ਪੰਜਾਬ
ਮਨੁੱਖ ਨੂੰ ਨੈਤਿਕਤਾ ਦਾ ਪਾਠ ਪੜ੍ਹਾਉਦਾ ਹੈ ਪ੍ਰੋ. ਗੁਰਭਜਨ ਗਿੱਲ ਦਾ ‘ਅੱਖਰ ਅੱਖਰ’
ਐਸ ਐਲ ਵਿਰਦੀ ਐਡਵੋਕੇਟ
ਪ੍ਰੋ. ਗੁਰਭਜਨ ਗਿੱਲ ਕਾਲਜਾਂ ਤੇ ਯੂਨੀਵਰਸਿਟੀਆਂ ਵਿੱਚ ਪੜ੍ਹਾਉਂਦਾ ਰਿਹਾ ਹੈ। ਉਹ ਵੀਹ ਤੋਂ ਵੱਧ ਪੁਸਤਕਾਂ ਪੰਜਾਬੀ ਸਾਹਿੱਤ ਦੇ ਖ਼ਜਾਨੇ ਵਿਚ ਪਾ ਚੁਕਾ ਹੈ। ਉਸ ਦਾ ਗ਼ਜ਼ਲ ਸੰਗ੍ਰਹਿ ‘ਅੱਖਰ ਅੱਖਰ’ ’ ਉਸ ਦੀ 1973 ਤੋਂ 2023 ਦੌਰਾਨ ਕੀਤੀ ਗ਼ਜ਼ਲ ਘਾਲਣਾ ਦਾ ਇਤਿਹਾਸਕ ਦਸਤਾਵੇਜ਼ ਹੈ।
ਪ੍ਰੋ. ਗੁਰਭਜਨ ਗਿੱਲ ਦੀਆਂ ਗ਼ਜ਼ਲਾਂ ਵਿੱਚ ਸਰਲਤਾ,ਸਾਦਗੀ, ਸੰਖੇਪਤਾ,ਸਖ਼ਤਾਈ, ਉਚਿਤਤਾ ਤੇ ਗਹਿਰਾਈ ਹੈ। ਉਸ ਦੀ ਗ਼ਜ਼ਲ ਵਿੱਚ ਪੰਜਾਬ, ਪੰਜਾਬੀ, ਪੰਜਾਬੀਅਤ ਤੇ ਖੇਤ ਖਲਿਹਾਣਾਂ ਦਾ ਸੱਭਿਆਚਾਰ ਵੀ ਹੈ।
ਗ਼ਜ਼ਲ ਕੀ ਹੈ?
ਗ਼ਜ਼ਲ ਕਵਿਤਾ ਦਾ ਸਭ ਤੋਂ ਸਵਾਦਲਾ ਤੇ ਪ੍ਰਭਾਵਸਾਲੀ ਰੂਪ ਹੈ। ਇਸ ਦਾ ਜਨਮ ਫਾਰਸੀ ਭਾਸ਼ਾ ਅੰਦਰ ਹੋਇਆ। ਫਿਰ ਉਰਦੂ ਵਾਲਿਆਂ ਨੇ ਇਸ ਨੂੰ ਅਪਣਾਇਆ, ਫਿਰ ਇਸ ਨੇ ਸਾਡੇ ਭਾਰਤ ਵਿੱਚ ਆ ਕੇ ਬੁਲੰਦੀਆਂ ਨੂੰ ਛੂਹਿਆ । ਗ਼ਜ਼ਲ ਐਨੀ ਲੋਕਪ੍ਰਿਯ ਹੋਈ ਕਿ ਪੰਜਾਬੀ ਉਤੇ ਵੀ ਇਸ ਦਾ ਅਸਰ ਹੋਣ ਲੱਗ ਪਿਆ। ਕੁਝ ਸਮੇਂ ਤੋਂ ਪੰਜਾਬੀ ਸ਼ਾਇਰ ਵੀ ਗ਼ਜ਼ਲ ਵੱਲ ਝੁਕਦੇ ਨਜ਼ਰ ਆ ਰਹੇ ਹਨ, ਪਰ ਅਜੇ ਉਹ ਗੱਲ ਨਹੀਂ ਬਣੀ ਜੋ ਏਨੇ ਸਾਲਾਂ ਵਿੱਚ ਬਣਨੀ ਚਾਹੀਦੀ ਸੀ।
ਜੇ ਅਸੀਂ ਫਾਰਸੀ ਅਤੇ ਉਰਦੂ ਦੀ ਗ਼ਜ਼ਲ ਉੱਤੇ ਝਾਤ ਮਾਰੀਏ ਤਾਂ ਪਤਾ ਲੱਗਦਾ ਕਿ ਪੰਜਾਬੀਆਂ ਨੂੰ ਅਜੇ ਇਸ ਖੇਤਰ ਵਿੱਚ ਬਹੁਤ ਮਿਹਨਤ ਕਰਨ ਦੀ ਜ਼ਰੂਰਤ ਹੈ। ਗ਼ਜ਼ਲ ਦੀਆਂ ਵਿਸ਼ੇਸ਼ਤਾਵਾਂ ਬਾਰੇ ਉਘੇ ਉਸਤਾਦ ਗ਼ਜ਼ਲਗੋ ਦੀਪਕ ਜੈਤੋਈ ਲਿਖਦੇ ਹਨ
