ਪੰਜਾਬ ਸਰਕਾਰ ਨੇ ਮਾਲ ਵਿਭਾਗ ਦੇ ਅਧਿਕਾਰੀਆਂ ਅਤੇ ਕਰਮਚਾਰੀਆਂ ‘ਤੇ ESMA ਲਾਗੂ
ਮਾਲ ਵਿਭਾਗ ਦੇ ਅਧਿਕਾਰੀ ਪਟਵਾਰੀ, ਕਾਨੂੰਗੋ ਅਤੇ ਡੀ.ਸੀ. ਦਫ਼ਤਰ ਨਾਲ ਜੁੜੇ ਕਰਮਚਾਰੀ ਦਫ਼ਤਰ ਛੱਡ ਕੇ ਨਹੀਂ ਜਾ ਸਕਣਗੇ
ESMA 31 ਅਕਤੂਬਰ 2023 ਤੱਕ ਲਾਗੂ ਰਹੇਗਾ
ਹੁਕਮਾਂ ਦੀ ਉਲੰਘਣਾ ਕਰਨ ਵਾਲਿਆਂ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇਗੀ
ਚੰਡੀਗੜ੍ਹ, 30 ਅਗਸਤ: ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੇ ਹੁਕਮਾਂ ਦੀ ਪਾਲਣਾ ਕਰਦਿਆਂ ਮਾਲ ਵਿਭਾਗ ਨੇ ਆਪਣੇ ਅਧਿਕਾਰੀਆਂ ਅਤੇ ਕਰਮਚਾਰੀਆਂ ‘ਤੇ ਈਸਟ ਪੰਜਾਬ ਅਸੈਂਸ਼ੀਅਲ ਸਰਵਿਸਿਜ਼ ਮੇਨਟੇਨੈਂਸ ਐਕਟ 1947 ਲਾਗੂ ਕਰ ਦਿੱਤਾ ਹੈ। ਮਾਲ ਵਿਭਾਗ ਦੇ ਵਿਸ਼ੇਸ਼ ਮੁੱਖ ਸਕੱਤਰ ਕੇ.ਏ.ਪੀ. ਸਿਨਹਾ ਨੇ ਇਸ ਸਬੰਧੀ ਪੱਤਰ ਜਾਰੀ ਕੀਤਾ ਹੈ। ਜਾਰੀ ਪੱਤਰ ਵਿੱਚ ਕਿਹਾ ਗਿਆ ਹੈ ਕਿ ਸੂਬੇ ਵਿੱਚ ਭਾਰੀ ਮੀਂਹ ਕਾਰਨ ਜ਼ਿਆਦਾਤਰ ਪਾਣੀ ਇਕੱਠਾ ਹੋ ਗਿਆ ਹੈ, ਜਿਸ ਕਾਰਨ ਫਲੱਡ ਗੇਟ ਲਗਾਤਾਰ ਖੋਲ੍ਹੇ ਜਾ ਰਹੇ ਹਨ। ਪ੍ਰਭਾਵਿਤ ਇਲਾਕਿਆਂ ‘ਚ ਰਾਹਤ ਕਾਰਜ ਵੀ ਜਾਰੀ ਹਨ। ਅਜਿਹੀ ਸਥਿਤੀ ਵਿੱਚ ਕਿਸੇ ਵੀ ਅਧਿਕਾਰੀ ਜਾਂ ਕਰਮਚਾਰੀ ਦੀ ਛੁੱਟੀ ਮਨਜ਼ੂਰ ਨਹੀਂ ਕੀਤੀ ਜਾ ਸਕਦੀ। ਇਸ ਸਮੇਂ ਪਟਵਾਰੀ, ਕਾਨੂੰਗੋ ਅਤੇ ਸਰਕਲ ਮਾਲ ਅਫਸਰਾਂ ਸਮੇਤ ਹੋਰ ਅਧਿਕਾਰੀਆਂ ਨੂੰ ਇਸ ਰਾਹਤ ਕਾਰਜ ਵਿੱਚ ਕੰਮ ਕਰਨ ਦੀ ਲੋੜ ਹੈ। ਤਾਂ ਜੋ ਰਾਹਤ ਕਾਰਜ ਸਹੀ ਢੰਗ ਨਾਲ ਹੋ ਸਕਣ। ਇਸ ਤੋਂ ਇਲਾਵਾ ਸਰਕਾਰ ਨੇ ਗਿਰਦਾਵਰੀ ਦੇ ਹੁਕਮ ਵੀ ਜਾਰੀ ਕਰ ਦਿੱਤੇ ਹਨ। ਜਿਸ ਕਾਰਨ ਹੁਣ ਸਰਕਾਰ ਨੇ ਐਸਮਾ ਲਾਗੂ ਕਰ ਦਿੱਤਾ ਹੈ।
ਜਾਰੀ ਹੁਕਮਾਂ ਅਨੁਸਾਰ, ESMA 31 ਅਕਤੂਬਰ, 2023 ਤੱਕ ਲਾਗੂ ਰਹੇਗਾ। ਇਨ੍ਹਾਂ ਹੁਕਮਾਂ ਦੀ ਉਲੰਘਣਾ ਕਰਨ ਵਾਲਿਆਂ ਖ਼ਿਲਾਫ਼ ਇਸ ਐਕਟ ਤਹਿਤ ਸਖ਼ਤ ਕਾਰਵਾਈ ਕੀਤੀ ਜਾਵੇਗੀ। ਅਜਿਹੀ ਸਥਿਤੀ ਵਿੱਚ ਮਾਲ ਵਿਭਾਗ ਦੇ ਅਧਿਕਾਰੀ, ਪਟਵਾਰੀ, ਕਾਨੂੰਗੋ, ਸਰਕਲ ਮਾਲ ਅਫ਼ਸਰ ਸਮੇਤ ਡਿਪਟੀ ਕਮਿਸ਼ਨਰ ਦਫ਼ਤਰ ਨਾਲ ਜੁੜੇ ਮੁਲਾਜ਼ਮ ਆਪਣਾ ਦਫ਼ਤਰ ਨਹੀਂ ਛੱਡ ਸਕਣਗੇ।