ਕੈਬਨਿਟ ਮੰਤਰੀ ਲਾਲਜੀਤ ਸਿੰਘ ਭੁੱਲਰ ਵੱਲੋਂ ਹਲਕਾ ਪੱਟੀ ਦੇ ਹੜ੍ਹ ਪ੍ਰਭਾਵਿਤ ਇਲਾਕਿਆਂ ਦਾ ਦੌਰਾ
ਕਿਹਾ, ਪੰਜਾਬ ਸਰਕਾਰ ਵੱਲੋਂ ਹੜ੍ਹਾਂ ਵਰਗੀ ਹਰ ਸਥਿਤੀ ਨਾਲ ਨਜਿੱਠਣ ਲਈ ਪੂਰੇ ਪ੍ਰਬੰਧ
ਜ਼ਿਲ੍ਹਾ ਪ੍ਰਸ਼ਾਸ਼ਨ ਤਰਨ ਤਾਰਨ ਨੂੰ ਪਾਣੀ ਨਾਲ ਪ੍ਰਭਾਵਿਤ ਇਲਾਕੇ ਦੇ ਲੋਕਾਂ ਦੀ ਹਰ ਤਰ੍ਹਾਂ ਨਾਲ ਮਦਦ ਕਰਨ ਦੇ ਦਿੱਤੇ ਆਦੇਸ਼
ਚੰਡੀਗੜ੍ਹ, 9 ਜੁਲਾਈ:
ਪੰਜਾਬ ਦੇ ਟਰਾਂਸਪੋਰਟ ਅਤੇ ਪੇਂਡੂ ਵਿਕਾਸ ਤੇ ਪੰਚਾਇਤ ਮੰਤਰੀ ਲਾਲਜੀਤ ਸਿੰਘ ਭੁੱਲਰ ਵੱਲੋਂ ਅੱਜ ਪੱਟੀ ਦੇ ਹੜ੍ਹ ਪ੍ਰਭਾਵਿਤ ਇਲਾਕਿਆਂ ਦਾ ਦੌਰਾ ਕਰਕੇ ਸਥਿਤੀ ਅਤੇ ਰਾਹਤ ਕਾਰਜਾਂ ਦਾ ਜਾਇਜ਼ਾ ਲਿਆ ਗਿਆ।
ਮੁੱਖ ਮੰਤਰੀ ਭਗਵੰਤ ਮਾਨ ਦੇ ਦਿਸ਼ਾ ਨਿਰਦੇਸ਼ਾਂ `ਤੇ ਕੈਬਨਿਟ ਮੰਤਰੀ ਲਾਲਜੀਤ ਸਿੰਘ ਭੁੱਲਰ ਨੇ ਡਿਪਟੀ ਕਮਿਸ਼ਨਰ ਤਰਨ ਤਾਰਨ ਸ੍ਰੀਮਤੀ ਬਲਦੀਪ ਕੌਰ ਅਤੇ ਹੋਰਨਾਂ ਜ਼ਿਲ੍ਹਾ ਅਧਿਕਾਰੀਆਂ ਨਾਲ ਅੱਜ ਪਿੰਡ ਕੋਟ ਬੁੱਢਾ, ਮੁੱਠਿਆਂਵਾਲਾ, ਸੀਤੋ ਮਹਿ ਝੁੱਗੀਆਂ, ਰਾਧਲਕੇ, ਭੰਗਾਲਾ, ਤੂਤ, ਝੁੱਗੀਆਂ ਪੀਰ ਬਖਸ਼, ਰਾਮ ਸਿੰਘ ਵਾਲਾ, ਝੁੱਗੀਆਂ ਨੱਥਾ ਸਿੰਘ ਅਤੇ ਝੁੱਗੀਆਂ ਨੂਰ ਮੁਹੰੰਮਦ, ਡੂਮਨੀ ਵਾਲਾ, ਜਲੋਕੇ, ਭਾਓ ਵਾਲ, ਭੋਜੋਕੇ, ਬੱਲੜ ਕੇ, ਰਸੂਲਪੁਰ, ਤਲਵੰਡੀ ਮੋਹਰ ਸਿੰਘ, ਕਿਲ੍ਹਾ ਪਤੀ, ਬੰਗਲਾ ਰਾਏ ਆਦਿ ਪਿੰਡਾਂ ਦਾ ਦੌਰਾ ਕੀਤਾ ਗਿਆ ਅਤੇ ਪਾਣੀ ਨਾਲ ਪ੍ਰਭਾਵਿਤ ਇਲਾਕੇ ਦੇ ਲੋਕਾਂ ਦੀਆਂ ਮੁਸ਼ਕਿਲਾਂ ਸੁਣੀਆਂ। ਉਨ੍ਹਾਂ ਜ਼ਿਲ੍ਹਾ ਅਧਿਕਾਰੀਆਂ ਨੂੰ ਹੜ੍ਹ ਪ੍ਰਭਾਵਿਤ ਲੋਕਾਂ ਅਤੇ ਕਿਸਾਨਾਂ ਦੀ ਹਰ ਪੱਖੋਂ ਮਦਦ ਯਕੀਨੀ ਬਣਾਉਣ ਲਈ ਕਿਹਾ।