(1) ‘‘ਗ਼ਜ਼ਲ ਦਾ ਹਰ ਸ਼ੇਅਰ ਆਪਣੇ ਆਪ ਵਿੱਚ ਮੁਕੰਮਲ ਅਤੇ ਆਜ਼ਾਦ ਹੁੰਦਾ ਹੈ। ਜਿਸ ਘਟਨਾ ਦਾ ਇਸ ਅੰਦਰ ਵਰਨਣ ਹੋਵੇ, ਉਸ ਦਾ ਨਜ਼ਾਰਾ ਪੂਰੀਆਂ ਖੂਬੀਆਂ ਨਾਲ ਸਾਡੀਆਂ ਅੱਖਾਂ ਸਾਹਮਣੇ ਆ ਜਾਵੇ ਅਤੇ ਜਿਹੜੀ ਕੈਫੀਅਤ ਸ਼ਾਇਰ ਵਰਨਣ ਕਰਨਾ ਚਾਹੁੰਦਾ ਹੈ, ਉਹ ਹੂ-ਬ-ਹੂ ਸਾਡੇ ਦਿਲ ਵਿੱਚ ਪੈਦਾ ਹੋ ਜਾਵੇ ਅਤੇ ਉਸ ਦੀ ਸਚਾਈ ਨੂੰ ਸਾਰੇ ਸਵੀਕਾਰ ਕਰ ਲੈਣ।
(2) ਗ਼ਜ਼ਲ ਜਿਸ ਵੀ ਵਿਸ਼ੇ ਜਾਂ ਮਸਲੇ ਉਤੇ ਹੋਵੇ ਉਹ ਬੜੀ ਡੂੰਘੀ ਅਤੇ ਅਸਰ ਭਰਪੂਰ ਹੋਵੇ। ਉਹ ਲਿਖਦੇ ਹਨ।
ਸੁਣ ਕੇ ਮਜ਼ਾ ਨਾ ਆਵੇ, ਉਸ ਨੂੰ ਗ਼ਜ਼ਲ ਨਾ ਆਖੋ,
ਦਿਲ ਵਿੱਚ ਜੋ ਖੁਭ ਨਾ ਜਾਵੇ, ਉਸ ਨੂੰ ਗ਼ਜ਼ਲ ਨਾ ਆਖੋ।
ਜੈਪੁਰ ਲਿਟਰੇਚਰ ਫੈਸਟੀਵਲ ਵਿੱਚ ਗ਼ਜਲ ਦੀ ਮਕਬੂਲੀਅਤ ਬਾਰੇ ਬੋਲਦਿਆਂ ਪ੍ਰਸਿੱਧ ਸ਼ਾਇਰ ਜਾਵੇਦ ਅਖ਼ਤਰ ਨੇ ਕਿਹਾ,‘‘ਗ਼ਜਲ ਬੇਹੱਦ ਮਕਬੂਲ ਕਾਵਿ ਰੂਪਕਾਰ ਹੈ। ਗ਼ਜਲ ਹਰ ਵਰਗ ਦੀ ਪਸੰਦੀਦਾ ਵਿਧਾ ਹੈ। ਇੱਥੋਂ ਤੱਕ ਕਿ ਪਾਰਲੀਮੈਂਟ ਵਿੱਚ ਵੀ ਇਹ ਬਹੁਤ ਮਕਬੂਲ ਹੈ। ਜੇ ਕੋਈ ਹੁਣ ਤੱਕ ਪਾਰਲੀਮੈਂਟ ਵਿਚ ਸੁਣਾਈ ਗਈ ਸ਼ਾਇਰੀ ਦਾ ਸਰਵੇਖਣ ਕਰੇ ਤਾਂ ਲਾਜ਼ਮੀ ਉਸ ਵਿੱਚੋਂ 90% ਗ਼ਜਲ ਦੇ ਸ਼ਿਅਰ ਨਿਕਲਣਗੇ।’’ ਫ਼ਾਰਸੀ ਅਤੇ ਉਰਦੂ ਤੋਂ ਬਾਅਦ ਜਿਨ੍ਹਾਂ ਕੁਝ ਜ਼ੁਬਾਨਾਂ ਵਿੱਚ ਗ਼ਜ਼ਲ ਬਹੁਤ ਮਕਬੂਲ ਹੋਈ ਹੈ, ਪੰਜਾਬੀ ਉਨ੍ਹਾਂ ਵਿੱਚ ਸ਼ੁਮਾਰ ਹੈ।
