ਮੁੱਖ ਮੰਤਰੀ ਵੱਲੋਂ ਡਾ. ਵਾਂਡਰ ਦਾ ਬਾਬਾ ਫ਼ਰੀਦ ਯੂਨੀਵਰਸਿਟੀ ਆਫ਼ ਹੈਲਥ ਸਾਇੰਸਜ਼ ਦੇ ਬੋਰਡ ਆਫ਼ ਮੈਨੇਜਮੈਂਟ ਦੇ ਚੇਅਰਮੈਨ ਵਜੋਂ ਨਿਯੁਕਤ ਹੋਣ ‘ਤੇ ਸਵਾਗਤ
ਚੰਡੀਗੜ੍ਹ, 8 ਜੁਲਾਈ:
ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਸ਼ਨਿੱਚਰਵਾਰ ਨੂੰ ਪ੍ਰਸਿੱਧ ਕਾਰਡੀਓਲੋਜਿਸਟ ਡਾਕਟਰ ਗੁਰਪ੍ਰੀਤ ਸਿੰਘ ਵਾਂਡਰ ਨੂੰ ਬਾਬਾ ਫ਼ਰੀਦ ਯੂਨੀਵਰਸਿਟੀ ਆਫ਼ ਹੈਲਥ ਸਾਇੰਸਿਜ਼ ਦੇ ਬੋਰਡ ਆਫ਼ ਮੈਨੇਜਮੈਂਟ ਦੇ ਚੇਅਰਮੈਨ ਵਜੋਂ ਨਿਯੁਕਤ ਹੋਣ ’ਤੇ ਵਧਾਈ ਦਿੱਤੀ।
ਜ਼ਿਕਰਯੋਗ ਹੈ ਕਿ ਬਾਬਾ ਫ਼ਰੀਦ ਯੂਨੀਵਰਸਿਟੀ ਆਫ਼ ਹੈਲਥ ਸਾਇੰਸਿਜ਼, ਐਕਟ, 1998 ਦੀ ਧਾਰਾ 27(2) ਅਧੀਨ ਪ੍ਰਾਪਤ ਸ਼ਕਤੀਆਂ ਦੀ ਵਰਤੋਂ ਕਰਦਿਆਂ ਪੰਜਾਬ ਦੇ ਰਾਜਪਾਲ ਅਤੇ ਬਾਬਾ ਫ਼ਰੀਦ ਯੂਨੀਵਰਸਿਟੀ ਆਫ਼ ਹੈਲਥ ਸਾਇੰਸਿਜ਼, ਫ਼ਰੀਦਕੋਟ ਦੇ ਚਾਂਸਲਰ ਨੇ ਪ੍ਰੋਫ਼ੈਸਰ ਅਤੇ ਡੀ.ਐਮ.ਸੀ. ਕਾਲਜ ਅਤੇ ਹਸਪਤਾਲ, ਲੁਧਿਆਣਾ ਦੇ ਕਾਰਡੀਓਲੋਜੀ ਵਿਭਾਗ ਦੇ ਮੁਖੀ ਡਾ. ਗੁਰਪ੍ਰੀਤ ਸਿੰਘ ਵਾਂਡਰ ਨੂੰ ਬਾਬਾ ਫ਼ਰੀਦ ਯੂਨੀਵਰਸਿਟੀ ਆਫ਼ ਹੈਲਥ ਸਾਇੰਸਿਜ਼, ਫ਼ਰੀਦਕੋਟ ਦੇ ਬੋਰਡ ਆਫ਼ ਮੈਨੇਜਮੈਂਟ ਦੇ ਚੇਅਰਮੈਨ ਵਜੋਂ, ਨਿਯੁਕਤ ਕੀਤਾ ਹੈ, ਜਿਵੇਂ ਕਿ ਉਕਤ ਐਕਟ ਦੀ ਧਾਰਾ 27(4) ਵਿੱਚ ਨਿਰਧਾਰਤ ਕੀਤਾ ਗਿਆ ਹੈ ਕਿ ਇਹ ਨਿਯੁਕਤੀ 8 ਜੁਲਾਈ, 2023 ਤੋਂ ਪੰਜ ਸਾਲਾਂ ਦੀ ਮਿਆਦ ਲਈ ਹੋਵੇਗੀ।