ਉਨ੍ਹਾਂ ਪ੍ਰਸ਼ਾਸਨ ਨੂੰ ਹਦਾਇਤ ਕੀਤੀ ਕਿ ਖੇਤਾਂ ਅਤੇ ਰਿਹਾਇਸ਼ੀ ਖੇਤਰਾਂ ਵਿੱਚ ਜਮ੍ਹਾਂ ਹੋਏ ਬਰਸਾਤੀ ਪਾਣੀ ਦੀ ਨਿਕਾਸੀ ਲਈ ਪਹਿਲ ਦੇ ਆਧਾਰ ‘ਤੇ ਪ੍ਰਬੰਧ ਕੀਤੇ ਜਾਣ। ਟਰਾਂਸਪੋਰਟ ਮੰਤਰੀ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਉਨ੍ਹਾਂ ਨੂੰ ਘਬਰਾਉਣ ਦੀ ਕੋਈ ਲੋੜ ਨਹੀਂ ਕਿਉਂਕਿ ਮੁੱਖ ਮੰਤਰੀ ਸ. ਭਗਵੰਤ ਮਾਨ ਦੀ ਸਰਕਾਰ ਨੇ ਹੜ੍ਹਾਂ ਦੀ ਕਿਸੇ ਵੀ ਸਥਿਤੀ ਨਾਲ ਨਜਿੱਠਣ ਲਈ ਸਾਰੇ ਪ੍ਰਬੰਧ ਕੀਤੇ ਹੋਏ ਹਨ।
ਉਹਨਾਂ ਕਿਹਾ ਕਿ ਪਿਛਲੇ ਦਿਨਾਂ ਤੋਂ ਮੈਦਾਨੀ ਅਤੇ ਪਹਾੜੀ ਖੇਤਰਾਂ ਵਿੱਚ ਪੈ ਰਹੀ ਭਾਰੀ ਬਾਰਸ਼ ਕਾਰਨ ਜ਼ਿਲ੍ਹਾ ਤਰਨ ਤਾਰਨ ਵਿਚੋਂ ਲੰਘਦੇ ਦਰਿਆਵਾਂ ਅਤੇ ਨਾਲਿਆਂ ਦੇ ਪਾਣੀ ਦਾ ਪੱਧਰ ਵੱਧ ਰਿਹਾ ਹੈ। ਉਨ੍ਹਾਂ ਕਿਹਾ ਕਿ ਜ਼ਿਲ੍ਹਾ ਤਰਨ ਤਾਰਨ ਵਿੱਚ ਅਜੇ ਸਥਿਤੀ ਪੂਰੀ ਤਰ੍ਹਾਂ ਕਾਬੂ ਹੇਠ ਹੈ ਅਤੇ ਪ੍ਰਸ਼ਾਸਨ ਵੱਲੋਂ ਪੂਰੀ ਚੌਕਸੀ ਵਰਤੀ ਜਾ ਰਹੀ ਹੈ। ਉਨ੍ਹਾਂ ਪਾਣੀ ਨਾਲ ਪ੍ਰਭਾਵਿਤ ਪਿੰਡਾਂ ਦੇ ਵਸਨੀਕਾਂ ਨੂੰ ਕਿਹਾ ਕਿ ਪੰਜਾਬ ਸਰਕਾਰ ਕਿਸੇ ਵੀ ਹੰਗਾਮੀ ਹਾਲਤ ਦਾ ਸਾਹਮਣਾ ਕਰਨ ਲਈ ਪੂਰੀ ਤਰਾਂ ਤਿਆਰ ਹੈ।
ਇਸ ਮੌਕੇ ਡਿਪਟੀ ਕਮਸ਼ਿਨਰ ਬਲਦੀਪ ਕੌਰ ਨੇ ਜ਼ਿਲ੍ਹਾ ਵਾਸੀਆਂ ਨੂੰ ਕਿਹਾ ਕਿ ਉਹ ਚੌਕਸੀ ਰੱਖਣ ਅਤੇ ਜਦੋਂ ਵੀ ਕਿਤੇ ਉਨ੍ਹਾਂ ਨੂੰ ਪਾਣੀ ਦਾ ਪੱਧਰ ਵੱਧਦਾ ਦਿਖਾਈ ਦੇਵੇ ਤਾਂ ਉਹ ਤੁਰੰਤ ਜ਼ਿਲ੍ਹਾ ਪੱਧਰੀ ਫਲੱਡ ਕੰਟਰੋਲ ਰੂਮ ਦੇ ਨੰਬਰ 01852-224107 ‘ਤੇ ਸੂਚਨਾ ਦੇਣ।