1947 ਵਿੱਚ ਦੇਸ਼ ਦੀ ਹੀ ਵੰਡ ਹੀ ਨਹੀਂ ਹੋਈ ਸਗੋਂ ਇਸ ਵੰਡ ਨੇ ਇੱਕੋ ਪੰਜਾਬ ਪ੍ਰਾਂਤ ਦੇ ਪੰਜਾਬੀ ਜੀਆਂ ਨੂੰ ਹੀ ਵੰਡ ਦਿੱਤਾ। ਹੁਣ ਤੱਕ ਦੇ ਮਨੁਖੀ ਇਤਿਹਾਸ ਦੀ ਇਹ ਸਭ ਤੋਂ ਵਧੇਰੇ ਅਣਮਨੁੱਖੀ ਵੰਡ ਹੈ ਜਿਸ ਨੇ 10 ਲੱਖ ਪੰਜਾਬੀਆਂ ਨੂੰ ਖਾ ਲਿਆ।
ਕੋਈ ਵੀ ਬਟਵਾਰਾ ਇੰਜ ਬਰਸਾਤ ਤੋਂ ਬਾਅਦ ਉੱਗੀਆਂ ਖੁੰਬਾਂ ਵਾਂਗ ਨਹੀਂ ਵਾਪਰਦਾ ਤੇ ਤਬਾਹੀ ਨਹੀਂ ਮਚਾਉਂਦਾ। ਹਰ ਵੰਡ ਦਾ ਬੜਾ ਵੱਡਾ ਕਲੰਕਿਤ ਇਤਿਹਾਸ ਹੁੰਦਾ ਹੈ। ਵੰਡ ਦੇ ਬੀਜ ਜਨੂੰਨ ਵਿੱਚ ਬਿਰਾਜਮਾਨ ਹੁੰਦੇ ਹਨ। ਇੱਕ ਦੀ, ਦੂਸਰੇ ਪ੍ਰਤੀ ਬੇਧਿਆਨੀ, ਦੂਜੇ ਨੂੰ ਨਾ ਸਵੀਕਾਰਨਾ, ਉਸ ਨੂੰ ਹਾਸ਼ੀਏ ’ਤੇ ਧੱਕਣਾ ਜਾਂ ਉਸ ਦੀ ਸ਼ਨਾਖ਼ਤ ਨੂੰ ਦਰੜਨ ਕਾਰਨ ਹੀ ਵਖਰੇਵੇਂ ਪੈਦਾ ਹੁੰਦੇ ਹਨ। ਨਫ਼ਰਤ ਇਸ ਨੂੰ ਬੀਜਦੀ ਹੈ। ਅਸਹਿਣਸ਼ੀਲਤਾ ਇਸ ਨੂੰ ਗਰਮਾਉਂਦੀ ਹੈ ਅਤੇ ਨਿੱਜੀ ਸਵਾਰਥ ਇਸ ਨੂੰ ਜਨਮ ਦਿੰਦਾ ਹੈ।
1947 ਵਿੱਚ ਦੇਸ਼ ਦੀ ਵੰਡ ਮੌਕੇ ਦੋਹਾਂ ਪਾਸਿਆਂ ਤੋਂ ਵੱਡੇ ਪੱਧਰ ਉਤੇ ਅਬਾਦੀ ਦੇ ਤਬਾਦਲੇ, ਤਬਾਦਲੇ ਦੌਰਾਨ ਹੋਏੇ ਫਿਰਕੂ ਫਸਾਦ, ਮਾਰ ਧਾੜ, ਸਾੜ ਫੂਕ ਦੇ ਰੂਪ ਵਿੱਚ ਹੋਏ ਘੱਲੂਘਾਰਿਆਂ ’ਚੋਂ ਉਪਜੇ ਅਸਹਿ ਤੇ ਅਸੀਮ ਦੁੱਖ-ਦਰਦਾਂ ਨੇ ਅਜ਼ਾਦੀ ਦੇ ਜਸ਼ਨਾ ਨੂੰ ਵਿਰਲਾਪ ’ਚ ਬਦਲ ਦਿੱਤਾ।
ਗੁਰਭਜਨ ਗਿੱਲ ਤੇ ਉਹਨਾਂ ਪਰਿਵਾਰ, ਰਿਸ਼ਤੇਦਾਰ ਵੰਡ ਕਾਰਨ ਨਾਰੋਵਾਲ(ਪਾਕਿਸਤਾਨ) ਤੋਂ ਉੱਜੜ ਕੇ ਆਏ। ਗਿੱਲ ਲਿਖਦਾ ਹੈ।
ਏਸ ਆਜ਼ਾਦੀ ਅੱਥਰੂ ਦਿੱਤੇ ਜਸ਼ਨ ਨਾ ਨਹੀਂ ਹੋਇਆ।
ਅੱਖੀਆਂ ਦੀ ਮਜ਼ਬੂਰੀ ਮੈਥੋਂ ਹੰਝੂ ਲੁਕਾ ਨਹੀਂ ਹੋਇਆ। (463/1)
ਮੱਥੇ ’ਤੇ ਕਾਲਖ਼ ਦਾ ਟਿੱਕਾ ਲਾ ਗਿਆ ਸੰਨ ਸੰਤਾਲੀ,
