ਪੰਜਾਬ
ਮੁੱਖ ਮੰਤਰੀ ਵੱਲੋਂ ਮਹਾਨ ਕ੍ਰਿਕਟਰ ਬਿਸ਼ਨ ਸਿੰਘ ਬੇਦੀ ਦੇ ਦੇਹਾਂਤ ਉਤੇ ਦੁੱਖ ਦਾ ਪ੍ਰਗਟਾਵਾ
ਕ੍ਰਿਕਟ ਪ੍ਰੇਮੀਆਂ ਲਈ ਵੱਡਾ ਘਾਟਾ ਦੱਸਿਆ
ਚੰਡੀਗੜ੍ਹ, 23 ਅਕਤੂਬਰ
ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਭਾਰਤੀ ਕ੍ਰਿਕਟ ਟੀਮ ਦੇ ਸਾਬਕਾ ਕਪਤਾਨ ਤੇ ਪ੍ਰਸਿੱਧ ਸਪਿੰਨਰ ਬਿਸ਼ਨ ਸਿੰਘ ਬੇਦੀ ਦੇ ਸੋਮਵਾਰ ਨੂੰ ਨਵੀਂ ਦਿੱਲੀ ਵਿੱਚ ਹੋਏ ਦੇਹਾਂਤ ਉਤੇ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ।
ਆਪਣੇ ਸ਼ੋਕ ਸੰਦੇਸ਼ ਵਿੱਚ ਮੁੱਖ ਮੰਤਰੀ ਨੇ ਇਸ ਮਹਾਨ ਸਪਿੰਨਰ ਦੇ ਦੇਹਾਂਤ ਨੂੰ ਕ੍ਰਿਕਟ ਪ੍ਰੇਮੀਆਂ ਲਈ ਵੱਡਾ ਘਾਟਾ ਦੱਸਿਆ ਹੈ। ਉਨ੍ਹਾਂ ਕਿਹਾ ਕਿ ਭਾਰਤੀ ਕ੍ਰਿਕਟ ਦੇ ਇਤਿਹਾਸ ਵਿੱਚ ਆਪਣੇ ਸਾਥੀ ਚਾਰ ਸਪਿੰਨਰਾਂ ਨਾਲ ਮਿਲ ਕੇ ਕੀਤੀ ਘਾਤਕ ਸਪਿੰਨ ਗੇਂਦਬਾਜ਼ੀ ਲਈ ਬੇਦੀ ਨੂੰ ‘ਸਰਦਾਰ ਆਫ਼ ਸਪਿੰਨ’ ਦੇ ਨਾਂ ਨਾਲ ਜਾਣਿਆ ਜਾਂਦਾ ਹੈ। ਭਗਵੰਤ ਸਿੰਘ ਮਾਨ ਨੇ ਕਿਹਾ ਕਿ ਬਿਸ਼ਨ ਸਿੰਘ ਬੇਦੀ ਦਾ ਦੇਹਾਂਤ ਵਿਸ਼ਵ ਕ੍ਰਿਕਟ ਵਿੱਚ ਭਾਰਤੀ ਸਪਿੰਨਰਾਂ ਦੇ ਸੁਨਿਹਰੀ ਦੌਰ ਦਾ ਅੰਤ ਹੈ।
ਮੁੱਖ ਮੰਤਰੀ ਨੇ ਕਿਹਾ ਕਿ ਇਸ ਪ੍ਰਸਿੱਧ ਸਪਿੰਨਰ ਨੂੰ ਖੇਡ ਇਤਿਹਾਸ ਵਿੱਚ ਭਾਰਤੀ ਕ੍ਰਿਕਟ ਲਈ ਪਾਏ ਲਾਮਿਸਾਲ ਯੋਗਦਾਨ ਲਈ ਹਮੇਸ਼ਾ ਯਾਦ ਰੱਖਿਆ ਜਾਵੇਗਾ। ਉਨ੍ਹਾਂ ਕਿਹਾ ਕਿ ਬਿਸ਼ਨ ਸਿੰਘ ਬੇਦੀ ਦੇ ਦੇਹਾਂਤ ਨਾਲ ਕ੍ਰਿਕਟ ਦੇ ਖੇਤਰ ਵਿੱਚ ਇਕ ਵੱਡਾ ਖੱਪਾ ਪਿਆ ਹੈ, ਜੋ ਨੇੜ ਭਵਿੱਖ ਵਿੱਚ ਪੂਰਿਆ ਨਹੀਂ ਜਾ ਸਕੇਗਾ। ਇਸ ਦੁੱਖ ਦੀ ਘੜੀ ਵਿੱਚ ਪੀੜਤ ਪਰਿਵਾਰ, ਸਨੇਹੀਆਂ ਤੇ ਸਕੇ-ਸਬੰਧੀਆਂ ਤੇ ਹਜ਼ਾਰਾਂ ਕ੍ਰਿਕਟ ਪ੍ਰੇਮੀਆਂ ਨਾਲ ਹਮਦਰਦੀ ਪ੍ਰਗਟਾਉਂਦਿਆਂ ਭਗਵੰਤ ਸਿੰਘ ਮਾਨ ਨੇ ਪਰਮਾਤਮਾ ਅੱਗੇ ਅਰਦਾਸ ਕੀਤੀ ਕਿ ਉਹ ਪਰਿਵਾਰ ਨੂੰ ਭਾਣਾ ਮੰਨਣ ਦਾ ਬਲ ਅਤੇ ਵਿਛੜੀ ਰੂਹ ਨੂੰ ਆਪਣੇ ਚਰਨਾਂ ਵਿੱਚ ਨਿਵਾਸ ਬਖ਼ਸ਼ਣ।