ਪੰਜਾਬ
ਵਿਜੀਲੈਂਸ ਵੱਲੋਂ ਜ਼ਮੀਨ ਦੀ ਫ਼ਰਦ ਬਦਲੇ 10 ਹਜ਼ਾਰ ਰੁਪਏ ਰਿਸ਼ਵਤ ਲੈਂਦਾ ਸੇਵਾਦਾਰ ਕਾਬੂ
ਪਹਿਲਾਂ ਹੀ 15,000 ਰੁਪਏ ਲੈ ਚੁੱਕਾ ਸੀ ਮੁਲਜ਼ਮ
ਚੰਡੀਗੜ੍ਹ, 10 ਅਗਸਤ:
ਪੰਜਾਬ ਵਿਜੀਲੈਂਸ ਬਿਊਰੋ ਨੇ ਅੱਜ ਮਾਲੇਰਕੋਟਲਾ ਜ਼ਿਲ੍ਹੇ ਦੇ ਪਟਵਾਰਖਾਨਾ ਤਹਿਸੀਲ ਦਫ਼ਤਰ, ਅਹਿਮਦਗੜ੍ਹ ਵਿਖੇ ਤਾਇਨਾਤ ਸੇਵਾਦਾਰ ਗਗਨਦੀਪ ਸਿੰਘ ਨੂੰ ਬਲਵਿੰਦਰ ਸਿੰਘ ਵਾਸੀ ਬਾਜ਼ੀਗਰ ਬਸਤੀ, ਧੂਰੀ (ਸੰਗਰੂਰ) ਤੋਂ 10,000 ਰੁਪਏ ਰਿਸ਼ਵਤ ਲੈਂਦਿਆ ਕਾਬੂ ਕੀਤਾ ਹੈ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਵਿਜੀਲੈਂਸ ਬਿਊਰੋ ਦੇ ਅਧਿਕਾਰਤ ਬੁਲਾਰੇ ਨੇ ਦੱਸਿਆ ਕਿ ਬਲਵਿੰਦਰ ਸਿੰਘ ਨੇ ਸ਼ਿਕਾਇਤ ਦਰਜ ਕਰਵਾਈ ਸੀ ਕਿ ਸੇਵਾਦਾਰ ਗਗਨਦੀਪ ਸਿੰਘ ਨੇ ਪਿੰਡ ਦਸੌਂਦਾ ਸਿੰਘ ਵਾਲਾ ਵਿਖੇ ਸਥਿਤ ਜ਼ਮੀਨ ਦੀ ਫਰਦ ਮੁਹੱਈਆ ਕਰਵਾਉਣ ਬਦਲੇ ਉਸ ਤੋਂ 15,000 ਰੁਪਏ ਰਿਸ਼ਵਤ ਮੰਗੀ ਸੀ। ਸ਼ਿਕਾਇਤਕਰਤਾ ਨੇ ਦੋਸ਼ ਲਾਇਆ ਕਿ ਮੁਲਜ਼ਮ ਕਰਮਚਾਰੀ ਉਸ ਕੋਲੋਂ ਪਹਿਲਾਂ ਹੀ 8 ਅਗਸਤ 2023 ਨੂੰ 15000 ਰੁਪਏ ਰਿਸ਼ਵਤ ਲੈ ਚੁੱਕਾ ਹੈ ਅਤੇ ਹੁਣ ਹੋਰ ਰਿਸ਼ਵਤ ਮੰਗ ਰਿਹਾ ਹੈ।
ਉਨ੍ਹਾਂ ਦੱਸਿਆ ਕਿ ਸ਼ਿਕਾਇਤ ਦੀ ਪੜਤਾਲ ਤੋਂ ਬਾਅਦ ਵਿਜੀਲੈਂਸ ਬਿਊਰੋ ਦੀ ਟੀਮ ਨੇ ਟਰੈਪ ਲਗਾ ਕੇ ਮੁਲਜ਼ਮ ਸੇਵਾਦਾਰ ਨੂੰ ਸਰਕਾਰੀ ਗਵਾਹਾਂ ਦੀ ਹਾਜ਼ਰੀ ਵਿੱਚ ਸ਼ਿਕਾਇਤਕਰਤਾ ਤੋਂ 10,000 ਰੁਪਏ ਰਿਸ਼ਵਤ ਲੈਂਦਿਆਂ ਮੌਕੇ ‘ਤੇ ਕਾਬੂ ਕਰ ਲਿਆ।
ਉਨ੍ਹਾਂ ਅੱਗੇ ਦੱਸਿਆ ਕਿ ਉਕਤ ਮਾਮਲੇ ਵਿੱਚ ਗਗਨਦੀਪ ਸਿੰਘ ਖ਼ਿਲਾਫ਼ ਥਾਣਾ ਵਿਜੀਲੈਂਸ ਬਿਊਰੋ, ਪਟਿਆਲਾ ਰੇਂਜ ਵਿਖੇ ਕੇਸ ਦਰਜ ਕਰ ਲਿਆ ਗਿਆ ਹੈ ਅਤੇ ਇਸ ਸਬੰਧੀ ਅਗਲੇਰੀ ਕਾਰਵਾਈ ਜਾਰੀ ਹੈ।