ਪੌਣੀ ਸਦੀ ਗੁਜ਼ਾਰ ਕੇ ਸਾਥੋਂ ਇਹ ਵੀ ਲਾਹ ਨਹੀਂ ਹੋਇਆ। (131/9)
ਆਜ਼ਾਦੀ ਦਾ ਮੁਕਤੀ ਮਾਰਗ ਹਾਲੇ ਕਿੰਨੀ ਦੂਰ ਸਵੇਰਾ,
ਥਾਲੀ ਵਿੱਚ ਅਣਚੋਪੜੀਆਂ ਤੇ ਨਾਲ ਅਲੂਣਾ ਸਾਗ ਅਜੇ ਵੀ । (270/2)
ਪੰਜਾਬੀ ਵਿੱਚ ਗ਼ਜ਼ਲ ਦਾ ਦਾਇਰਾ ਵਿਆਪਕ ਹੈ ਤੇ ਇਸ ਨੇ ਮਿੱਥਾਂ ਦੀ ਥਾਂ ਆਪਣੇ ਸ਼ਬਦਾਂ ਨੂੰ ਲੋਕਾਂ ਦੀ ਆਮ ਜ਼ਿੰਦਗੀ ਤੇ ਲੋੜਾਂ ਨਾਲ ਜੋੜ ਲਿਆ ਹੈ। ਪ੍ਰੋ. ਗੁਰਭਜਨ ਗਿੱਲ ਦੇ ਸ਼ਿਅਰਾਂ ਵਿੱਚਂ ਪੰਜਾਬੀਆਂ ਦੇ ਹਰ ਖੇਤਰ ਵਿਚ ਮੱਲਾਂ ਮਾਰਨ ਤੇ ਕੁਰਬਾਨੀਆਂ ਕਰਨ ਦੀ ਬਾਰ ਬਾਰ ਉਸਤਤ ਹੈ।
ਗਿੱਲ ਲਿਖਦਾ ਹੈ।
ਰਣ ਖੇਤਰ ਵਿੱਚ ਖੂਬ ਲੜੇ ਹਾਂ, ਅਤੇ ਲੜਾਂਗੇ ਵੀ ਆਪਾਂ,
ਹੋਇਆ ਕੀ ਜੇ ਬੇਹਥਿਆਰੀ ਧਿਰ ਸਾਡੀ ਫਿਰ ਹਾਰ ਗਈ। (ਪੰਨਾ 20/22)
ਪ੍ਰੋ. ਗੁਰਭਜਨ ਗਿੱਲ ਨਾਪ ਤੋਲ ਕੇ ਗੱਲ ਕਰਨ ਵਾਲਾ ਸੰਜੀਦਾ ਸ਼ਾਇਰ ਹੈ। ਕਵੀ ਦਰਬਾਰਾਂ, ਰੇਡੀਓ ਸਟੇਸ਼ਨ, ਟੀ. ਵੀ. ਦੇ ਮੁਸ਼ਾਇਰਿਆਂ ਵਿਚ ਗ਼ਜ਼ਲ ਪੜ੍ਹਨ ਵੇਲੇ ਉਸ ਦਾ ਅੰਦਾਜ਼ ਬੜਾ ਆਕਰਸ਼ਕ ਹੁੰਦਾ ਹੈ। ਉਹ ਪੰਜਾਬਣਾਂ ਤੇ ਪੰਜਾਬੀ ਗੱਭਰੂਆਂ ਦੀ ਅੱਖਰ ਅੱਖਰ ’ਚ ਬਾਰ ਬਾਰ ਬਾਤ ਪਾਉਦਾ ਹੈ-
ਚਲ ਨੀ ਭੈਣੇ ਆਪਾਂ ਰਲ ਕੇ, ਵੀਰਾਂ ਦੇ ਸੰਗ ਕਦਮ ਵਧਾਈਏ।
ਘਰ ਦੀ ਚਾਰ ਦਿਵਾਰੀ ਅੰਦਰ, ਘਿਰ ਕੇ ਨਾ ਪਿੱਛੇ ਰਹਿ ਜਾਈਏ। (ਪੰਨਾ 459/1)
ਜੇਕਰ ਵਿਦਿਆ ਵਰਤੀ ਹੀ ਨਾ, ਕਿਹੜੇ ਕੰਮ ਕਿਤਾਬਾਂ ਪੜ੍ਹੀਆਂ।
ਬੋਝ ਢੋਂਦਿਆਂ ਉਮਰ ਗੁਜ਼ਾਰੀ, ਟੁੱਟੀਆਂ ਨਾ ਜੰਜ਼ੀਰਾਂ, ਕੜੀਆਂ। (ਸਫ਼ਾ 448/1)
[10/11, 21:23] Gurbhajan Singh Gill Ldh: 2.