ਇਸ ਨਿਯੁਕਤੀ ਦੀ ਸ਼ਲਾਘਾ ਕਰਦਿਆਂ ਮੁੱਖ ਮੰਤਰੀ ਨੇ ਆਸ ਪ੍ਰਗਟਾਈ ਕਿ ਯੂਨੀਵਰਸਿਟੀ, ਡਾ. ਵਾਂਡਰ ਦੀ ਯੋਗ ਅਤੇ ਗਤੀਸ਼ੀਲ ਅਗਵਾਈ ਵਿੱਚ ਨਵੀਆਂ ਉਚਾਈਆਂ ਨੂੰ ਛੂਹੇਗੀ। ਉਨ੍ਹਾਂ ਨੇ ਸੂਬੇ ਦੇ ਇੱਕ ਉੱਘੇ ਕਾਰਡੀਓਲੋਜਿਸਟ ਵਜੋਂ ਡਾ. ਵਾਂਡਰ ਵੱਲੋਂ ਲੋਕਾਂ ਲਈ ਨਿਭਾਈਆਂ ਸ਼ਾਨਦਾਰ ਸੇਵਾਵਾਂ ਨੂੰ ਯਾਦ ਕੀਤਾ। ਭਗਵੰਤ ਮਾਨ ਨੇ ਕਿਹਾ ਕਿ ਇਸ ਵੱਕਾਰੀ ਅਹੁਦੇ ’ਤੇ ਡਾ. ਵਾਂਡਰ ਦੀ ਨਿਯੁਕਤੀ ਹਰ ਪੰਜਾਬੀ ਲਈ ਬਹੁਤ ਹੀ ਮਾਣ ਅਤੇ ਤਸੱਲੀ ਵਾਲੀ ਗੱਲ ਹੈ।
ਮੁੱਖ ਮੰਤਰੀ ਨੇ ਮੋਗਾ ਦੇ ਵਿਧਾਇਕ ਡਾ. ਅਮਨਦੀਪ ਕੌਰ ਅਰੋੜਾ, ਫ਼ਰੀਦਕੋਟ ਦੇ ਵਿਧਾਇਕ ਡਾ. ਗੁਰਦਿੱਤ ਸਿੰਘ ਸੇਖੋਂ, ਉੱਘੇ ਆਈ ਸਰਜਨ (ਅੱਖਾਂ ਦੇ ਸਰਜਨ) ਡਾ. ਪੀ.ਐਸ. ਬਰਾੜ, ਡੀ.ਐਮ. (ਕਾਰਡੀਓਲੋਜੀ) ਅਤੇ ਡੀ.ਐਮ.ਸੀ. ਦੇ ਕਾਰਡੀਓਲੋਜੀ ਵਿਭਾਗ ਦੇ ਮੁਖੀ ਡਾ. ਬਿਸ਼ਵ ਮੋਹਨ, ਡੀ.ਐਮ.ਸੀ. ਦੇ ਨਿਊਰੋਲੋਜੀ ਵਿਭਾਗ ਦੇ ਮੁਖੀ ਡਾ. ਰਜਿੰਦਰ ਬਾਂਸਲ, ਪ੍ਰੋ. ਅਤੇ ਐਚ.ਓ.ਡੀ. ਪਲਮੋਨਰੀ (ਫੇਫੜਿਆਂ ਤੇ ਸਾਹ ਸਬੰਧੀ) ਮੈਡੀਸਨ , ਸਰਕਾਰੀ ਮੈਡੀਕਲ ਕਾਲਜ ਪਟਿਆਲਾ ਡਾ. ਵਿਸ਼ਾਲ ਚੋਪੜਾ ਅਤੇ ਸਾਬਕਾ ਪ੍ਰਿੰਸੀਪਲ ਸਰਕਾਰੀ ਮੈਡੀਕਲ ਕਾਲਜ ਪਟਿਆਲਾ ਡਾ. ਕੇ.ਕੇ. ਅਗਰਵਾਲ ਯੂਨੀਵਰਸਿਟੀ ਦੇ ਪ੍ਰਬੰਧਕੀ ਬੋਰਡ ਦੇ ਮੈਂਬਰਾਂ ਵਜੋਂ ਸ਼ਾਮਲ ਕੀਤੇ ਜਾਣ ’ਤੇ ਵਧਾਈ ਦਿੱਤੀ। ਉਨ੍ਹਾਂ ਆਸ ਪ੍ਰਗਟਾਈ ਕਿ ਇਹ ਮੈਂਬਰ ਵਿਦਿਆਰਥੀਆਂ ਨੂੰ ਵਿਸ਼ਵ ਪੱਧਰੀ ਮੈਡੀਕਲ ਸਿੱਖਿਆ ਪ੍ਰਦਾਨ ਕਰਨ ਲਈ ਯੂਨੀਵਰਸਿਟੀ ਦੇ ਕੰਮਕਾਜ ਨੂੰ ਹੋਰ ਸੁਚਾਰੂ ਤੇ ਬਿਹਤਰ ਬਣਾਉਣ ਵਿੱਚ ਪੂਰੀ ਤਨਦੇਹੀ ਤੇ ਉਤਸ਼ਾਹ ਨਾਲ ਯੋਗਦਾਨ ਪਾਉਣਗੇ।