ਪੰਜਾਬ
ਵਿਜੀਲੈਂਸ ਵੱਲੋਂ 70,000 ਰੁਪਏ ਰਿਸ਼ਵਤ ਲੈਣ ਦੇ ਦੋਸ਼ ਵਿੱਚ ਪੀ.ਐਸ.ਪੀ.ਸੀ.ਐਲ. ਦਾ ਜੇ.ਈ. ਕਾਬੂ
ਚੰਡੀਗੜ੍ਹ, 30 ਜੁਲਾਈ:
ਪੰਜਾਬ ਵਿਜੀਲੈਂਸ ਬਿਊਰੋ ਵੱਲੋਂ ਸੂਬੇ ਵਿੱਚ ਭ੍ਰਿਸ਼ਟਾਚਾਰ ਖ਼ਿਲਾਫ਼ ਵਿੱਢੀ ਮੁਹਿੰਮ ਤਹਿਤ ਅੱਜ ਲੁਧਿਆਣਾ ਜ਼ਿਲ੍ਹੇ ਦੇ ਸਿੱਧਵਾਂ ਬੇਟ ਵਿਖੇ ਤਾਇਨਾਤ ਪੀ.ਐਸ.ਪੀ.ਸੀ.ਐਲ. ਦੇ ਜੂਨੀਅਰ ਇੰਜੀਨੀਅਰ (ਜੇ.ਈ.) ਜਸਮੇਲ ਸਿੰਘ ਨੂੰ 70,000 ਰੁਪਏ ਰਿਸ਼ਵਤ ਲੈਣ ਦੇ ਦੋਸ਼ ਹੇਠ ਗ੍ਰਿਫ਼ਤਾਰ ਕੀਤਾ ਗਿਆ ਹੈ।
ਉਕਤ ਪੀ.ਐਸ.ਪੀ.ਸੀ.ਐਲ ਮੁਲਾਜ਼ਮ ਨੂੰ ਸੁਰਿੰਦਰ ਸਿੰਘ ਵਾਸੀ ਪਿੰਡ ਖੁਰਸ਼ੇਦਪੁਰ ਤਹਿਸੀਲ ਜਗਰਾਉਂ ਦੀ ਸ਼ਿਕਾਇਤ ‘ਤੇ ਗ੍ਰਿਫ਼ਤਾਰ ਕੀਤਾ ਗਿਆ ਹੈ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਵਿਜੀਲੈਂਸ ਬਿਊਰੋ ਦੇ ਬੁਲਾਰੇ ਨੇ ਦੱਸਿਆ ਕਿ ਸੁਰਿੰਦਰ ਸਿੰਘ ਨੇ ਸ਼ਿਕਾਇਤ ਦਰਜ ਕਰਵਾਈ ਕਿ ਉਸ ਦੇ ਘਰ ਲਈ ਵੱਖਰਾ ਟਰਾਂਸਫਾਰਮਰ ਲਗਾਉਣ ਬਦਲੇ ਉਕਤ ਜੇ.ਈ. ਨੇ ਉਸ ਕੋਲੋਂ 70,000 ਰੁਪਏ ਰਿਸ਼ਵਤ ਲਈ ਹੈ।
ਬੁਲਾਰੇ ਨੇ ਦੱਸਿਆ ਕਿ ਇਸ ਸ਼ਿਕਾਇਤ ਦੀ ਜਾਂਚ ਉਪਰੰਤ ਭ੍ਰਿਸ਼ਟਾਚਾਰ ਰੋਕੂ ਕਾਨੂੰਨ ਦੀ ਧਾਰਾ 7 ਤਹਿਤ ਐਫ.ਆਈ.ਆਰ. ਨੰਬਰ 09, ਮਿਤੀ 30-07-2023 ਨੂੰ ਥਾਣਾ ਵਿਜੀਲੈਂਸ ਬਿਊਰੋ, ਲੁਧਿਆਣਾ ਦੇ ਆਰਥਿਕ ਅਪਰਾਧ ਵਿੰਗ (ਈ.ਓ.ਡਬਲਿਊ.) ਵਿਖੇ ਕੇਸ ਦਰਜ ਕਰਕੇ ਜੇ.ਈ. ਜਸਮੇਲ ਸਿੰਘ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ।
———-