ਦੇਸ਼ ਦੇ ਸੰਵਿਧਾਨ ਸਿਰਜਕਾਂ ਨੇ ਦੇਸ਼ ਨੇ ਸੈਂਕੜੇ ਰਜਵਾੜਾ ਸ਼ਾਹੀ ਪਰਿਵਾਰਾਂ ਨੂੰ ਖ਼ਤਮ ਕਰਕੇ ਲੋਕਤੰਤਰਕ ਸ਼ਕਤੀਸ਼ਾਲੀ ਦੇਸ਼ ਦਾ ਨਿਰਮਾਣ ਕੀਤਾ ਸੀ ਪਰ ਅੱਜ ਸਿਆਸੀ ਪਾਰਟੀਆਂ ਦੇ ਪ੍ਰਮੁੱਖ ਨੇਤਾ ਲੋਕ ਰਾਜ ਦੀ ਥਾਂ ਪਰਿਵਾਰਿਕ ਅਤੇ ਫ਼ਿਰਕੂ ਰਾਜ ਸਥਾਪਿਤ ਕਰਨ ਦੀ ਲਾਲਸਾ ਵਿੱਚ ਅੰਨ੍ਹੇ ਹੋਏ ਪਏ ਹਨ।
ਪਰਿਵਾਰਵਾਦ ਦੇ ਇਸ ਰੁਝਾਨ ਕਾਰਨ ਅਜ਼ਾਦੀ ਤੋਂ ਪਹਿਲਾਂ ਰਿਆਸਤੀ ਰਾਜਿਆਂ ਦੀ ਥਾਂ ਅੱਜ ਦੇ ਮੰਤਰੀਆਂ ਅਤੇ ਸੰਸਦ ਮੈਂਬਰਾਂ ਨੇ ਲੈ ਲਈ ਹੈ। ਪ੍ਰੋ. ਗੁਰਭਜਨ ਗਿੱਲ ਇੱਕ ਸੁਹਿਰਦ ਸ਼ਾਇਰ ਹੀ ਨਹੀ ਉਹ ਰਾਜਨੀਤਕ ਚਿੰਤਕ ਵੀ ਹੈ। ਉਹ ਨਿਧੜਕ ਕਹਿੰਦਾ ਹੈ ਕਿ ਸਾਡੇ ਆਗੂ ਅੰਨ੍ਹੇ ਬੋਲ਼ੇ ਹਨ। ਉਹ ਆਪੇ ਸਮੱਸਿਆਵਾਂ ਪੈਦਾ ਕਰਦੇ ਹਨ ਤੇ ਆਪੇ ਫਿਰ ਰੌਲਾ ਪਾਉਦੇ ਹਨ। ਆਗੂ ਦੋਗਲੇ ਹਨ।
ਗੁਰਭਜਨ ਗਿੱਲ ਕਹਿੰਦਾ ਹੈ।
ਦੋਧੇ ਵਸਤਰ ਉਜਲੇ ਚਿਹਰੇ ਬਗਲੇ ਵਾਂਗ ਅਡੋਲ ਖੜ੍ਹੇ,
ਵੇਖ ਪਛਾਣ ਲਵੀਂ ਤੂੰ ਆਪੇ ਮੂੰਹ ਨਕਲੀ ਗੁਰਮੁੱਖਾਂ ਦੇ। ( ਸਫ਼ਾ 61/5)
ਜਾਦੂਗਰ ਦੀ ਸਾਜ਼ਿਸ਼ ਕੋਈ ਨਾ ਜਾਣਦਾ,
ਐਵੇਂ ਭੀੜ ਵਜਾਈ ਜਾਵੇ ਤਾਲੀਆਂ। (ਸਫ਼ਾ 33/7)
ਧਰਤੀ ਅੰਬਰ ਜਾਣ ਫੈਲਦੇ ਮਹਿਲ ਮੁਨਾਰੇ ਖ਼ਾਤਰ,
ਸਾਡੀ ਧਰਤੀ ਸਾਡਾ ਅੰਬਰ ਕਾਹਨੂੰ ਸੁੰਗੜ ਗਿਆ। (ਸਫ਼ਾ 36/6)
ਝੂਠ ਬੋਲਦੇ, ਤੱਕਦੇ, ਸੁਣਦੇ, ਗਾਂਧੀ ਤੇਰੇ ਤਿੰਨੇ ਬੰਦਰ। (ਸਫ਼ਾ 78/4)
ਨਿਰੰਤਰ ਮੁਫ਼ਤਖ਼ੋਰੀ ਅਣਖ਼ ਨੂੰ ਖ਼ੋਰਨ ਦੀ ਸਾਜਿਸ਼ ਹੈ,
ਹਕੂਮਤ ਕਰਨ ਵਾਲੇ ਮਿੱਠੀ ਗੋਲੀ ਦੇ ਕੇ ਮਾਰਨਗੇ। ( ਸਫ਼ਾ117/5)
ਸ਼ਹਿਨਸ਼ਾਹੀ ਕੁਫ਼ਰ ਜਦ ਵੀ ਬੋਲਦਾ ਹੈ।
ਤਖ਼ਤ ਦਾ ਪਾਵਾ ਉਦੋਂ ਹੀ ਡੋਲਦਾ ਹੈ। ( ਸਫਾ412/1)
ਕਦੋਂ ਸਰਕਾਰ ਰਹਿਮਤ ਬਖ਼ਸ਼ਦੀ, ਬਿਨ ਮੁੱਲ ਤਾਰੇ ਤੋਂ,
ਲਵੇ ਕਿਰਦਾਰ ਦੀ ਭੇਟਾ, ਜਦੋਂ ਸਨਮਾਨ ਕਰਦੀ ਹੈ। (ਸਫਾ 122/4)
ਮੁੱਢ ਤੋਂ ਹੀ ਮਨੁੱਖ ਪੇਟ ਪੂਜਾ ਲਈ ਘੁਮੰਤਰੀ ਹੈ। ਦੁਨੀਆਂ ਦੇ 100 ਤੋਂ ਵੱਧ ਦੇਸ਼ਾਂ ਵਿੱਚ ਰੋਜ਼ਗਾਰ ਦੀ ਭਾਲ ਵਿਚ ਪੰਜਾਬੀ ਪਰਵਾਸ ਕਰ ਗਏ ਹਨ। ਪਿਛਲੇ ਦੋ ਤਿੰਨ ਦਹਾਕਿਆਂ ਤੋਂ ਪੰਜਾਬ ਦੀ ਜਵਾਨੀ ਧੜਾ ਧੜ ਪਰਵਾਸ ਕਰੀ ਜਾ ਰਹੀ ਹੈ। ਪਿੱਛੇ ਘਰਾਂ ਵਿਚ ਰਹਿ ਗਏ ਬਜ਼ੁਰਗਾਂ ਦੇ ਦੁੱਖ ਦਰਦ ਨੂੰ ਬਿਆਨਦਾ ਪ੍ਰੋ. ਗੁਰਭਜਨ ਗਿੱਲ ਲਿਖਦਾ ਹੈ-
ਕੱਖ-ਕਾਣ ਦੀ ਰਾਖੀ ਮਾਪੇ ਬੈਠੇ ਨੇ,
ਆਲ੍ਹਣਿਆਂ ’ਚੋਂ ਬੋਟ ਉਡਾਰੀ ਮਾਰ ਗਏ। (ਸਫ਼ਾ 120/2)
ਏਨੇ ਸਾਲ ਬੇਗਾਨੀ ਧਰਤੀ ਖ਼ੋਰ ਖ਼ੋਰ ਕੇ ਪੀਤਾ,
ਹੁਣ ਬਨਵਾਸੀ ਪੁੱਤਰਾਂ ਤਾੲੀਂ ਕਿੰਝ ਪਛਾਨਣ ਮਾਵਾਂ। ( ਸਫਾ 37/6)
ਏਦਾਂ ਗਰਕ ਗਰਕ ਕੇ ਯਾਰੋ ਬਾਕੀ ਰਹਿ ਕੀ ਜਾਊ,
ਵਧਦੀ ਗਈ ਜੇ ਏਦਾਂ ਆਪਣੇ ਗਰਕਣ ਦੀ ਰਫ਼ਤਾਰ। ( ਸਫਾ 32/7)
ਖ਼ੂਨ ਜਿਗਰ ਦਾ ਪਾਉਣਾ ਪੈਂਦਾ, ਸ਼ਬਦ ਸਦਾ ਕੁਰਬਾਨੀ ਮੰਗਦੇ।
ਜੇ ਬੋਲੇ ਤਾਂ ਜਾਨ ਨੂੰ ਖ਼ਤਰਾ, ਨਾ ਬੋਲੋ ਤਾਂ ਸੂਲੀ ਟੰਗਦੇ। (ਸਫਾ 464/1)
ਭਾਰਤ ਵਿਚ ਜ਼ਾਤ-ਪਾਤ ਨੇ ਸਰਬੱਤ ਦੇ ਸਰਬਪੱਖੀ ਵਿਕਾਸ ਅਤੇ ਸਰਬੱਤ ਦੇ ਭਲੇ ਦੀ ਭਾਵਨਾ ਨੂੰ ਨਸ਼ਟ ਕਰਕੇ ਦੇਸ਼ ਵਿਚ ਪਰਜਾਤੰਤਰ ਨੂੰ ਅਸਫ਼ਲ ਬਣਾ ਦਿੱਤਾ ਹੈ। ਸਭ ਪਾਰਟੀਆਂ ਜ਼ਾਤ ਵੇਖ ਕੇ ਟਿਕਟਾਂ ਦਿੰਦੀਆਂ ਹਨ। ਕੋਈ ਵੀ ਆਗੂ ਚਾਹੇ ਕਾਂਗਰਸੀ, ਕਮਿਊਨਿਸਟ, ਸਮਾਜਵਾਦੀ ਜਾਂ ਆਮ ਆਦਮੀ ਕਹਿਲਾਉਣ ਲੱਗੇ, ਪ੍ਰੰਤੂੂ ਉਹ ਆਪਣੀ ਜ਼ਾਤ ਨੂੰ ਛੱਡਕੇ, ਦੂਜੇ ਕਾਂਗਰਸੀ, ਕਮਿਊਨਿਸਟ, ਸਮਾਜਵਾਦੀ ਨਾਲ ਵਿਆਹ ਸਬੰਧ ਬਣਾਉਣ ਲਈ ਬਿਲਕੁਲ ਤਿਆਰ ਨਹੀਂ। ਆਪਾ ਕਿਸੇ ਪਾਸੇ ਵੀ ਮੂੰਹ ਘੁਮਾ ਕੇ ਵੇਖ ਲਈਏ ਜ਼ਾਤ-ਪਾਤ ਅਜਿਹਾ ਭੂਤ ਹੈ ਜੋ ਹਰ ਪਾਸੇ ਤੁਹਾਡੀ ਤਰੱਕੀ ਦਾ ਰਾਹ ਰੋਕੀ ਬੈਠਾ ਹੈ।
