ਪੰਜਾਬ

ਪੰਜਾਬ ਪੁਲਿਸ ਵੱਲੋਂ ਬਿਹਾਰ ਪੁਲਿਸ ਅਤੇ ਕੇਂਦਰੀ ਏਜੰਸੀਆਂ ਦੇ ਨਾਲ ਸਾਂਝੀ ਕਾਰਵਾਈ ਤਹਿਤ ਮੋਗਾ ਜਵੈਲਰ ਕਤਲ ਕਾਂਡ ਵਿੱਚ ਸ਼ਾਮਿਲ ਚਾਰ ਦੋਸ਼ੀ ਗਿ੍ਰਫਤਾਰ

- ਪੁਲਿਸ ਟੀਮਾਂ ਨੇ ਮੁਲਜ਼ਮਾਂ ਕੋਲੋਂ ਮੌਕਾ ਵਾਰਦਾਤ ’ਤੇ  ਵਰਤੇ ਦੋ ਪਿਸਤੌਲ ਅਤੇ ਮਿ੍ਰਤਕ ਜੌਹਰੀ ਦਾ ਇੱਕ ਲਾਇਸੈਂਸੀ ਰਿਵਾਲਵਰ ਵੀ ਕੀਤਾ ਬਰਾਮਦ


– ਮੁੱਖ ਮੰਤਰੀ ਭਗਵੰਤ ਮਾਨ ਦੇ ਨਿਰਦੇਸ਼ਾਂ ਅਨੁਸਾਰ ਪੰਜਾਬ ਪੁਲਿਸ ਸੂਬੇ ਵਿੱਚੋਂ ਅਪਰਾਧਿਕ ਨੈੱਟਵਰਕਾਂ ਨੂੰ ਨੇਸਤੇ-ਨਾਬੂਤ ਕਰਨ ਲਈ ਵਚਨਬੱਧ

– ਪੰਜਵੇਂ ਦੋਸ਼ੀ ਦੀ ਵੀ ਕਰ ਲਈ ਹੈ ਸ਼ਨਾਖ਼ਤ  , ਪੁਲਿਸ  ਟੀਮਾਂ ਵੱਲੋਂ ਉਕਤ ਪੰਜਵੇਂ ਦੋਸ਼ੀ ਨੂੰ ਕਾਬੂ ਕਰਨ ਲਈ ਛਾਪੇਮਾਰੀ ਜਾਰੀ: ਡੀਜੀਪੀ ਗੌਰਵ ਯਾਦਵ

ਚੰਡੀਗੜ/ਮੋਗਾ, 18 ਜੂਨ:

ਮੁੱਖ ਮੰਤਰੀ ਭਗਵੰਤ ਮਾਨ ਦੇ ਦਿਸ਼ਾ-ਨਿਰਦੇਸ਼ਾਂ ‘ਤੇ ਸਮਾਜ ਵਿਰੋਧੀ ਅਨਸਰਾਂ ਵਿਰੁੱਧ ਵਿੱਢੀ ਮੁਹਿੰਮ ਤਹਿਤ ਵੱਡੀ ਸਫਲਤਾ ਦਰਜ ਕਰਦਿਆਂ ਪੰਜਾਬ ਪੁਲਿਸ ਦੀ ਗੈਂਗਸਟਰ ਵਿਰੋਧੀ ਟਾਸਕ ਫੋਰਸ (ਏਜੀਟੀਐਫ) ਅਤੇ ਮੋਗਾ ਪੁਲਿਸ ਨੇ ਬਿਹਾਰ ਪੁਲਿਸ ਤੇ ਕੇਂਦਰੀ ਏਜੰਸੀਆਂ ਦੇ ਸਹਿਯੋਗ ਨਾਲ ਚਲਾਏ  ਸਾਂਝੇ ਅਪਰੇਸ਼ਨ ਤਹਿਤ  ਮੋਗਾ ਜਵੈਲਰ ਕਤਲ ਕੇਸ ਵਿੱਚ ਸ਼ਾਮਲ 4 ਦੋਸ਼ੀਆਂ ਨੂੰ ਗਿਰਫਤਾਰ ਕਰਕੇ ਉਕਤ ਕਤਲ ਕਾਂਡ ਦੀ ਗੁੱਥੀ ਸੁਲਝਾ ਲਈ ਹੈ ।

