ ਮਨੌਲੀ, ਪੰਚਾਇਤ ਵਿਭਾਗ ਤੋਂ ਮੁਲਾਜ਼ਮ ਆਗੂ ਜਸਵੀਰ ਸਿੰਘ ਅਤੇ ਖੇਤੀਬਾੜੀ ਵਿਭਾਗ ਤੋਂ ਅਮਿਤ ਕਟੋਚ ਆਦਿ ਨੇ ਨਵੇਂ ਕਾਰਜਕਾਰੀ ਪ੍ਰਧਾਨ ਦਾ ਫੁੱਲਾਂ ਦੇ ਬੁੱਕਿਆਂ ਨਾਲ ਸਵਾਗਤ ਕੀਤਾ ਅਤੇ ਲੱਡੂਆਂ ਨਾਲ ਮੂੰਹ ਮਿੱਠਾ ਕਰਵਾਇਆ।
ਇਸੇ ਦੌਰਾਨ ਆਮ ਆਦਮੀ ਪਾਰਟੀ ਦੇ ਮੁਲਾਜ਼ਮ ਵਿੰਗ ਦੇ ਸੂਬਾ ਸੀਨੀਅਰ ਮੀਤ ਪ੍ਰਧਾਨ ਗੁਰਮੇਲ ਸਿੰਘ ਸਿੱਧੂ, ਸਲਾਹਕਾਰ ਦਰਸ਼ਨ ਸਿੰਘ ਨੇ ਕ੍ਰਮਵਾਰ ਨਿਊਜ਼ੀਲੈਂਡ ਅਤੇ ਕੈਨੇਡਾ ਤੋਂ ਵਧਾਈ ਦਿੰਦਿਆਂ ਕਿਹਾ ਕਿ ਉੱਚ ਕੋਟੀ ਦੀ ਵਿਦਵਤਾ ਵਾਲੇ ਵਿਧਾਇਕ ਪ੍ਰਿੰ. ਬੁੱਧ ਰਾਮ ਹਲਕਾ ਬੁਢਲਾਡਾ ਤੋਂ ਲਗਾਤਾਰ ਦੂਜੀ ਵਾਰ ਭਾਰੀ ਬਹੁਮਤ ਨਾਲ ਜੇਤੂ ਰਹੇ ਹਨ। ਉਹ ਚੋਣਾਂ ਤੋਂ ਪਹਿਲਾਂ ਪਾਰਟੀ ਦੀ ਕੋਰ ਕਮੇਟੀ ਦੇ ਲੰਬਾ ਸਮਾਂ ਚੇਅਰਮੈਨ ਵੀ ਰਹੇ। ਉਨ੍ਹਾਂ ਦੀ ਅਗਵਾਈ ਵਿੱਚ ਪਾਰਟੀ ਦਾ ਜਥੇਬੰਦਕ ਢਾਂਚਾ ਹੋਰ ਮਜ਼ਬੂਤ ਹੋਵੇਗਾ।
ਉਨ੍ਹਾਂ ਕਿਹਾ ਕਿ ਹੋਰਨਾਂ ਰਵਾਇਤੀ ਰਾਜਨੀਤਕ ਪਾਰਟੀਆਂ ਨੇ ਹਲਕਾ ਬੁਢਲਾਡਾ ਅਤੇ ਜ਼ਿਲ੍ਹਾ ਮਾਨਸਾ ਨੂੰ ਹਮੇਸ਼ਾਂ ਵਿਸਾਰ ਕੇ ਹੀ ਰੱਖਿਆ ਜਦਕਿ ਆਮ ਆਦਮੀ ਪਾਰਟੀ ਨੇ ਇਹ ਰਵਾਇਤ ਤੋੜ ਕੇ ਅਹੁਦੇਦਾਰੀ ਬਖਸ਼ੀ। ਮੁਲਾਜ਼ਮ ਆਗੂਆਂ ਨੇ ਉਮੀਦ ਜਤਾਈ ਕਿ ਪ੍ਰਿੰਸੀਪਲ ਬੁੱਧ ਰਾਮ ਖ਼ੁਦ ਮੁਲਾਜ਼ਮ ਪਰਿਵਾਰ ਦੇ ਮੁਖੀ ਅਤੇ ਪੈਨਸ਼ਨਰ ਹਨ ਅਤੇ ਉਮੀਦ ਹੈ ਕਿ ਮੁਲਾਜ਼ਮ ਵਰਗ ਦੇ ਮਸਲਿਆਂ ਨੂੰ ਪਹਿਲ ਦੇਣਗੇ।