ਜਦ ਤੱਕ ਇਸ ਭੂਤ ਦਾ ਖਾਤਮਾ ਨਹੀਂ ਹੁੰਦਾ ਤਦ ਤੱਕ ਆਪ ਰਾਜਨੀਤਕ, ਸਮਾਜਿਕ ਤੇ ਆਰਥਿਕ ਸੁਧਾਰ ਨਹੀਂ ਕਰ ਸਕਦੇ। ਪ੍ਰੋ. ਗੁਰਭਜਨ ਗਿੱਲ ਕਹਿੰਦਾ –
ਜਨਮ, ਜ਼ਾਤ ਤੇ ਨਸਲਾਂ ਦੇ ਅਨੁਸਾਰ ਖ਼ੂਨ ਦਾ ਰੰਗ ਹੋਵੇ,
ਮੂਰਖ਼ ਨੂੰ ਸਮਝਾਵੇ ਕਿਹੜਾ, ਇਹ ਤਾਂ ਗਲਤ ਹਿਸਾਬ ਹੈ। (ਸਫਾ 38/5)
ਪ੍ਰੋ. ਗੁਰਭਜਨ ਗਿੱਲ ਮਹਾਤਮਾ ਬੁੱਧ , ਬਾਬਾ ਫ਼ਰੀਦ, ਗੁਰੂ ਰਵੀਦਾਸ ਜੀ ਭਗਤ ਕਬੀਰ ਅਤੇ ਗੁਰੂ ਨਾਨਕ ਦੇਵ ਜੀ ਤੋਂ ਪ੍ਰਭਾਵਤ ਹੈ। ਉਹ ਮਨੁੱਖ ਨੂੰ ਕਿਸੇ ਅਦਿੱਖ ਸ਼ਕਤੀ ਅਤੇ ਦੇਵੀ ਦੇਵਤਿਆਂ ਦੀ ਪੂਜਾ ਕਰਕੇ ਆਪਣੇ ਦੁੱਖਾਂ ਤੋਂ ਮੁਕਤੀ ਦਾ ਮਾਰਗ ਨਹੀਂ ਦਰਸਾਉਂਦਾ ਬਲਕਿ ਉਹ ਜਾਦੂ ਟੂਣਿਆਂ ਅਤੇ ਰੂੜ੍ਹੀਵਾਦੀ ਵਹਿਮਾਂ ਭਰਮਾਂ ਤੇ ਧਾਰਮਿਕ ਆਡੰਬਰਾਂ ਪ੍ਰਤੀ ਸਿਰਫ਼ ਜਾਗਰਿਤ ਹੀ ਨਹੀ ਕਰਦਾ, ਸਗੋਂ ਰਾਹ ਵੀ ਦਰਸਾਉਦਾ ਹੈ-
ਆਪਣੇ ਮਨ ਦਾ ਵਿਹੜਾ ਜੇ ਤੂੰ ਰੌਸ਼ਨ ਕਰਨਾ ਚਾਹੁੰਦਾ ਏਂ,
ਤਨ ਦੇ ਦੀਵੇ ਅੰਦਰ ਬੱਤੀ ਚੇਤਨਤਾ ਦੀ ਬਾਲ ਜਰਾ। (ਸਫਾ 63/5)
ਤੂੰ ਕਿਸਮਤ ਨੂੰ ਕੋਸ ਨਾ, ਸਭ ਕੁਝ ਵੱਸ ਇਨਸਾਨ ਦੇ।
ਅੰਨ੍ਹੀ ਸੁਰੰਗ ’ਚ ਵੱਸਦੇ, ਚੇਲੇ ਸਭ ਭਗਵਾਨ ਦੇ। ( ਸਫਾ 69/5-6)
ਪਿੱਛੋਂ ਤੋੜਨੇ ਨਾ ਪੈਣ, ਪਹਿਲਾਂ ਬੁੱਤ ਨਾ ਬਣਾਉ।
ਕਦੇ ਮਿੱਟੀ ਦੇ ਦਿਉਤਿਆਂ ਨੂੰ ਫੁੱਲ ਨਾ ਚੜ੍ਹਾਉ। ( ਸਫਾ 429/1)
ਆਮ ਕਹਾਵਤ ਪਹਿਲਾਂ ਵਾਲੀ ਬਦਲ ਗਈ ਏ,
ਅਕਲ ਮਿਲੇ, ਲੱਕੜੀ ਬਿਨ ਲੋਹਾ ਤਰ ਜਾਂਦਾ ਹੈ। ( ਸਫਾ77/4)
ਇੱਕ ਥਾਂ ਖੜ੍ਹੇ ਖਲੋਤੇ ਰਹਿਣਾ, ਮੌਤ ਬਰਾਬਰ,
ਵਗਦੇ ਦਰਿਆ ਵਾਂਗੂ ਆਪਾਂ ਤੁਰਦੇ ਰਹੀਏ। (ਸਫਾ 134/4)
ਪ੍ਰੋ. ਗਿੱਲ ਕਿਰਤ ਦੀ ਲੁੱਟ ਵਿੱਚੋਂ ਉੱਠਦੇ ਵਿਦਰੋਹ ਦਾ ਸ਼ਾਇਰ ਹੈ। ਉਸ ਦੇ ਗੀਤ ਲੋਕਾਂ ਵਾਸਤੇ ਲੋਕਾਂ ਦੇ ਹੀ ਗੀਤ ਹਨ। ਲੋਕ -ਜ਼ਬਾਨ, ਭਾਸ਼ਾ, ਸ਼ੈਲੀ ਉਸ ਦੀ ਰਚਨਾਕਾਰੀ ਦੇ ਹਥਿਆਰ ਹਨ। ਉਹ ਕਿਰਤੀਆਂ ਦੀ ਲੁੱਟ ਤੇ ਸ਼ੋਸ਼ਣ ਤੋਂ ਬਾਖੂਬੀ ਪਰਿਚਿਤ ਹੈ-
