ਬੀਜੇਪੀ ਨੇ ਅਕਾਲੀ ਦਲ ਤੋਂ ਕੀਤਾ ਕਿਨਾਰਾ , ਸੁਖਦੇਵ ਸਿੰਘ ਢੀਂਡਸਾ ਦੀ ਪਾਰਟੀ ਹੀ ਪ੍ਰਕਾਸ਼ ਸਿੰਘ ਬਾਦਲ ਦਾ ਅਸਲੀ ਵਾਰਸ : ਪ੍ਰਧਾਨ ਮੰਤਰੀ
ਪ੍ਰਧਾਨ ਮੰਤਰੀ ਦੀ ਇਸ ਟਿੱਪਣੀ ਤੋਂ ਬਾਅਦ ਅਕਾਲੀ ਦਲ ਪਿਆ ਅਲੱਗ-ਥਲੱਗ
ਭਾਜਪਾ ਨੇ ਆਖਰਕਾਰ ਅਕਾਲੀ ਦਲ ਤੋਂ ਦੂਰੀ ਬਣਾ ਲਈ ਹੈ, ਹੁਣ ਤੱਕ ਭਾਜਪਾ ਦੇ ਕਈ ਆਗੂ ਕਹਿ ਰਹੇ ਸਨ ਕਿ ਭਾਜਪਾ ਆਪਣੇ ਦਮ ‘ਤੇ ਚੋਣਾਂ ਲੜੇਗੀ, ਹੁਣ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅਕਾਲੀ ਦਲ ਨੂੰ ਝਟਕਾ ਦਿੱਤਾ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਹੈ ਕਿ ਸੁਖਦੇਵ ਸਿੰਘ ਢੀਂਡਸਾ ਦਾ ਸ਼੍ਰੋਮਣੀ ਅਕਾਲੀ ਦਲ ਪ੍ਰਕਾਸ਼ ਸਿੰਘ ਬਾਦਲ ਦਾ ਅਸਲੀ ਵਾਰਸ ਹੈ। ਕੌਮੀ ਜਮਹੂਰੀ ਗਠਜੋੜ (ਐਨ.ਡੀ.ਏ.) ਦੀ ਮੀਟਿੰਗ ਨੂੰ ਸੰਬੋਧਨ ਕਰਦਿਆਂ ਪ੍ਰਧਾਨ ਮੰਤਰੀ ਨੇ ਢੀਂਡਸਾ ਦੀ ਪਾਰਟੀ ਦਾ ਸਪੱਸ਼ਟ ਜ਼ਿਕਰ ਕੀਤਾ। ਉਨ੍ਹਾਂ ਕਿਹਾ ਕਿ ਪ੍ਰਕਾਸ਼ ਸਿੰਘ ਬਾਦਲ ਅਤੇ ਉਨ੍ਹਾਂ ਦੀ ਪਾਰਟੀ ਦੇ ਅਸਲ ਵਾਰਸ ਅੱਜ ਐਨਡੀਏ ਦੀ ਮੀਟਿੰਗ ਵਿੱਚ ਬੈਠੇ ਹਨ। ਸ਼੍ਰੋਮਣੀ ਅਕਾਲੀ ਦਲ (ਯੂਨਾਈਟਿਡ) ਦੇ ਮੁਖੀ ਸੁਖਦੇਵ ਸਿੰਘ ਢੀਂਡਸਾ ਅਤੇ ਜਸਟਿਸ ਨਿਰਮਲ ਸਿੰਘ (ਸੇਵਾਮੁਕਤ) ਐਨਡੀਏ ਦੀ ਮੀਟਿੰਗ ਵਿੱਚ ਸ਼ਾਮਲ ਹੋਏ।
ਮੋਦੀ ਵੱਲੋਂ ਸੁਖਦੇਵ ਸਿੰਘ ਢੀਂਡਸਾ ਨੂੰ ਪ੍ਰਕਾਸ਼ ਸਿੰਘ ਬਾਦਲ ਦਾ ਅਸਲੀ ਸਿਆਸੀ ਵਾਰਸ ਮੰਨਣ ਨਾਲ ਇਹ ਸਪੱਸ਼ਟ ਹੋ ਗਿਆ ਹੈ ਕਿ ਭਾਜਪਾ ਦਾ ਸੁਖਬੀਰ ਸਿੰਘ ਬਾਦਲ ਦੇ ਸ਼੍ਰੋਮਣੀ ਅਕਾਲੀ ਦਲ ਨਾਲ ਸਿਆਸੀ ਗੱਠਜੋੜ ਕਰਨ ਦੀ ਫਿਲਹਾਲ ਕੋਈ ਸੰਭਾਵਨਾ ਨਹੀਂ ਹੈ। ਇਸ ਤੋਂ ਇਹ ਵੀ ਸਪੱਸ਼ਟ ਹੁੰਦਾ ਹੈ ਕਿ ਮੋਦੀ ਸੁਖਦੇਵ ਸਿੰਘ ਢੀਂਡਸਾ ਨੂੰ ਸੁਖਬੀਰ ਸਿੰਘ ਬਾਦਲ ਨਾਲੋਂ ਵੱਧ ਅਹਿਮ ਆਗੂ ਮੰਨਦੇ ਹਨ। 38 ਪਾਰਟੀਆਂ ਦੇ ਨੁਮਾਇੰਦਿਆਂ ਦੀ ਸ਼ਮੂਲੀਅਤ ਵਾਲੀ ਐਨ.ਡੀ.ਏ ਦੀ ਮੀਟਿੰਗ ਦੌਰਾਨ ਉਨ੍ਹਾਂ ਦਾ ਇਹ ਬਿਆਨ ਕਿ ਸੁਖਦੇਵ ਸਿੰਘ ਢੀਂਡਸਾ ਹੀ ਪ੍ਰਕਾਸ਼ ਸਿੰਘ ਬਾਦਲ ਦੇ ਸਹੀ ਵਾਰਸ ਹਨ, ਸਪੱਸ਼ਟ ਤੌਰ ‘ਤੇ ਇਹ ਸੰਕੇਤ ਦਿੰਦੇ ਹਨ ਕਿ ਭਾਜਪਾ ਪੰਜਾਬ ਵਿੱਚ ਢੀਂਡਸਾ ਨਾਲ ਗਠਜੋੜ ਲਈ ਜ਼ਮੀਨ ਤਿਆਰ ਕਰ ਰਹੀ ਹੈ।
ਜ਼ਿਕਰਯੋਗ ਹੈ ਕਿ ਐਨਡੀਏ ਨੇ ਸੁਖਬੀਰ ਬਾਦਲ ਨੂੰ ਮੀਟਿੰਗ ਲਈ ਸੱਦਾ ਨਹੀਂ ਦਿੱਤਾ ਸੀ। ਇਸ ਪਾਰਟੀ ਨੂੰ ਨਾ ਤਾਂ ਕੋਈ ਪੱਤਰ ਭੇਜਿਆ ਗਿਆ ਅਤੇ ਨਾ ਹੀ ਕੋਈ ਫੋਨ ਕਾਲ ਕੀਤੀ ਗਈ। ਦੂਜੇ ਪਾਸੇ ਵਿਰੋਧੀ ਕੈਂਪ ਚ ਸ਼੍ਰੋਮਣੀ ਅਕਾਲੀ ਦਲ ਨਹੀਂ ਜਾ ਸਕਦਾ। ਵਿਰੋਧੀ ਖੇਮੇ ਵਿੱਚ ਕਾਂਗਰਸ ਮੁੱਖ ਭੂਮਿਕਾ ਨਿਭਾ ਰਹੀ ਹੈ , ਇਸੇ ਕਰਕੇ ਅਕਾਲੀ ਦਲ ਕਦੇ ਵੀ ਇੰਡੀਆ ਗੁੱਟ ਨਾਲ ਨਹੀਂ ਨਹੀਂ ਜਾਵੇਗਾ, ਇਹ ਗੱਲ ਦਾ ਭਾਜਪਾ ਨੂੰ ਵੀ ਪਤਾ ਹੈ। ਅਕਾਲੀ ਦਲ ਦਾ ਪੰਜਾਬ ਵਿੱਚ ਬਸਪਾ ਨਾਲ ਗਠਜੋੜ ਹੈ ਅਤੇ ਬਸਪਾ ਸੁਪਰੀਮੋ ਮਾਇਆਵਤੀ ਪਹਿਲਾਂ ਹੀ ਕਹਿ ਚੁੱਕੀ ਹੈ ਕਿ ਬਸਪਾ ਇਕੱਲਿਆਂ ਹੀ ਚੋਣਾਂ ਲੜੇਗੀ। ਕੋਈ ਸਮਾਂ ਸੀ ਜਦੋਂ ਦੇਸ਼ ਦੀਆਂ ਵਿਰੋਧੀ ਪਾਰਟੀਆਂ ਵਿੱਚ ਸ਼੍ਰੋਮਣੀ ਅਕਾਲੀ ਦਲ ਦੀ ਵੱਡੀ ਭੂਮਿਕਾ ਹੁੰਦੀ ਸੀ ਪਰ ਮੌਜੂਦਾ ਸਮੇਂ ਵਿੱਚ ਇਹ ਪਾਰਟੀ ਅਲੱਗ-ਥਲੱਗ ਨਜ਼ਰ ਆ ਰਹੀ ਹੈ।