ਇਹ ਜਾਣਕਾਰੀ ਦਿੰਦਿਆਂ ਡੀਜੀਪੀ ਪੰਜਾਬ ਗੌਰਵ ਯਾਦਵ ਨੇ ਐਤਵਾਰ ਨੂੰ ਇੱਥੇ ਦੱਸਿਆ ਕਿ ਕਤਲ ਨੂੰ ਅੰਜਾਮ ਦੇਣ ਵਾਲਿਆਂ ਵਿੱਚ ਸ਼ਾਮਲ 3 ਦੋਸ਼ੀਆਂ ਨੂੰ ਪਟਨਾ , ਬਿਹਾਰ  ਤੋਂ ਅਤੇ ਇੱਕ ਦੋਸ਼ੀ ਨੂੰ ਨਾਂਦੇੜ , ਮਹਾਂਰਾਸ਼ਟਰ ਤੋਂ ਗਿਰਫਤਾਰ ਕੀਤਾ ਹੈ।

ਪ੍ਰਾਪਤ ਜਾਣਕਾਰੀ ਅਨੁਸਾਰ 12 ਜੂਨ 2023 ਨੂੰ ਮੋਗਾ ਵਿੱਚ ਪੰਜ ਅਣਪਛਾਤੇ ਵਿਅਕਤੀਆਂ ਨੇ ਇੱਕ ਸਵਰਨਕਾਰੀ (ਜਿਊਲਰੀ) ਦੁਕਾਨ ਦੇ ਮਾਲਕ ਪਰਮਿੰਦਰ ਸਿੰਘ ਨੂੰ ਗੋਲੀਆਂ ਮਾਰ ਕੇ ਮੌਤ ਦੇ ਘਾਟ ਉਤਾਰ ਦਿੱਤਾ ਸੀ ਅਤੇ ਉਸ ਦੀ ਦੁਕਾਨ ‘ਏਸ਼ੀਆ ਜਵੈਲਰਜ਼’ ਚੋਂ ਬੰਦੂਕ ਦੀ ਨੋਕ ‘ਤੇ ਸੋਨੇ ਦੇ ਗਹਿਣੇ ਲੁੱਟ ਲਏ ਸਨ। ਗ਼ੌਰਤਲਬ ਹੈ ਕਿ ਮੌਕਾ ਵਾਰਦਾਤ  ਤੋਂ ਫਰਾਰ ਹੋਣ ਤੋਂ ਪਹਿਲਾਂ ਦੋਸ਼ੀਆਂ ਨੇ ਮਿ੍ਰਤਕ ਪਰਮਿੰਦਰ ਸਿੰਘ ਤੋਂ ਉਸਦਾ ਲਾਇਸੈਂਸੀ ਰਿਵਾਲਵਰ ਵੀ ਖੋਹ ਲਿਆ ਸੀ ।

ਡੀਜੀਪੀ ਗੌਰਵ ਯਾਦਵ ਨੇ ਦੱਸਿਆ ਕਿ ਤਿੰਨ ਮੁਲਜਮਾਂ ਜਿੰਨਾਂ ਦੀ ਪਛਾਣ ਰਾਜਵਿੰਦਰ ਸਿੰਘ ਉਰਫ ਮੰਗਾ ਉਰਫ ਰਾਜੂ ਵਾਸੀ ਮੋਗਾ, ਰਾਜਵੀਰ ਸਿੰਘ ਉਰਫ ਅਵਿਨਾਸ਼ ਸਿੰਘ ਵਾਸੀ ਬਿਹਾਰ ਅਤੇ ਵਰੁਣ ਜੈਜ਼ੀ ਉਰਫ ਵਾਨੂ ਵਾਸੀ ਜਲੰਧਰ  ਵਜੋਂ ਹੋਈ , ਨੂੰ ਬਿਹਾਰ ਦੇ ਪਟਨਾ ਤੋਂ ਗਿ੍ਰਫਤਾਰ ਕੀਤਾ ਗਿਆ ਹੈ। ਜਦਕਿ ਚੌਥੇ ਮੁਲਜ਼ਮ , ਜਿਸਦੀ ਪਛਾਣ ਗੁਰਪ੍ਰੀਤ ਸਿੰਘ ਉਰਫ ਗੋਪੀ ਵਜੋਂ ਹੋਈ ਹੈ, ਨੂੰ ਮਹਾਰਾਸ਼ਟਰ ਦੇ ਜ਼ਿਲਾ ਨਾਂਦੇੜ ਤੋਂ ਗਿ੍ਰਫਤਾਰ ਕੀਤਾ ਗਿਆ ਹੈ।