ਧਰਤ ਤੇ ਕਿਹੜਾ ਗਿਰਾਂ ਹੈ, ਲੱਭਦਾ ਮੈਂ ਖਪ ਗਿਆਂ,
ਲੋਕ ਜਿੱਥੇ ਹਾਕਮਾਂ, ਲੁੱਟੇ ਨਹੀਂ, ਕੁੱਟੇ ਨਹੀਂ। (ਸਫਾ 109/6)
ਗੁਰਭਜਨ ਗਿੱਲ ਦੇ ਸ਼ਿਅਰ ਸਮਾਜਿਕ ਪ੍ਰਸਥਿਤੀਆਂ, ਲੋਕ ਮਸਲਿਆਂ ਨੂੰ ਉਭਾਰਦੇ ਹੀ ਨਹੀਂ, ਸਗੋਂ ਅਗਲੇ ਸਫਰ ਦੀਆਂ ਔਖੀਆਂ ਵਾਟਾਂ ਨੂੰ ਸਰ ਕਰਨ ਲਈ ਇਕੱਠੇ ਹੋ ਕੇ ਸੰਘਰਸ਼ ਕਰਨ ਲਈ ਵੀ ਪ੍ਰੇਰਦੇ ਵੀ ਹਨ। ਪ੍ਰੋਃ ਗੁਰਭਜਨ ਗਿੱਲ ਲਿਖਦਾ ਹੈ –
ਜਬਰ ਜ਼ੁਲਮ ਦੀ ਪੀਂਘ ਸਿਖ਼ਰ ਜਦ ਪਹੁੰਚੇ ਅੱਤਿਆਚਾਰਾਂ ਤੇ।
ਕਲਮਾਂ ਵਾਲਿਆ! ਉਸ ਪਲ ਸੂਈ ਧਰਿਆ ਕਰ ਸਰਕਾਰਾਂ ਤੇ। (392/1)
ਸਬਰ ਸਿਦਕ ਸੰਤੋਖ ਸਰੋਵਰ, ਜਦ ਕੰਢਿਆਂ ਤੋਂ ਭਰ ਜਾਵੇ।
ਤੁਰ ਪੈਂਦੇ ਨੇ ਲੋਕ ਉਦੋਂ ਹੀ, ਤਰਲਿਆਂ ਤੋਂ ਹਥਿਆਰਾਂ ਤੇ। (392/2)
ਸਿਦਰ-ਸਬੂਰੀ ਜੇ ਹੈ ਪੱਲੇ, ਦਿਲ ਦਰਿਆ ਨੂੰ ਤਰ ਜਾਉਗੇ।
ਕੱਠੀਆਂ ਕਰੋ ਭਰਾਉ ਬਾਹਾਂ, ਕੱਲ-ਮੁ-ਕੱਲ੍ਹੇ ਹਰ ਜਾਉਗੇ। (47/3)
ਪੰਜਾਬੀ ਲੋਕ ਵਿਰਾਸਤ ਅਕਾਡਮੀ ਲੁਧਿਆਣਾ ਵੱਲੋਂ ਪ੍ਰੋ. ਗੁਰਭਜਨ ਗਿੱਲ ਦੀ ਛਾਪੀ ਗਈ ਇਹ 472 ਪੰਨਿਆਂ ਦੀ ਵੱਡ ਆਕਾਰੀ ਪੁਸਤਕ ‘ਅੱਖਰ ਅੱਖਰ’ ਸਲਾਉਣਯੋਗ ਤੇ ਪੜ੍ਹਨਯੋਗ ਵੀ ਹੈ। ਇਸ ਗ਼ਜ਼ਲ ਪੁਸਤਕ ਨੂੰ ਸਿੰਘ ਬਰਦਰਜ਼, ਸਿਟੀ ਸੈਂਟਰ, ਅੰਮ੍ਰਿਤਸਰ ਤੋਂ ਮੰਗਵਾਇਆ ਜਾ ਸਕਦਾ ਹੈ। ਇਸ ਦੀ ਕੀਮਤ 1000/-ਰੁਪਏ ਰੱਖੀ ਗਈ ਹੈ। ਪਰ ਪੰਜਾਬੀ ਭਵਨ ਲੁਧਿਆਣਾ ਸਥਿਤ ਅਕਾਡਮੀ ਦੇ ਪੁਸਤਕ ਵਿਕਰੀ ਕੇਦਰ ਤੋਂ 40 ਫੀ ਸਦੀ ਘੱਟ ਕੀਮਤ ਤੇ ਖ਼ਰੀਦੀ ਜਾ ਸਕਦੀ ਹੈ।
ਐੱਸ ਐੱਲ ਵਿਰਦੀ ਐਡਵੋਕੇਟ
ਸੰਪਰਕਃ 98145 17499
ਜੀ ਟੀ ਰੋਡ, ਸਿਵਲ ਕੋਰਟਸ,
ਫਗਵਾੜਾ(ਕਪੂਰਥਲਾ)