ਉਨਾਂ ਦੱਸਿਆ ਕਿ ਪੁਲਿਸ ਟੀਮਾਂ ਵੱਲੋਂ ਵਾਰਦਾਤ ਦੌਰਾਨ ਵਰਤੇ ਗਏ ਦੋ ਪਿਸਤੌਲ, ਜਿਨਾਂ ਵਿੱਚ ਇੱਕ .315 ਬੋਰ (ਦੇਸੀ ) ਅਤੇ ਇੱਕ .32 ਬੋਰ ਪਿਸਤੌਲ ਸਮੇਤ ਜਿੰਦਾ ਕਾਰਤੂਸ ਬਰਾਮਦ ਕੀਤੇ ਹਨ।  ਉਨਾ ਦੱਸਿਆ ਕਿ ਪੁਲੀਸ ਨੇ ਮੁਲਜਮਾਂ ਕੋਲੋਂ ਮਿ੍ਰਤਕ ਪਰਮਿੰਦਰ ਸਿੰਘ ਦਾ ਲਾਇਸੈਂਸੀ ਰਿਵਾਲਵਰ ਵੀ ਬਰਾਮਦ ਕੀਤਾ  ਹੈ।

ਡੀਜੀਪੀ ਨੇ ਦੱਸਿਆ ਕਿ ਮੁੱਢਲੀ ਜਾਂਚ ਤੋਂ ਪਤਾ ਲੱਗਾ ਹੈ ਕਿ ਸਾਰੇ ਮੁਲਜ਼ਮ ਜੁਰਾਇਮ-ਪੇਸ਼ਾ( ਹਿਸਟਰੀ ਸ਼ੀਟਰ) ਹਨ ਅਤੇ ਇਨਾਂ ਖ਼ਿਲਾਫ਼ ਪੰਜਾਬ ਅਤੇ ਬਿਹਾਰ ਰਾਜ ਵਿੱਚ ਡਕੈਤੀ, ਚੋਰੀ, ਅਸਲਾ ਐਕਟ, ਐਨਡੀਪੀਐਸ ਐਕਟ ਆਦਿ ਦੇ ਅਪਰਾਧਿਕ ਮਾਮਲੇ ਦਰਜ ਹਨ। ਉਨਾਂ ਦੱਸਿਆ ਕਿ ਮੁਲਜ਼ਮ ਰਾਜਵੀਰ ਇਸ ਤੋਂ ਪਹਿਲਾਂ ਜਲੰਧਰ ਦੀ ਅਦਾਲਤ ਵਿੱਚ ਪੇਸ਼ੀ ਦੌਰਾਨ ਪੁਲੀਸ ਹਿਰਾਸਤ ਵਿੱਚੋਂ ਭੱਜ ਗਿਆ ਸੀ ਅਤੇ ਉਦੋਂ ਤੋਂ ਹੀ ਫਰਾਰ ਸੀ।

ਉਨਾਂ ਕਿਹਾ ਕਿ ਪੁਲਿਸ ਨੇ ਪੰਜਵੇਂ ਦੋਸ਼ੀ ਗੋਲੂ ਵਾਸੀ ਪਟਨਾ, ਬਿਹਾਰ ਦੀ ਵੀ ਸ਼ਨਾਖ਼ਤ ਕਰ ਲਈ ਹੈ ਅਤੇ ਬੜੀ ਮੁਸਤੈਦੀ ਨਾਲ ਪੁਲਿਸ ਦੀਆਂ ਕਈ ਟੀਮਾਂ ਉਸ ਨੂੰ ਫੜਨ ਲਈ ਛਾਪੇਮਾਰੀ ਕਰ ਰਹੀਆਂ ਹਨ। ਉਨਾਂ ਕਿਹਾ ਕਿ ਜਲਦ ਹੀ ਫ਼ਰਾਰ ਮੁਲਜ਼ਮ ਜੇਲ ਦੀਆਂ ਸੀਖਾਂ ਪਿੱਛੇ ਹੋਵੇਗਾ।

ਇਸ ਕੇਸ ਸਬੰਧੀ  ਐਫਆਈਆਰ ਨੰ. 105 ਮਿਤੀ 12/06/2023 ਨੂੰ ਪਹਿਲਾਂ ਹੀ ਆਈ.ਪੀ.ਸੀ. ਦੀ ਧਾਰਾ 396, 394, 397, 459 ਅਤੇ 379ਬੀ ਅਤੇ ਅਸਲਾ ਐਕਟ ਦੀ ਧਾਰਾ 25 ਅਧੀਨ ਥਾਣਾ ਸਿਟੀ  ਮੋਗਾ ਦੱਖਣੀ ਵਿਖੇ ਦਰਜ ਕੀਤੀ ਜਾ ਚੁੱਕੀ ਹੈ।

Related Articles

Leave a Reply

Your email address will not be published. Required fields are marked *

Back to top button
error: Content is protected with Update Punjab Dot Com!!